ਯੂਕੇ ਅਦਾਲਤ ਨੇ ਤਿੰਨ ਸਿੰਘਾਂ ਨੂੰ ਰਿਹਾ ਕਰ ਹਿੰਦੁਸਤਾਨ ਹਵਾਲੇ ਕਰਣ ਤੋਂ ਕੀਤੀ ਨਾਂਹ

ਯੂਕੇ ਅਦਾਲਤ ਨੇ ਤਿੰਨ ਸਿੰਘਾਂ ਨੂੰ ਰਿਹਾ ਕਰ ਹਿੰਦੁਸਤਾਨ ਹਵਾਲੇ ਕਰਣ ਤੋਂ ਕੀਤੀ ਨਾਂਹ

* ਯੂਕੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਮੁੜ ਚਲਵਾਇਆ ਸੀ ਕੇਸ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਅੰਦਰ ਸਾਲ 2009 ਵਿਚ ਹਿੰਦ ਸਰਕਾਰ ਦੇ ਕਹਿਣ ਤੇ ਰੁਲਦਾ ਕੇਸ ਵਿਚ ਨਾਮਜਦ ਕੀਤੇ ਗਏ ਗੁਰਸ਼ਰਨ ਸਿੰਘ, ਅੰਮ੍ਰਿਤਵੀਰ ਸਿੰਘ ਅਤੇ ਪਿਆਰਾ ਸਿੰਘ ਜੋ ਕਿ ਪਿਛਲੇ ਕੁਝ ਮਹੀਨੇ ਪਹਿਲਾ ਯੂਕੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਲੋਂ ਮੁੜ ਇਨ੍ਹਾਂ ਨੂੰ ਹਿੰਦੁਸਤਾਨ ਹਵਾਲੇ ਕਰਣ ਦਾ ਕੇਸ ਚਲਵਾਇਆ ਗਿਆ ਸੀ ਜਿਸ ਕਰਕੇ ਇਨ੍ਹਾਂ ਨੂੰ ਯੂਕੇ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਜੇਲ੍ਹ ਬੰਦ ਕੀਤਾ ਗਿਆ ਸੀ, ਅਜ ਅਦਾਲਤ ਵਲੋਂ ਕੇਸ ਖਾਰਿਜ਼ ਕਰਦਿਆਂ ਉਨ੍ਹਾਂ ਨੂੰ ਰਿਹਾ ਕਰ ਦਿਤਾ ਹੈ । ਮਾਮਲੇ ਦੀ ਜਾਣਕਾਰੀ ਦੇਂਦਿਆਂ ਭਾਈ ਅਮਰੀਕ ਸਿੰਘ ਨੇ ਦਸਿਆ ਕਿ 2011 ਵਿਚ ਵੀ ਇਨ੍ਹਾਂ ਨੂੰ ਅਦਾਲਤ ਵਲੋਂ ਕੇਸ ਚਲਣ ਲਾਇਕ ਨਹੀਂ ਹੈ ਕਹਿ ਕੇ ਛਡਿਆ ਗਿਆ ਸੀ ਤੇ ਜਦੋ ਡੋਮੋਨਿਕ ਰਾਬ ਹਿੰਦੁਸਤਾਨ ਫੇਰੀ ਤੇ ਗਿਆ ਸੀ ਤਦ ਹਿੰਦ ਸਰਕਾਰ ਵਲੋਂ ਮੁੜ ਇਨ੍ਹਾਂ ਨੂੰ ਹਿੰਦੁਸਤਾਨ ਭੇਜਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਮੁੜ ਕੇਸ ਚਲਵਾਇਆ ਸੀ । ਅਦਾਲਤ ਵਲੋਂ ਮਾਮਲੇ ਨੂੰ ਹਰ ਪੱਖੋਂ ਦੇਖਣ ਤੋਂ ਬਾਅਦ ਇਹ ਕੇਸ ਖਾਰਿਜ਼ ਕਰ ਦਿਤਾ ਹੈ ਜਿਸ ਨਾਲ ਸਿੱਖ ਕੌਮ ਅਤੇ ਇਨ੍ਹਾਂ ਦੇ ਪਰਿਵਾਰ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ । ਭਾਈ ਅਮਰੀਕ ਸਿੰਘ ਅਤੇ ਹੋਰ ਸਮੂਹ ਸਿੰਘਾਂ ਨੇ ਯੂਕੇ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਅਸਤੀਫੇ ਦੀ ਮੰਗ ਕੀਤੀ ਹੈ .ਅਜ ਅਦਾਲਤ ਅੰਦਰ ਕੇਸ ਦਾ ਫ਼ੈਸਲਾ ਸੁਣਾਇਆ ਜਾਣਾ ਸੀ ਜਿਸ ਕਰਕੇ ਅਦਾਲਤ ਦੇ ਬਾਹਰ ਬਹੁਤ ਵਡੀ ਗਿਣਤੀ ਵਿਚ ਸੰਗਤ ਹਾਜ਼ਿਰ ਸੀ ।