ਵਿਪਸਾਅ ਵਲੋਂ ਉੱਘੇ ਸ਼ਾਇਰ ਪ੍ਰੋ. ਸੁਰਿੰਦਰ ਸੀਰਤ ਨਾਲ ਯਾਦਗਰੀ ਰੂ-ਬ-ਰੂ ਮਹਿਫ਼ਲ
ਲੇਖਕ ਦੀ ਸ਼ਨਾਖ਼ਤ ਪਿੱਛੇ ਉਸਦਾ ਪਿਛੋਕੜ ਹੁੰਦਾ ਹੈ-ਪ੍ਰੋ. ਸੁਰਿੰਦਰ ਸੀਰਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕੈਲੀਫ਼ੋਰਨੀਆ: ( ਦਲਜੀਤ ਸਿੰਘ ਸਰਾਂ): ਹਰ ਲੇਖਕ ਦੀ ਜੋ ਸ਼ਨਾਖ਼ਤ ਹੁੰਦੀ ਹੈ ਉਹਦੇ ਪਿੱਛੇ ਉਸਦਾ ਪਿਛੋਕੜ ਹੁੰਦਾ ਹੈ। ਜੇ ਮੈਂ ਸਾਹਿਤ ਦੇ ਮੈਦਾਨ ਵਿੱਚ ਆਇਆ ਹਾਂ ਤਾਂ ਇਸ ਪਿੱਛੇ ਮੇਰਾ ਪਿਛੋਕੜ ਹੈ।” ਇਹ ਵਿਚਾਰ ਉੱਘੇ ਸ਼ਾਇਰ ਪ੍ਰੋ. ਸੁਰਿੰਦਰ ਸੀਰਤ ਨੇ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵਲੋਂ ਉਹਨਾਂ ਨਾਲ ਰਚਾਏ ਰੂ ਬ ਰੂ ਸਮਾਗਮ ਦੌਰਾਨ ਪ੍ਰਗਟਾਏ। ਵਰ੍ਹਿਆਂ ਤੋਂ ਸਾਹਿਤਕ ਖੇਤਰ ਵਿੱਚ ਸਰਗਰਮ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਲੋਂ ਮਹਿਰਾਨ ਰੈਸਟੋਰੈਂਟ ਵਿੱਚ ਲੰਘੇ ਦਿਨੀਂ ਸਜਾਈ ਗਈ ਇਸ ਬਹੁਤ ਹੀ ਦਿਲਚਸਪ ਸਾਹਿਤਕ ਮਹਿਫ਼ਲ ਦੀ ਸ਼ੁਰੂਆਤ ਸੰਜੀਦਾ ਗਾਇਕ ਸੁਖਦੇਵ ਸਾਹਿਲ ਨੇ ਸੁਰਿੰਦਰ ਸੀਰਤ ਦੀ ਮਕਬੂਲ ਗ਼ਜ਼ਲ “ਉਦਾਸ ਗਲੀਆਂ ਉਜਾੜ ਮੰਜ਼ਰ, ਮੇਰੇ ਗਿਰਾਂ ਦਾ ਨਸੀਬ ਹੋਇਆ, ਹਵਾ ਹਵਾ ਦੀ ਬਣੀ ਹੈ ਵੈਰਨ, ਸਮਾਂ ਸਮੇਂ ਦਾ ਰਕੀਬ ਹੋਇਆ” ਦੇ ਗਾਇਨ ਨਾਲ ਕੀਤੀ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੀਫ਼ੋਰਨੀਆ ਦੇ ਸਰਗਰਮ ਮੈਂਬਰ ਜਗਜੀਤ ਨੌਸ਼ਹਿਰਵੀ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਜਾਣਕਾਰੀ ਅਨੁਸਾਰ ਪਹਿਲੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਵਿਪਸਾਅ ਦੇ ਪ੍ਰਧਾਨ ਕੁਲਵਿੰਦਰ ਨੇ ਸਭਨਾਂ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸੁਖਵਿੰਦਰ ਕੰਬੋਜ, ਡਾ. ਗੁਰਪ੍ਰੀਤ ਧੁੱਗਾ, ਸੁਰਜੀਤ ਸਖੀ ਤੇ ਕੁਲਵਿੰਦਰ ਨੇ ਸੁਰਿੰਦਰ ਸੀਰਤ ਅਤੇ ਮਿਸਿਜ਼ ਸੀਰਤ ਨੂੰ ਫ਼ੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਰੂ-ਬ-ਰੂ ਸਮਾਗਮ ਵਿੱਚ ਜੀ ਆਇਆਂ ਕਿਹਾ। ਮਹਿਫ਼ਲ ਦੇ ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸੀਰਤ ਦੇ ਨਾਲ ਕੈਨੇਡਾ ਤੋਂ ਪਹੁੰਚੇ ਕਵੀ ਰਾਜਵੰਤ ਰਾਜ, ਦਵਿੰਦਰ ਗੌਤਮ, ਯੂ.ਕੇ ਤੋਂ ਨਛੱਤਰ ਭੋਗਲ ਅਤੇ ਕੁਲਵਿੰਦਰ ਸ਼ਸੋਭਤ ਹੋਏ।
ਰੂ-ਬ-ਰੂ ਦੌਰਾਨ ਸੀਰਤ ਨੇ ਆਪਣੀਆਂ ਕਵਿਤਾਵਾਂ ਅਤੇ ਸ਼ੇਅਰਾਂ ਦੇ ਹਵਾਲੇ ਦਿੰਦਿਆਂ ਆਪਣੇ ਸਾਹਿਤਕ ਸਫ਼ਰ ਦੀ ਬਾਤ ਸੁਣਾਉਣੀ ਸ਼ੁਰੂ ਕੀਤੀ। ‘ਕੁਝ ਇਵੈਂ ਜਾਂਦਾ ਏ ਗੁਆਚ’ ਕਵਿਤਾ ਰਾਹੀਂ ਉਹਨਾਂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵਿਚਲੇ ਆਪਣੇ ਪਿੰਡ “ਸੈਦਪੁਰਾ” ਦੀ ਪੱਤੀ ਕਲਾਲ ਪੁਰਾ ਵਿੱਚ ਗੁਜ਼ਾਰੇ ਬਚਪਨ ਅਤੇ ਜਵਾਨੀ ਦੇ ਦਿਨਾਂ ਨਾਲ ਸਾਂਝ ਪਵਾਈ। ਕਵਿਤਾ ਵਿੱਚ ਪਿੰਡ ਦਾ ਦ੍ਰਿਸ਼ ਏਨੀਂ ਸੰਜੀਦਗੀ ਨਾਲ ਬਿੰਬਾਂ ਵਿੱਚ ਰਚਿਆ ਕਿ ਸਰੋਤਿਆਂ ਦਾ ਮਨ ਟੁੰਬਿਆ । ਉਹਨਾਂ ਦੱਸਿਆ, “ਮਾਂ ਮੇਰੇ ਬਚਪਨ ਵਿੱਚ ਹੀ ਗੁਜ਼ਰ ਚੁੱਕੀ ਸੀ, ਮੈਨੂੰ ਉਸਦੀ ਕੋਈ ਯਾਦ ਨਹੀਂ। ਨਿਹਾਲੋ ਦਾਦੀ ਅੰਮਾਂ ਹੀ ਮੇਰੀ ਮਾਂ ਦੀ ਜਗ੍ਹਾ ਸੀ। ਪਿੰਡ ਰਹਿੰਦੇ ਵਕਤ ਹੀ ਮੈਂ ਚੰਗੇ ਵਿਦਿਆਰਥੀ ਅਤੇ ਖਿਡਾਰੀ ਵਜੋਂ ਸਾਹਮਣੇ ਆ ਰਿਹਾ ਸੀ ਜਿਸ ਕਰਕੇ ਮੇਰੇ ਪਿੰਡ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਕਿਹਾ, ‘ਮੈਨੂੰ ਬਚਪਨ ਤੋਂ ਹੀ ਲਿਖਣ ਅਤੇ ਗਾਉਣ ਦਾ ਸ਼ੌਕ ਸੀ। ਜਦੋਂ ਮੈਂ ਸ਼੍ਰੀਨਗਰ ਤੋਂ ਪਿੰਡ ਆਉਂਦਾ ਸੀ ਤਾਂ ਲੋਕ ਮੇਰੇ ਕੋਲੋਂ ਸ਼ਬਦ ਜਾਂ ਕਵਿਤਾ ਸੁਣਨ ਲਈ ਉਡੀਕਦੇ ਰਹਿੰਦੇ ਸੀ।”
ਅਮਰ ਸਿੰਘ ਡਿਗਰੀ ਕਾਲਜ ਤੋਂ ਬੀ.ਐਸ.ਸੀ. ਅਤੇ ਕਸ਼ਮੀਰ ਯੂਨੀਵਰਸਿਟੀ, ਸ਼੍ਰੀਨਗਰ ਤੋਂ ਫਿਜ਼ਿਕਸ ਦੀ ਐੱਮ.ਐੱਸ.ਸੀ. ਕਰਨ ਤੋਂ ਬਾਅਦ ਮੈਂ ਪਬਲਿਕ ਸਰਵਿਸ ਕਮਿਸ਼ਨ ਦਾ ਇਮਤਿਹਾਨ ਪਾਸ ਕਰਕੇ ਕਾਲਜ ਲੈਕਚਰਾਰ ਲਈ ਸਿਲੈੱਕਟ ਹੋ ਗਿਆ ਅਤੇ ਮੇਰੀ ਨਿਯੁਕਤੀ ਜੀ ਜੀ ਐੱਮ ਸਾਇੰਸ ਕਾਲਜ ਜੰਮੂ ਵਿੱਚ ਬਤੌਰ ਫਿਜ਼ਿਕਸ ਦੇ ਲੈਕਚਰਾਰ ਹੋ ਗਈ। ਕੁਝ ਸਾਲ ਬਾਅਦ ਏਥੇ ਹੀ ਮੈਂ ਫਿਜ਼ਿਕਸ ਦਾ ਅਸਿੱਸਟੈਂਟ ਪ੍ਰੋਫੈਸਰ ਬਣਿਆ। ਇਥੇ ਰਹਿੰਦਿਆਂ ਆਪਣਾ ਵਿਹਲਾ ਵਕਤ ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਬਿਤਾਉਣ ਲੱਗਾ। ਜੰਮੂ ਵਿੱਚ ਪੰਜਾਬੀ ਲੇਖਕ ਸਭਾ ਸੀ ਜੋ ਅੱਜ ਤੱਕ ਚਲਦੀ ਹੈ। ਯੂਨੀਵਰਸਿਟੀ ਅਤੇ ਲੇਖਕ ਸਭਾ ਪੰਜਾਬੀ ਸਾਹਿਤਕ ਸਰਗਰਮੀਆਂ ਦਾ ਖਾਸ ਕੇਂਦਰ ਸਨ॥ ਉਹਨਾਂ ਆਪਣੀ ਕਵਿਤਾ “ਪੱਥਰ ਦਰ ਪੱਥਰ” ਸਰੋਤਿਆਂ ਨਾਲ ਸਾਂਝੀ ਕੀਤੀ।
ਪ੍ਰੋਫੈਸਰ ਸੀਰਤ ਨੇ ਕਿਹਾ ਕਿ ਉਹ ਆਪਣੇ ਸਾਹਿਤਕ ਅਤੇ ਨਿੱਜੀ ਜੀਵਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਇਸ ਮੌਕੇ ਉਹਨਾਂ ਵਲੋਂ ਪੇਸ਼ ਕਲਾਮ ਦੇ ਕੁੱਝ ਅੰਸ਼:
ਰਾਤ ਦੀ ਓਟ ’ਚ ਹੁੰਦਾ ਏ ਤੇਰਾ ਚੀਰ ਹਰਣ,
ਜਾਗਦੇ ਰਹਿਣਾ ਤੇ ਹੋਰਾਂ ਨੂੰ ਜਗਾ ਕੇ ਰੱਖਣਾ।
ਬੰਦ ਨੇ ਤਾਕ, ਐਪਰ ਝਾਕ ਰਹੇ ਬਾਹਰ ਸਭੋ
ਆਪਣੀ ਔਕਾਤ ਦੇ ਕੁਝ ਪਰਦੇ ਗਿਰਾ ਕੇ ਰੱਖਣਾ।
ਇਹ ਨਗਰ ਮੇਰਾ ਨਾ ਜ਼ਮੀ ਮੇਰੀ/ਨਾ ਹੀ ਮੇਰਾ ਕੋਈ ਅਕਾਸ਼ ਹੈ।
ਮੈਂ ਅਦਿੱਸ ਦਿਸ਼ਾ ਵਿੱਚ ਭਟਕ ਰਿਹਾ/ਮੈਨੂੰ ਆਪਣੇ ਘਰ ਦੀ ਤਲਾਸ਼ ਹੈ।
ਸੁਰਿੰਦਰ ਸੀਰਤ ਦਿਲਕਸ਼ ਤਰੰਨਮ ਦਾ ਮਾਲਕ ਵੀ ਹੈ। ਰੂ-ਬ-ਰੂ ਦੇ ਅੰਤ ਵਿੱਚ ਸੀਰਤ ਨੇ ਆਪਣੀ ਤਾਜ਼ਾ ਗ਼ਜ਼ਲ ਤਰੰਨਮ ਵਿੱਚ ਗਾ ਕੇ ਸਰੋਤਿਆਂ ਦੀ ਦਾਦ ਵਸੂਲ ਕੀਤੀ :
ਜੋ ਨਿਗ੍ਹਾ ਮਿਰੀ ਚ ਹੈ ਛਬ ਤੇਰੀ, ਕੋਈ ਰੰਗ ਉਸ ‘ਚ ਕਿਵੇਂ ਭਰਾਂ।
ਨਾ ਤੂੰ ਸਾਹਮਣੇ ਮਿਰੇ ਆ ਸਕੇਂ, ਤੇਰੀ ਆਰਤੀ ਮੈਂ ਕਿਵੇਂ ਕਰਾਂ।
ਗੱਲਬਾਤ ਦੌਰਾਨ ਪ੍ਰੋ. ਸੀਰਤ ਨੇ ਦੱਸਿਆ, ‘ਮੈਂ ਪਹਿਲੇ ਕਵਿਤਾ ਲਿਖਦਾ ਸੀ। ਤਰੰਨਮ ‘ਚ ਗੀਤ ਕਹੇ ਜਾਂਦੇ ਸੀ ਪਰ ਸਾਨੂੰ ਗ਼ਜ਼ਲ ਦੀ ਬਹੁਤੀ ਸੂਝ ਨਹੀਂ ਸੀ। ਜੰਮੂ ਵਿੱਚ ਕਲਚਰਲ ਅਕੈਡਮੀ ਨੇ ਆਲ ਇੰਡੀਆ ਪੰਜਾਬੀ ਮੁਸ਼ਾਇਰਾ ਕਰਵਾਇਆ ਜਿਸ ਵਿੱਚ ਉਸਤਾਦ ਗ਼ਜ਼ਲਗੋ ਪ੍ਰਿੰ. ਤਖ਼ਤ ਸਿੰਘ ਵੀ ਸ਼ਾਮਲ ਸਨ। ਮੈਂ ਤਰੰਨਮ ਵਿੱਚ ਗ਼ਜ਼ਲ ਸੁਣਾਈ ਜੋ ਆਰੂਜ਼ ਤੇ ਪੂਰੀ ਨਹੀਂ ਸੀ। ਏਥੇ ਤਖਤ ਸਿੰਘ ਨੇ ਮੈਨੂੰ ਗ਼ਜ਼ਲ ਬਾਰੇ ਸਮਝਾਇਆ ਅਤੇ ਮੈਨੂੰ ਆਪਣਾ ਸ਼ਾਗਿਰਦ ਬਣਾ ਲਿਆ। ਇਸੇ ਦੌਰਾਨ ਸੁਰਜੀਤ ਸਖੀ ਨੇ ਵੀ ਪ੍ਰਿੰ. ਤਖ਼ਤ ਸਿੰਘ ਨੂੰ ਆਪਣਾ ਉਸਤਾਦ ਧਾਰ ਲਿਆ। ਮੈਂ ਛੇਤੀ ਗ਼ਜ਼ਲ ਬਾਰੇ ਸਿੱਖਿਆ ਅਤੇ ਗ਼ਜ਼ਲ ਲਿਖਣ ਲਗ ਪਿਆ। ਉਹਨਾਂ ਕਿਹਾ ਕਿ ਸ਼ਾਇਰ ਵਲੋਂ ਜੋ ਵੀ ਸਿਨਫ਼ ਵਰਤੀ ਜਾਏ ਉਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਏ।
1990ਵਿਆਂ ਦੇ ਸ਼ੁਰੂ ਵਿੱਚ ਅਸਿੱਸਟੈਂਟ ਪ੍ਰੋਫੈਸਰ ਦੀ ਨੌਕਰੀ ਤੋਂ ਵਾਲੰਟਰੀ ਰਿਟਾਇਰਮੈਂਟ ਲੈ ਕੇ ਉਹ ਅਮਰੀਕਾ ਆ ਗਏ। ਉਸ ਵਕਤ ਕੈਲੀਫ਼ੋਰਨੀਆ ਵਿੱਚ ਕੋਈ ਸਾਹਿਤਕ ਮਾਹੌਲ ਨਹੀਂ ਸੀ। ਏਥੇ ਆ ਕੇ ਸਭ ਤੋਂ ਪਹਿਲਾਂ ਸੁਖਵਿੰਦਰ ਕੰਬੋਜ, ਕਹਾਣੀਕਾਰ ਅਮਰਜੀਤ ਦਰਦੀ ਅਤੇ ਸੁਖਦਰਸ਼ਨ ਧਾਲੀਵਾਲ ਨਾਲ ਮੁਲਾਕਾਤ ਹੋਈ।
ਇਸ ਮੌਕੇ ਸੁਖਵਿੰਦਰ ਕੰਬੋਜ ਨੇ ਕਿਹਾ ਕਿ ਲੇਖਕ ਬੜੀ ਦੂਰ ਦੂਰ ਰਹਿੰਦੇ ਸੀਗੇ। ਇਹ ਸਿਫਤ ਸੀਰਤ ਸਾਹਿਬ ਦੀ ਹੈ ਕਿ ਇਹਨਾਂ ਪਹਿਲੀ ਵਾਰੀ ਯਤਨ ਕਰਕੇ, ਆਪਣਾ ਸਮਾਂ ਕੱਢ ਕੇ,, ਪੱਲਿਓਂ ਪੈਸੇ ਅਤੇ ਗੈਸ ਖਰਚ ਕੇ,...ਇਹ ਪੰਜਾਬੀ ਸਾਹਿਤ ਸਭਾ(ਕੈਲੀਫ਼ੋਰਨੀਆ) ਦੇ ਜਨਮ ਦਾਤਾ ਨੇ। ਮੈਂ ਇਹਨਾਂ ਦੇ ਨਾਲ ਜ਼ਰੂਰ ਤੁਰਿਆਂ ਪਰ ਇਹ ਆਈਡੀਆ ਇਹਨਾਂ ਦਾ ਸੀ।“ ਕੰਬੋਜ ਨੇ ਜਾਣਕਾਰੀ ਦਿੱਤੀ ਕਿ ਸੀਰਤ ਦਾ ਗ਼ਜ਼ਲ ਸੰਗ੍ਰਹਿ “ਅਰੂਪੇ ਅੱਖਰਾਂ ਦਾ ਅਕਸ” ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਪੜਾਇਆ ਜਾ ਰਿਹਾ ਹੈ।
ਬਾਅਦ ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਬਨਣ ਵੇਲੇ ਵੀ ਪ੍ਰੋ.ਸੀਰਤ ਇਸਦਾ ਮੁੱਢਲਾ ਅਤੇ ਮੋਢੀ ਮੈਂਬਰ ਬਣਿਆ, ਵਿਪਸਾਅ ਦੇ ਪ੍ਰਧਾਨ ਅਤੇ ਕਾਰਜਕਰਨੀ ਮੈਂਬਰ ਵਜੋਂ ਕਈ ਸਾਲ ਜ਼ਿੰਮੇਵਾਰੀ ਨਿਭਾਈ ਹੈ। ਉਹ ਪਿਛਲੇ 30 ਸਾਲ ਤੋਂ ਕੈਲੀਫ਼ੋਰਨੀਆ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ। ਕੈਲੀਫ਼ੋਰਨੀਆ ਵਿੱਚ ਹੋਈਆਂ ਬਹੁਤ ਸਾਰੀਆਂ ਸਾਹਿਤਿਕ ਕਾਨਫਰੰਸਾਂ ਦੇ ਉਹ ਰੂਹੇ-ਰਵਾਂ ਰਹੇ ਹਨ। ਉਹਨਾਂ ਦੀਆਂ ਪੰਜਾਬੀ ਗ਼ਜ਼ਲ ਅਤੇ ਕਵਿਤਾ ਦੀਆਂ ਅੱਧੀ ਦਰਜ਼ਨ ਤੋਂ ਵੱਧ ਕਿਤਾਬਾਂ ਛੱਪ ਚੁੱਕੀਆਂ ਹਨ। ਉਹਨਾਂ ਦਾ ਨਾਵਲ “ਭਰਮ ਭੁਲੱਈਆਂ” ਸਾਹਿਤਕ ਹਲਕਿਆਂ ਵਿੱਚ ਕਾਫੀ ਚਰਚਤ ਹੈ, ਜਿਸਦਾ ਦੂਜਾ ਸੰਸਕਰਣ ਵੀ ਛਪ ਗਿਆ ਹੈ। ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ “ਪੂਰਬ ਪੱਛਮ ਤੇ ਪਰਵਾਸ” ਵੀ ਛਪ ਚੁੱਕਾ ਹੈ। ਡਾ. ਦਰਿਆ ਵੱਲੋਂ ਉਹਨਾਂ ਦੀਆਂ ਸਾਹਿਤਕ ਉੱਪਲਭਦੀਆਂ ਬਾਰੇ ਲਿਖੇ ਗਏ ਲੇਖਾਂ ਨੂੰ ਇਕੱਠਿਆਂ ਕਰਕੇ ਕਿਤਾਬ “ਸੀਰਤ – ਸਿਰਜਣਾ ਅਤੇ ਸੰਵਾਦ” ਸੰਪਾਦਿਤ ਕੀਤੀ ਗਈ ਹੈ।
ਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਕੈਲੀਫ਼ੋਰਨੀਆ ਵਿੱਚ ਲੇਖਕਾਂ ਨੂੰ ਸਾਹਿਤ ਸੰਸਥਾਵਾਂ ਰਾਹੀਂ ਜੋੜਨ ਵਿੱਚ ਸੀਰਤ ਨੇ ਜੋ ਅਹਿਮ ਭੂਮਿਕਾ ਨਿਭਾਈ ਹੈ ਉਸਦੀ ਪ੍ਰਸੰਸਾ ਕਰਨੀ ਬਣਦੀ ਹੈ। ਕੈਲੀਫ਼ੋਰਨੀਆ ਵਿੱਚ ਚੱਲੀ ਇਸ ਪੰਜਾਬੀ ਸਾਹਿਤਕ ਲਹਿਰ ਦੇ ਪ੍ਰੋ. ਸੀਰਤ ਤੋਂ ਇਲਾਵਾ ਡਾ. ਗੁਰੂਮੇਲ ਸਿੱਧੂ, ਸੁਖਵਿੰਦਰ ਕੰਬੋਜ ਤੇ ਹਰਜਿੰਦਰ ਕੰਗ ਸਮੇਤ ਮੋਢੀ ਰਹੇ ਹਨ। ਹਰਜਿੰਦਰ ਕੰਗ ਨੇ ਸੀਰਤ ਬਾਰੇ ਕਿਹਾ “ਕੋਈ ਕੰਮ ਕਰਨਾ ਹੋਰ ਗੱਲ ਆ, ਪਰ ਕੰਮ ਨੂੰ ਜਨੂੰਨ ਨਾਲ ਕਰਨਾ ਹੋਰ ਗੱਲ ਏ। ਬੁਲੰਦੀਓਂ ਪਰ ਪਹੁੰਚਣਾ ਕੋਈ ਕਮਾਲ ਨਹੀਂ, ਬੁਲੰਦੀਓਂ ਪਰ ਠਹਿਰਣਾ ਕਮਾਲ ਹੋਤਾ ਹੈ। ਮੇਰੇ ਖਿਆਲ ਅਨੁਸਾਰ ਸੀਰਤ ਨੇ ਟਿਹ ਕਮਾਲ ਕੀਤਾ ਹੈ। ਸ਼ਬਦ ਦੇ ਉਹ ਨਾਲ ਨਾਲ ਰਹੇ ਨੇ। ਸ਼ਬਦ ਨੂੰ ਜਿਉਂਦੇ ਜਿਉਂਦੇ ਸ਼ਬਦ ਵਰਗੇ ਹੀ ਹੋ ਗਏ ਨੇ। “
ਪ੍ਰਿੰ.ਹਜ਼ੂਰਾ ਸਿੰਘ ਨੇ ਸੀਰਤ ਵਾਸਤੇ ਲਿਖੀ ਆਪਣੀ ਨਜ਼ਮ ਗਾ ਕੇ ਸੁਣਾਈ। ਹਰਭਜਨ ਢਿਲੋਂ ਨੇ ਸੀਰਤ ਨੂੰ ਰੂ-ਬ-ਰੂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸੀਰਤ ਸਭ ਸਾਹਿਤਕਾਰਾਂ ਨੂੰ ਜੋੜਨ ਵਾਲਾ ਹੈ।
ਸਮਾਗਮ ਵਿੱਚ ਸੁਰਿੰਦਰ ਸੀਰਤ ਦੀ ਧਰਮ ਪਤਨੀ ਹਰਮਿੰਦਰ ਕੌਰ ਆਹਲੂਵਾਲੀਆ ਦੇ ਨਾਲ ਬੇਟੀਆਂ ਹਰਜਸਲੀਨ, ਜੀਨੂੰ ਅਤੇ ਦੋਹਤਰੀ ਰਾਨੀਆ ਵੀ ਹਾਜ਼ਰ ਸਨ।
ਸਮਾਗਮ ਦੌਰਾਨ ਚਾਰ ਕਿਤਾਬਾਂ - ਕਨੇਡਾ ਵਾਸੀ ਸ਼ਾਇਰਾ ਬਿੰਦੂ ਦਲਵੀਰ ਕੌਰ ਦੀ ਸ਼ਾਇਰੀ “ਹਰਫ਼ ਇਲਾਹੀ”, ਕਨੇਡਾ ਵਾਸੀ ਗ਼ਜ਼ਲਕਾਰ ਪਾਲ ਢਿਲੋਂ ਦਾ ਗ਼ਜ਼ਲ ਸੰਗ੍ਰਹਿ ‘ਸੁਪਨੇ ਵਾਲੀਆਂ ਅੱਖਾਂ’, ਫਰਿਜ਼ਨੋ ਵਾਸੀ ਅਸ਼ਰਫ਼ ਗਿੱਲ ਦੀ ਕਿਤਾਬ “ਪੰਜਾਬੀ ਗ਼ਜ਼ਲਾਂ ਦੀ ਚੋਣਵੀਂ ਕਿਤਾਬ” ਅਤੇ ਪੰਜਾਬ ਤੋਂ ਮਹੰਤ ਹਰਪਾਲ ਦਾਸ ਜੀ ਦੀ “ਲਫ਼ਜ਼ਾਂ ਦੀ ਲੋਅ’ ਲੋਕ ਅਰਪਣ ਕੀਤੀਆਂ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਮਹਿਮਾਨ ਲੇਖਕ ਰਾਜਵੰਤ ਰਾਜ, ਦਵਿੰਦਰ ਗੌਤਮ ਅਤੇ ਨਛੱਤਰ ਸਿੰਘ ਭੋਗਲ ਨਾਲ ਵੀ ਸਰੋਤਿਆਂ ਦੀ ਮੁਲਾਕਾਤ ਹੋਈ। ਵਿਪਸਾਅ ਮੈਂਬਰਾਂ ਵਲੋਂ ਤਿੰਨਾਂ ਆਏ ਮਹਿਮਾਨ ਲੇਖਕਾਂ ਦਾ ਲੋਈਆਂ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਕੁਲਵਿੰਦਰ ਨੇ ਹਾਜ਼ਰ ਮਹਿਮਾਨਾਂ, ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਕਵੀ ਦਰਬਾਰ ਵਿੱਚ ਹਰਭਜਨ ਢਿੱਲੋਂ, ਪ੍ਰਿੰਸੀਪਲ ਹਜ਼ੂਰਾ ਸਿੰਘ, ਐਸ਼ ਕੁਮ ਐਸ਼, ਚਰਨਜੀਤ ਸਿੰਘ ਪੰਨੂੰ, ਗਗਨਦੀਪ ਮਾਹਲ, ਸੰਤੋਖ ਸਿੰਘ ਮਿਨਹਾਸ, ਹਰਜਿੰਦਰ ਕੰਗ, ਅਵਤਾਰ ਗੋਂਦਾਰਾ, ਜੋਤੀ ਸਿੰਘ, ਨੰਨੂ ਸਹੋਤਾ, ਮਨਦੀਪ ਗੋਰਾ, ਰਮਨ, ਮਹਿੰਦਰ ਸਿੰਘ ਸੰਘੇੜਾ, ਬੀਬੀ ਸੁਰਜੀਤ ਕੌਰ, ਹਰਪ੍ਰੀਤ ਕੌਰ ਧੂਤ, ਮੁਕੇਸ਼ ਕੁਮਾਰ, ਸੁਰਜੀਤ ਸਖੀ, ਕੁਲਵਿੰਦਰ, ਲਾਜ ਨੀਲਮ ਸੈਣੀ, ਸੁਖਵਿੰਦਰ ਕੰਬੋਜ, ਅਤੇ ਜਗਜੀਤ ਨੌਸ਼ਹਿਰਵੀ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਤਤਿੰਦਰ ਕੌਰ ਨੇ ਕਹਾਣੀ ਪੇਸ਼ ਕੀਤੀ। ਹੋਰਨਾਂ ਤੋਂ ਇਲਾਵਾ ਪ੍ਰੋ. ਸੁਖਦੇਵ ਸਿੰਘ, ਸੁਰਿੰਦਰ ਸਿੰਘ ਧਨੋਆ, ਪ੍ਰੋ. ਬਲਜਿੰਦਰ ਸਿੰਘ ਸਵੈਚ, ਸਰਬਜੀਤ ਕੌਰ ਚੀਮਾ, ਮਨਜੀਤ ਪਲਾਹੀ, ਦਰਸ਼ ਢਿਲੋਂ ਅਤੇ ਹੋਰ ਸਾਹਿਤ ਪ੍ਰੇਮੀ ਸਮਾਗਮ ਵਿੱਚ ਸ਼ਾਮਲ ਹੋਏ।
Comments (0)