ਅਮਰੀਕਾ ਵਿਚ ਗੰਭੀਰ ਹੋ ਰਹੀ ਸਮੂਹਿਕ ਕਤਲੇਆਮ ਦੀ ਸਮੱਸਿਆ, ਪਿਛਲੇ ਸਾਲ 50% ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ਵਿਚ ਗੰਭੀਰ ਹੋ ਰਹੀ ਸਮੂਹਿਕ ਕਤਲੇਆਮ ਦੀ ਸਮੱਸਿਆ, ਪਿਛਲੇ ਸਾਲ 50% ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ

* ਰਾਸ਼ਟਰਪਤੀ ਨੇ ਹਥਿਆਰਾਂ ਦੀ ਖਰੀਦ ਸਬੰਧੀ ਬਿੱਲ ਤੁਰੰਤ ਪਾਸ ਕਰਨ ਲਈ ਕਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ   

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਪਿਛਲੇ ਹਫ਼ਤੇ ਜਾਰਜੀਆ ਦੇ ਮਸਾਜ਼ ਕੇਂਦਰਾਂ ਉਪਰ ਹੋਏ ਹਮਲਿਆਂ ਦੌਰਾਨ ਮਾਰੇ ਗਏ 8 ਵਿਅਕਤੀ ਤੇ ਲੰਘੇ ਸੋਮਵਾਰ ਕੋਲੋਰਾਡੋ ਦੇ ਇਕ ਗਰੌਸਰੀ ਸਟੋਰ ਵਿਚ ਹੋਈ ਗੋਲੀਬਾਰੀ ਵਿਚ ਹੋਈਆਂ 10 ਮੌਤਾਂ ਤੋਂ ਅਮਰੀਕਾ ਵਿਚ ਸਮੂਹਿਕ ਕਤਲੇਆਮ ਦੀ ਗੰਭੀਰ ਹੋ ਰਹੀ ਸਮੱਸਿਆ ਦਾ ਪਤਾ ਲੱਗਦਾ ਹੈ। ਨਿਰੰਤਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਇਹ ਵੀ ਸੰਕੇਤ ਦਿੰਦੀਆਂ ਹਨ ਕਿ ਇਸ ਸਮੱਸਿਆ ਉਪਰ ਜੇਕਰ ਕਾਰਗਰ ਢੰਗ ਨਾਲ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ। 2020 ਵਿਚ 2019 ਦੀ ਤੁਲਨਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਤਕਰੀਬਨ 50% ਵਾਧਾ ਹੋਇਆ ਹੈ। 'ਗੰਨ ਵਾਇਲੈਂਸ ਆਰਕੀਵ ਸਟੈਟਿਕਸ' ਅਨੁਸਾਰ 2019 ਵਿਚ ਸਮੂਹਿਕ ਕਤਲੇਆਮ ਦੀਆਂ 417 ਘਟਨਾਵਾਂ ਵਾਪਰੀਆਂ ਸਨ ਜੋ 2020 ਵਿਚ ਵਧ ਕੇ 611 ਹੋ ਗਈਆਂ। ਇਕਲੇ ਜੂਨ 2020 ਵਿਚ ਗੋਲੀਬਾਰੀ ਦੀਆਂ 95 ਘਟਨਾਵਾਂ ਵਾਪਰੀਆਂ। 2021 ਵਿਚ 22 ਮਾਰਚ ਤੱਕ ਗੋਲੀਬਾਰੀ ਦੀਆਂ 103 ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ 4 ਸਾਲਾਂ ਦੀ ਪਹਿਲੀ ਤਿਮਾਹੀ ਨਾਲ ਤੁਲਨਾ ਕਰੀਏ ਤਾਂ ਇਹ 53% ਜਿਆਦਾ ਹਨ। 2020 ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ 513 ਜਾਨਾਂ ਗਈਆਂ ਸਨ ਜੋ 2019 ਦੀ ਤੁਲਨਾ ਵਿਚ 96 ਜਿਆਦਾ ਹਨ। ਇਕ ਸਮਾਜਿਕ ਸੰਸਥਾ 'ਐਵਰੀਟਾਊਨ ਫਾਰ ਗੰਨ ਸੇਫਟੀ' ਜੋ ਗੰਨ ਹਿੰਸਾ ਘਟਾਉਣ ਲਈ ਕੰਮ ਕਰਦੀ ਹੈ, ਦੇ ਡਾਇਰੈਕਟਰ ਸਾਰਾਹ ਬਰਡ ਸ਼ਾਪਰਸ ਦਾ ਕਹਿਣਾ ਹੈ ਕਿ ' ਹਿੰਸਾ ਕਿਉਂ ਹੋ ਰਹੀ ਹੈ ਇਸ ਨੂੰ ਲੈ ਕੇ ਖੱਬੇ ਤੇ ਸੱਜੇ ਪੱਖੀ ਲੋਕਾਂ ਨੂੰ ਲੈ ਕੇ ਕਈ ਤਰਾਂ ਦੇ ਸਿਧਾਂਤਾਂ ਦੀ ਗੱਲ ਹੈ ਰਹੀ ਹੈ ਪਰੰਤੂ ਇਸ ਬਾਰੇ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਪਰ ਇਕ ਗੱਲ ਸਾਫ ਹੈ ਕਿ ਇਹ ਸਾਲ ਬਹੁਤ ਖਤਰਨਾਕ ਹੋਣ ਵਾਲਾ ਹੈ।''

ਰਾਸ਼ਟਰਪਤੀ ਦੀ ਕਾਂਗਰਸ ਨੂੰ ਅਪੀਲ-ਕੋਲੋਰਾਡੋ ਵਿਚ ਵਾਪਰੀ ਸਮੂਹਿਕ ਕਤਲੇਆਮ ਦੀ ਘਟਨਾ ਉਪਰੰਤ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਾਂਗਰਸ ਨੂੰ ਕਿਹਾ ਹੈ ਕਿ ਹਥਿਆਰਾਂ ਦੀ ਖਰੀਦ ਸਬੰਧੀ ਪਿਛੋਕੜ ਦੀ ਜਾਂਚ ਵਿੱਚ ਚੋਰ ਮੋਰੀਆਂ ਨੂੰ ਖਤਮ ਕਰਨ ਤੇ ਅਸਾਲਟ ਹਥਿਆਰਾਂ ਤੇ ਉੱਚ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ ਉਪਰ ਰੋਕ ਲਾਉਣ ਲਈ ਤੁਰੰਤ ਬਿੱਲ ਪਾਸ ਕੀਤਾ ਜਾਵੇ। ਵਾਈਟ ਹਾਊਸ ਤੋਂ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਨੇ ਕਿਹਾ ਹੈ ਕਿ ' ਮੈ ਹੋਰ ਉਡੀਕ ਨਹੀਂ ਕਰ ਸਕਦਾ, ਭਵਿੱਖ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਮੈ ਪ੍ਰਤੀਨਿੱਧ ਸਦਨ ਤੇ ਸੈਨੇਟ ਵਿਚਲੇ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਰੰਤ ਕਾਰਵਾਈ ਕਰਨ।' ਬਾਇਡੇਨ ਨੇ ਕਿਹਾ ਹੈ 'ਉਹ ਤੇ ਫਸਟ ਲੇਡੀ ਜਿਲ ਬਾਇਡੇਨ ਕੋਲੋਰਾਡੋ ਦੀ ਘਟਨਾ ਤੋਂ ਬੁਰੀ ਤਰਾਂ ਝੰਬੇ ਗਏ ਹਨ। ਕਲਪਨਾ ਕਰੋ ਉਹ ਪਰਿਵਾਰ ਕਿਸ ਤਰਾਂ ਮਹਿਸੂਸ ਕਰ ਰਹੇ ਹੋਣਗੇ ਜਿਨਾਂ ਦੇ ਪਿਆਰਿਆਂ ਨੂੰ ਖੋਹ ਲਿਆ ਗਿਆ ਹੈ।' ਉਨਾਂ ਕਿਹਾ ਕਿ ਇਕ ਰਾਸ਼ਟਰਪਤੀ ਵਜੋਂ ਅਮਰੀਕੀ ਲੋਕਾਂ ਨੂੰ ਸੁਰਖਿਅਤ ਕਰਨ ਲਈ ਮੈ ਸਾਰੇ ਸਾਧਨਾਂ ਦੀ ਵਰਤੋਂ ਕਰਨ ਜਾ ਰਿਹਾ ਹਾਂ।''

ਕੋਲੋਰਾਡੋ ਕਾਂਡ ਦੇ ਦੋਸ਼ੀ ਵਿਰੁੱਧ 10 ਹੱਤਿਆਵਾਂ ਦੇ ਦੋਸ਼- ਕੋਲੋਰਾਡੋ ਸੁਪਰਮਾਰਕਿਟ ਵਿਚ ਗੋਲੀ ਚਲਾ ਕੇ 10 ਲੋਕਾਂ ਦੀਆਂ ਜਾਨਾਂ  ਲੈਣ ਵਾਲੇ 21 ਸਾਲਾ ਅਹਿਮਦ ਅਲ ਅਲੀਵੀ ਅਲੀਸਾ ਜੋ ਕਿ ਡੈਨਵਰ ਨੇੜੇ ਅਵਾਡਾ ਦਾ ਰਹਿਣ ਵਾਲਾ ਹੈ, ਵਿਰੁੱਧ ਫਸਟ ਡਿਗਰੀ 10 ਹੱਤਿਆਵਾਂ ਕਰਨ ਦੇ ਦੋਸ਼ ਲਾਏ ਗਏ ਹਨ। ਮਾਰੇ ਗਏ ਵਿਅਕਤੀ 20 ਤੋਂ 65 ਸਾਲ ਦੀ ਉਮਰ ਦੇ ਸਨ। ਘਟਨਾ ਤੋਂ ਇਕ ਘੰਟੇ ਬਾਅਦ ਹੀ ਸਟੋਰ ਵਿਚੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਸ਼ੀ ਦੇ ਸੱਜੇ ਪੱਟ ਉਪਰ ਗੋਲੀ ਵੱਜੀ ਹੈ ਜਿਸ ਦਾ ਹਸਪਤਾਲ ਵਿਚ ਇਲਾਜ਼ ਹੋ ਰਿਹਾ ਹੈ। ਬੋਲਡਰ ਪੁਲਿਸ ਮੁੱਖੀ ਮਾਰਿਸ ਹੈਰੋਲਡ ਨੇ ਕਿਹਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੂੰ ਕਿਸੇ ਨੇ ਗੋਲੀ ਮਾਰੀ।