ਖਾਲੜਾ ਮਿਸ਼ਨ ਕਮੇਟੀ ਨੇ ਪੰਜਵੜ ਦੀਆਂ ਅਸਥੀਆਂ ਭਾਰਤ ਲਿਆਉਣ ਦੀ ਸਰਕਾਰ ਕੋਲੋਂ ਕੀਤੀ ਮੰਗ

ਖਾਲੜਾ ਮਿਸ਼ਨ ਕਮੇਟੀ ਨੇ ਪੰਜਵੜ ਦੀਆਂ ਅਸਥੀਆਂ ਭਾਰਤ ਲਿਆਉਣ ਦੀ ਸਰਕਾਰ ਕੋਲੋਂ  ਕੀਤੀ ਮੰਗ

ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਵਲੋਂ ਮਾਰੇ ਗਏ ਭਾਈ ਪੰਜਵੜ ਦਾ ਲਾਹੌਰ ਵਿਚ ਹੋਇਆ ਸਸਕਾਰ

*ਪਰਿਵਾਰ ਤੇ ਖਾੜਕੂ ਹਲਕਿਆਂ ਵਿਚ ਸੋਗ ਦੀ ਲਹਿਰ

*ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ.ਵਲੋਂ ਭਾਈ ਪੰਜਵੜ ਦੀ ਸ਼ਹਾਦਤ ਬਾਰੇ ਉੱਚ ਪੱਧਰੀ ਜਾਂਚ ਦੀ ਮੰਗ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ-ਲੰਘੇ ਦਿਨ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਵਲੋਂ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਜੌਹਰ ਟਾਊਨ ਵਿਚ ਮਾਰੇ ਗਏ ਖ਼ਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐਫ.) ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਉਰਫ਼ ਮਲਿਕ ਸਰਦਾਰ ਸਿੰਘ(63) ਦਾ ਬੀਤੇ ਐਤਵਾਰ ਸਵੇਰੇ ਲਾਹੌਰ ਵਿਚ ਦਰਿਆ ਰਾਵੀ ਨੇੜੇ ਬੰਦ ਰੋਡ 'ਤੇ ਬਾਬੂ ਸਾਬੂ ਆਬਾਦੀ ਵਿਚਲੇ ਬਣੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ ।ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਵਲੋਂ ਪੰਜਵੜ ਦੇ ਸਸਕਾਰ ਮੌਕੇ ਸਿਰਫ਼ ਇਕ ਪਾਕਿਸਤਾਨੀ ਸਿੱਖ ਆਗੂ ਤੇ ਗੁਰਦੁਆਰਾ ਸਿੰਘ -ਸਿੰਘਣੀਆਂ ਦੇ ਗ੍ਰੰਥੀ ਰਣਜੀਤ ਸਿੰਘ ਰਾਜਸਥਾਨੀ ਫੈਣੀ ਨੂੰ ਹੀ ਸ਼ਾਮਿਲ ਹੋਣ ਦੀ ਮਨਜ਼ੂਰੀ ਦਿੱਤੀ ਗਈ ।ਸਸਕਾਰ ਤੋਂ ਪਹਿਲਾਂ ਅੰਤਿਮ ਅਰਦਾਸ ਗ੍ਰੰਥੀ ਰਣਜੀਤ ਸਿੰਘ ਨੇ ਕੀਤੀ । ਕੁਝ ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਲਗਪਗ ਇਕ ਹਫ਼ਤੇ ਤੋਂ ਹੱਤਿਆਰੇ ਭਾਈ ਪੰਜਵੜ੍ਹ ਦੀ ਰਿਹਾਇਸ਼ ਦੇ ਆਸ-ਪਾਸ ਇਲਾਕੇ ਦੀ ਰੇਕੀ ਕਰ ਰਹੇ ਸਨ ।ਉੱਚ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਿੱਖ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਸੀ, ਉਹ ਸੋਸਾਇਟੀ ਵਿਚ ਸਰਦਾਰ ਸਿੰਘ ਦੇ ਨਾਂ ਨਾਲ ਰਹਿ ਰਿਹਾ ਸੀ।ਪਰਾਪਟੀ ਡੀਲਰ ਵਜੋਂ ਜਾਣਿਆ ਜਾਂਦਾ ਸੀ।

 ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਈ. ਐਸ. ਆਈ. ਨੇ ਪਾਕਿ ਵਿਚ ਰਹਿ ਰਹੇ ਬਾਕੀ ਭਾਰਤੀ ਖਾੜਕੂਆਂ ਅਤੇ ਗੈਂਗਸਟਰਾਂ ਨੂੰ ਵੀ ਆਪਣੇ ਪੁਰਾਣੇ ਟਿਕਾਣੇ ਬਦਲਣ ਅਤੇ ਅਗਲੇ 6 ਮਹੀਨਿਆਂ ਤੱਕ ਕੋਈ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ |

ਯਾਦ ਰਹੇ ਕਿ ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਝਬਾਲ ਥਾਣੇ ਦੇ ਤਹਿਤ ਆਉਂਦੇ ਪੰਜਵੜ ਪਿੰਡ ਦੇ ਰਹਿਣ ਵਾਲੇ ਸਨ ।ਪੰਜਾਬ ਸੰਤਾਪ ਦੌਰ ਦੌਰਾਨ ਉਹ 1986 ਵਿੱਚ ਆਪਣੇ ਚਾਚੇ ਦੇ ਬੇਟੇ ਲਾਭ ਸਿੰਘ ਦੇ ਨਾਲ ਖਾਲਿਸਤਾਨ ਕਮਾਂਡੋ ਫੋਰਸ ਵਿੱਚ ਸ਼ਾਮਲ ਹੋ ਗਿਆ ਸੀ । ਉਸ ਤੋਂ ਪਹਿਲਾਂ ਉਹ ਕੌ-ਆਪਰੇਟਿਵ ਬੈਂਕ ਵਿੱਚ ਕੰਮ ਕਰਦਾ ਸੀ । ਭਾਰਤੀ ਸੁਰੱਖਿਆ ਏਜੰਸੀਆਂ ਨੇ ਭਾਈ ਲਾਭ ਸਿੰਘ ਮੁਖੀ ਖਾਲਿਸਤਾਨ ਕਮਾਡੋ ਫੋਰਸ ਨੂੰ ਮਾਰ ਦਿੱਤਾ ਸੀ ਉਸ ਤੋਂ ਬਾਅਦ 1990 ਵਿੱਚ ਪੰਜਵੜ ਨੇ ਖਾਲਿਸਤਾਨ ਕਮਾਂਡੋ ਫੋਰਸ ਦੀ ਕਮਾਨ ਸੰਭਾਲੀ ਅਤੇ ਪਾਕਿਸਤਾਨ ਚੱਲਾ ਗਿਆ । ਹਾਲਾਂਕਿ ਪਾਕਿਸਤਾਨ ਸਰਕਾਰ ਉਨ੍ਹਾਂ ਦੇ ਉੱਥੇ ਹੋਣ ਤੋਂ ਇਨਕਾਰ ਕਰਦੀ ਰਹੀ । 1999 ਵਿੱਚ ਚੰਡੀਗੜ੍ਹ ਪਾਸਪੋਰਟ ਦਫਤਰ ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਪੰਜਵੜ ਦਾ ਨਾਂ ਸਾਹਮਣੇ ਆਇਆ ਸੀ । ਇਸ ਵਿੱਚ 4 ਲੋਕ ਜਖ਼ਮੀ ਹੋਏ ਸਨ।ਉਹ ਸਾਬਕਾ ਫ਼ੌਜ ਮੁਖੀ ਜਨਰਲ ਏ. ਐਸ. ਵੈਦਿਆ ਦੇ ਕਤਲ ਤੇ ਲੁਧਿਆਣਾ ਵਿਚ ਦੇਸ਼ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਲਈ ਵੀ ਲੋੜੀਂਦਾ ਸੀ ।2020 ਵਿੱਚ ਬਲਵਿੰਦਰ ਸਿੰਘ ਸੰਧੂ ਦੇ ਕਤਲ ਵਿੱਚ ਵੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਨਾਂ ਹੀ ਸਾਹਮਣੇ ਆਇਆ ਸੀ । ਕੇਸੀਐਫ ’ਤੇ ਵੀ ਭਾਰਤ ਵਿਚ ਯੂਏਪੀਏ ਕਾਨੂੰਨ ਤਹਿਤ ਪਾਬੰਦੀ ਲੱਗੀ ਹੋਈ ਹੈ।ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 ਵਿੱਚ 9 ਲੋਕਾਂ ਦੀ ਲਿਸਟ ਤਿਆਰ ਕੀਤੀ ਸੀ ਜਿਸ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਂ 8ਵੇਂ ਨੰਬਰ ‘ਤੇ ਸੀ । ਇਸ ਲਿਸਟ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚੀਫ ਵਧਾਵਾ ਸਿੰਘ ਬੱਬਰ ਦਾ ਨਾਂ ਵੀ ਸੀ ਜੋ ਕਿ ਤਰਨਤਾਰਨ ਦੇ ਦਾਸੂਵਾਲ ਪਿੰਡ ਦੇ ਰਹਿਣ ਵਾਲੇ ਸਨ । ਪੰਜਵੜ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਸਰਗਰਮ ਨਹੀਂ ਸੀ, ਪਰ ਲਾਹੌਰ ਉਸ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਤੇ ਉਹ ਪਾਕਿਸਤਾਨ ਵਿਚ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖ਼ਲਾਈ ਦੇਣ ਵਿਚ ਵੀ ਸ਼ਾਮਲ ਰਿਹਾ। ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਉਹ ਹਥਿਆਰ-ਅਸਲਾ ਸਪਲਾਈ ਕਰਨ ਤੇ ਮਗਰੋਂ ਭਾਰਤ ਵਿਚ ਘੁਸਪੈਠ ਕਰਵਾ ਕੇ ‘ਵੀਆਈਪੀਜ਼’ ਅਤੇ ਕਈ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਿਚ ਵੀ ਸ਼ਾਮਲ ਰਿਹਾ ਸੀ। ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੰਜਵੜ 'ਤੇ ਪੰਜ ਲੱਖ ਦਾ ਇਨਾਮ ਰੱਖਿਆ ਸੀ। 

ਉਸ ਦੇ ਤਿੰਨ ਭਰਾ ਬਲਦੇਵ ਸਿੰਘ, ਸਰਬਜੀਤ ਸਿੰਘ ਵਾਸੀ ਪਰਮਜੀਤ ਸਿੰਘ ਪੰਜਵੜ, ਥਾਣਾ ਝਬਾਲ ਦੇ ਪਿੰਡ ਪੰਜਵੜ ਪਿੰਡ ਵਿੱਚ ਖੇਤੀ ਕਰਦੇ ਹਨ। ਜਦ ਕਿ ਅਮਰਜੀਤ ਸਿੰਘ ਬੈਂਕ ਤੋਂ ਸੇਵਾਮੁਕਤ ਹੈ। ਪੰਜਵੜ ਦੇ ਇੱਕ ਭਰਾ ਰਾਜਵਿੰਦਰ ਸਿੰਘ ਅਤੇ ਮਾਤਾ ਮਹਿੰਦਰ ਕੌਰ ਨੂੰ ਪੁਲਿਸ ਨੇ ਮਾਰ ਦਿੱਤਾ ਸੀ।ਭਾਈ ਪੰਜਵੜ (62) ਦੀ ਪਤਨੀ ਆਪਣੇ ਦੋ ਪੁੱਤਰਾਂ ਮਨਬੀਰ ਸਿੰਘ (22), ਰਾਜਨ ਸਿੰਘ (20) ਨਾਲ ਜਰਮਨ ਵਿੱਚ ਰਹਿੰਦੀ ਸੀ, ਜਿਨ੍ਹਾਂ ਦੀ ਕਰੀਬ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ। 

ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਕਰਮ

ਭਾਈ ਪਰਮਜੀਤ ਸਿਘ ਪੰਜਵੜ ਬਾਰੇ ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਉਹ ਨਿੱਘੇ ਸੁਭਾਅ ਤੇ ਦਿ੍ੜ੍ਹ ਇਰਾਦੇ ਵਾਲੇ ਖ਼ਾਲਿਸਤਾਨੀ ਜਰਨੈਲ ਸਨ ।ਉਹਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਜਥੇਦਾਰ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਮਹਾਂਬੀਰ ਸਿੰਘ ਸੁਲਤਾਨਵਿੰਡ ਆਦਿ ਨੇ ਕਿਹਾ ਕਿ ਭਾਈ ਪੰਜਵੜ ਨੇ ਕੌਮੀ ਆਜ਼ਾਦੀ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਈ ਹੈ । 

ਇਸੇ ਦੌਰਾਨ ਪੰਥਕ ਸੇਵਕ ਸ਼ਖ਼ਸੀਅਤਾਂ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਲਾਲ ਸਿੰਘ ਅਕਾਲਗੜ੍ਹ, ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਰਜਿੰਦਰ ਸਿੰਘ ਮੁਗ਼ਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਹਰਦੀਪ ਸਿੰਘ ਮਹਿਰਾਜ, ਮਨਜੀਤ ਸਿੰਘ ਫਗਵਾੜਾ ਤੇ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ, ਜਿਨ੍ਹਾਂ ਖਾੜਕੂ ਸੰਘਰਸ਼ ਦੌਰਾਨ ਇਕ ਯੋਧੇ ਵਾਲਾ ਜੀਵਨ ਜੀਵਿਆ, ਦੀ ਸ਼ਹੀਦੀ ਦੀ ਘਟਨਾ ਨੂੰ ਦੁਸ਼ਮਣ ਦੇ ਵੱਡੇ ਤੇ ਗੰਭੀਰ ਹਮਲੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਤੇ ਸਮੁੱਚੇ ਖ਼ਾਲਸਾ ਪੰਥ ਨੂੰ ਆਪਸੀ ਇਤਫ਼ਾਕ ਕਾਇਮ ਕਰਨ ਦੀ ਜ਼ਰੂਰਤ ਹੈ |

ਭਾਈ ਪਰਮਜੀਤ ਸਿੰਘ ਪੰਜਵੜ ਦੀਆਂ ਅਸਥੀਆਂ ਭਾਰਤ ਲਿਆ ਕੇ ਪਰਿਵਾਰ ਨੂੰ ਸੌਂਪਣ ਦੀ ਖਾਲੜਾ ਮਿਸ਼ਨ ਕਮੇਟੀ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਪਰਿਵਾਰ ਰਹਿੰਦੀਆਂ ਰਸਮਾਂ ਆਪਣੇ ਹੱਥੀਂ ਨਿਭਾਅ ਸਕੇ । ਖਾਲੜਾ ਮਿਸ਼ਨ ਕਮੇਟੀ ਨੇ ਦੱਸਿਆ ਕਿ ਭਾਈ ਸਾਹਿਬ ਦੇ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ 15 ਮਈ ਨੂੰ ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਪੰਜਵੜ ਵਿਖੇ ਪਾਏ ਜਾਣਗੇ।

ਬਰਤਾਨੀਆ ਵਿਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਿੱਖ ਕੌਮ ਪ੍ਰਤੀ ਕੀਤੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਗਿਆ ਕਿ ਪੰਜਾਬ ਪੁਲਿਸ ਵਲੋਂ ਭਾਈ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿ ਉਸ ਨੇ ਸਿੱਖ ਜੁਝਾਰੂ ਭਾਈ ਪੰਜਵੜ ਨੂੰ ਜਨਮ ਦਿੱਤਾ ਸੀ। ਭਾਈ ਪੰਜਵੜ ਦੇ ਰੂਪੋਸ਼ ਜੀਵਨ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਮੌਤ ਦੀ ਉਚ ਪੱਧਰੀ ਜਾਂਚ ਲਈ ਸਮੂਹ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਭਾਰਤੀ ਏਜੰਸੀਆਂ ਦਾ ਕਾਰਾ ਜਾਪਦਾ ਹੈ।ਭਾਈ ਹਰਮੀਤ ਸਿੰਘ ਪੀਐਚਡੀ ਨਾਲ ਅਜਿਹਾ ਵਾਪਰਿਆ ਸੀ।ਇਸ ਸੰਬੰਧੀ ਪਾਕਿ ਸਰਕਾਰ ਡੂੰਘੀ ਜਾਂਚ ਕਰੇ।