ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਿਬਾ ਨੇ ਸੰਭਾਲਿਆ ਮੋਰਚਾ 

ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਿਬਾ ਨੇ ਸੰਭਾਲਿਆ ਮੋਰਚਾ 

 ਕਿਸਾਨ ਯੂਨੀਅਨ ਨੇਤਾਵਾਂ ਤੇ ਸਿਖ ਨੌਜਵਾਨਾਂ ਦੀ ਏਕਤਾ ਦੀ ਸੰਭਾਵਨਾ ...    

  ਅੰਮ੍ਰਿਤਸਰ ਟਾਈਮਜ਼ ਬਿਊਰੋ                         

ਜਲੰਧਰ : ਕਿਸਾਨ ਸੰਘਰਸ਼ ਵਿਚ ਸ਼ਹੀਦ  ਨਵਰੀਤ ਸਿੰਘ ਦੇ ਦਾਦਾ ਨੇ ਕਿਸਾਨ ਯੂਨੀਅਨ ਲੀਡਰਾਂ ਤੇ ਸਿਖ ਨੌਜਵਾਨਾਂ ਵਿਚ ਏਕਤਾ ਦੀ ਜਿੰਮੇਵਾਰੀ ਸੰਭਾਲ ਲਈ ਹੈ।  ਉਹਨਾਂ ਦਾ ਕਹਿਣਾ ਸੀ ਕਿ ਇਹ ਏਕਤਾ ਜਲਦੀ ਹੋ ਜਾਵੇਗੀ ਤੇ ਸਿਖ ਨੌਜਵਾਨ ਵਡੇ  ਇਕਠਾਂ ਵਿਚ ਮੋਰਚੇ ਵਿਖੇ ਦਿਲੀ ਸ਼ਾਮਲ ਹੋਵੇਗਾ। ਉਹਨਾਂ ਦਾ ਕਹਿਣਾ ਸੀ ਕਿ ਕਿਸਾਨ ਆਗੂ ਆਪਣੀਆਂ ਗਲਤੀਆਂ ਵੀ ਸਵੀਕਾਰ ਚੁਕੇ ਹਨ। 26 ਜਨਵਰੀ ਦੀ ਟਰੈਕਟਰ ਪਰੇਡ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਏ 22 ਸਾਲਾ ਨਵਰੀਤ ਸਿੰਘ ਦੇ ਦਾਦਾ ਸ: ਹਰਦੀਪ ਸਿੰਘ ਡਿਬਡਿਬਾ  ਨੇ ਕਿਹਾ ਹੈ ਕਿ ਸਰਕਾਰ ਤੇ ਇਸ ਦੇ ਹਮਾਇਤੀ ਮੀਡੀਏ ਨੇ ਉਸ ਦਿਨ ਦਿੱਲੀ ‘ਚ ਕਿਸਾਨ ਹਿੰਸਾ ਦਾ ਅਜਿਹਾ ਝੂਠਾ ਹੋ ਹੱਲਾ ਖੜ੍ਹਾ ਕੀਤਾ ਕਿ ਕਿਸਾਨ ਲੀਡਰਸ਼ਿਪ ਤੇ ਪੰਜਾਬ ਦੀ ਸਮੁੱਚੀ ਸਿਆਸੀ ਲੀਡਰਸ਼ਿਪ ਵੀ ਓਸੇ ਵਹਿਣ ‘ਚ ਵਹਿ ਤੁਰੀ ਜਦ ਕਿ  ਇਸ ਵੇਲੇ ਲੋੜ ਇਹ ਸੀ ਕਿ ਉਸ ਦਿਨ ਹੋਈ ਸਰਕਾਰੀ ਹਿੰਸਾ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਉਠਾਈ ਜਾਂਦੀ ਤੇ ਸ਼ਿਕਾਰ ਕਿਸਾਨਾਂ ਦੀ ਡਟ ਕੇ ਮਦਦ ਕੀਤੀ ਜਾਂਦੀ। ਉਹਨਾਂ ਕਿਹਾ ਕਿ ਕਿਸਾਨਾਂ ਉਪਰ ਝੂਠੇ ਕੇਸ ਪਾਏ ਗਏ ਹਨ।ਸ. ਡਿਬਡਿਬਾ ਨੇ ਕਿਹਾ ਕਿ ਸਰਕਾਰੀ ਹਿੰਸਾ ਦਾ ਸਭ ਤੋਂ ਵਧੇਰੇ ਸ਼ਿਕਾਰ ਮੇਰਾ ਪੋਤਾ ਹੋਇਆ ਜਿਸ ਨੂੰ ਪੁਲਿਸ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਉਹਨਾਂ ਕਿਹਾ ਕਿ ਮੈਨੂੰ ਤਾਂ ਸ਼ੁਰੂ ਤੋਂ ਹੀ ਪੁਲਿਸ ਗੋਲੀ ਨਾਲ ਨਵਰੀਤ ਦੇ ਮਾਰੇ ਜਾਣ ਬਾਰੇ ਕੋਈ ਸ਼ੰਕਾ ਨਹੀਂ ਸੀ ਪਰ ਬਰਤਾਨੀਆ ਦੇ ਗ੍ਰਹਿ ਵਿਭਾਗ ਨਾਲ ਜੁੜੇ ਪ੍ਰਸਿੱਧ ਫੋਰੈਂਸਿਕ ਮਾਹਿਰ ਡਾ. ਬੇਜ਼ਲ ਪ੍ਰਡਿਓ ਵਲੋਂ ਪੋਸਟ ਮਾਰਟਮ ਦੀ ਰਿਪੋਰਟ ਤੇ ਲਾਸ਼ ਦੀ ਵੀਡੀਓਗ੍ਰਾਫ਼ੀ ਦੇਖਣ ਤੋਂ ਬਾਅਦ ਇਹ ਮੌਤ ਗੋਲੀ ਲੱਗਣ ਹੋਣ ਦੇ ਕੀਤੇ ਦਾਅਵੇ ਨੇ ਉਹਨਾਂ ਦੇ ਸ਼ੰਕਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਵੇਲੇ ਕਿਸੇ ਆਗੂ ਦੀ ਨੁਕਤਾਚੀਨੀ ਕਰਕੇ ਸੰਘਰਸ਼ ‘ਚ ਭੰਬਲਭੂਸਾ ਨਹੀਂ ਪੈਦਾ ਕਰਨਾ ਚਾਹੁੰਦੇ , ਸਗੋਂ ਸਾਡੀ ਸਮੂਹ ਕਿਸਾਨ ਲੀਡਰਸ਼ਿਪ ਤੇ ਸਿਆਸੀ ਜਮਾਤ ਨੂੰ ਇਹ ਅਪੀਲ ਹੈ ਕਿ ਸਰਕਾਰ ਵਲੋਂ ਦਿੱਲੀ ਹਿੰਸਾ ‘ਚ ਫੈਸਲੇ ਭਰਮ ਨੂੰ ਤੋੜ ਤੇ ਸਰਕਾਰੀ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਸਭਨਾਂ ਨੂੰ ਆਪਣੇ ਕਲਾਵੇ ‘ਚ ਲੈ ਕੇ ਉਹਨਾਂ ਦੀ ਡਟ ਕੇ ਹਮਾਇਤ ਕਰਨ । ਬਾਬਾ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਨਵਰੀਤ ਸਿੰਘ ਦੀ ਸ਼ਹਾਦਤ ਬਾਅਦ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਕਿਸਾਨ ਏਕਤਾ ਦੀ ਜਿੰਮੇਵਾਰੀ ਸੌਂਪੀ ਹੈ ਨਵਰੀਤ ਦੀ ਸ਼ਹਾਦਤ ਉਹਨਾਂ ਦੀ ਝੋਲੀ ਵਿਚ ਪਾਕੇ। ਉਹਨਾਂ ਦਾਅਵਾ ਕੀਤਾ ਕਿ ਕਿਸਾਨ ਜਿਤਕੇ ਵਾਪਸ ਜਾਣਗੇ। ਉਹਨਾਂ ਦੇਸਾ ਵਿਦੇਸਾਂ ਵਿਚ ਵਸਦੇ ਪੰਜਾਬੀਆਂ ਤੇ ਪਰਵਾਸੀ ਖਾਲਸਾ ਜੀ ਨੂੰ ਅਪੀਲਾਂ ਕਰਦਿਆਂ ਕਿਹਾ ਕਿ ਉਹ ਉਹਨਾਂ ਨੂੰ ਮੋਰਚੇ ਨੂੰ ਸਫਲ ਕਰਨ ਲਈ ਵਧ ਤੋ ਵਧ ਸਹਿਯੋਗ ਦੇਣ।ਉਹਨਾਂ ਕਿਹਾ ਕਿ ਮਿਲਕੇ ਚਲਾਂਗੇ ਸਫਲ ਹੋਵਾਂਗੇ।ਉਹਨਾਂ ਇਹ ਵੀ ਕਿਹਾ ਕਿ ਕਿ ਸਭ ਸਿਖ ਨੌਜਵਾਨ ਮੈਨੂੰ ਆਪਣੇ ਨਵਰੀਤ ਵਾਂਗ ਪੋਤਰੇ ਜਾਪਦੇ ਹਨ। ਸਿਖ ਨੌਜਵਾਨ ਤੇ ਸਿਖ ਜਗਤ ਵਿਚ ਹਰਦੀਪ ਸਿੰਘ ਡਿਬਡਬਾ ਆਪਣੀ ਸਹਿਜ ਅਵਸਥਾ ,ਮਿਸ਼ਰੀ ਵਰਗੇ ਬੋਲਾਂ ਕਾਰਣ ਇਕ ਲੀਡਰ ਨਾਇਕ ਵਜੋਂ ਸਵੀਕਾਰ ਹੋ ਰਿਹਾ ਹੈ।ਵਡੀ ਗਲ ਇਹ ਹੈ ਕਿ ਉਹ ਅੰਮਿ੍ਤਧਾਰੀ ਸਿਖ ਹਨ। ਕਿਸਾਨ ਲੀਡਰਾਂ ਵਿਚ ਇਸ ਕਰਕੇ ਸਵੀਕਾਰ ਯੋਗ ਹਨ , ਕਿਉਕਿ ਉਹ ਉਹਨਾਂ ਦੀ ਲੀਡਰਸ਼ਿਪ ਨੂੰ ਕਾਇਮ ਰਖਣਾ ਚਾਹੁੰਦੇ ਹਨਤੇ ਉਹਨਾਂ ਲਈ ਚੁਣੌਤੀ ਨਹੀਂ ਹਨ। ਬਾਬਾ ਹਰਦੀਪ ਸਿੰਘ  ਡਿਬਡਿਬਾ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਆਪਣੀ ਖੇਤੀ ਲਈ ਹੱਕਾਂ ਅਤੇ ਭਵਿੱਖ ਸਮੇਤ ਨਸਲਾਂ ਲਈ ਲੜਾਈ ਲੜ ਰਹੇ ਹਾ ਪਰ ਇਸ ਨੂੰ ਰੋਕਣ ਲਈ ਸਰਕਾਰ ਹਰ ਸਾਜ਼ਿਸ਼ ਅਪਣਾ ਰਹੀ ਹੈ। ਜਿਸ ਲਈ ਅਸੀਂ ਹੋਸ਼ ਤੇ ਜੋਸ਼ ਦੇ ਸੁਮੇਲ ਨੂੰ ਇੱਕ ਥਾਂ ਮਿਲਾਕੇ ਹੀ ਸਫ਼ਲ ਹੋਵਾਂਗੇ। ਉਨ੍ਹਾਂ ਕਿਹਾ ਕਿ ਭਾਵੇਂ ਬਜ਼ੁਰਗਾਂ ਤੇ ਨੌਜਵਾਨਾਂ ਸਮੇਤ ਹਰ ਵਰਗ ਲੜਾਈ ਵਿਚ ਨਾਲ ਹੈ ਪਰ ਪਿੱਛੇ ਕੁਝ ਗਲਤ ਫਹਿਮੀਆਂ ਨਾਲ ਧੜੇਬੰਦੀ ਪੈਦਾ ਹੋਣ ਕਾਰਨ ਨੌਜਵਾਨੀ ਵੰਡੀ ਗਈ ਸੀ। ਇਸ ਲਈ ਓਹ ਪੰਜਾਬ ਚ ਹਰ ਥਾਂ ਜਾ ਕੇ ਨੌਜਵਾਨਾਂ ਨੂੰ ਲੜ ਰਹੇ ਬਜੁਰਗ ਆਗੂਆਂ ਨਾਲ ਖੜੇ ਹੋਣ ਲਈ ਪ੍ਰੇਰਿਤ ਕਰ ਰਹੇ ਹਨ, ਕਿਉਂਕਿ ਸਾਰੇ ਮਸਲਿਆਂ ਦਾ ਹੱਲ ਕਿਸਾਨੀ ਸੰਘਰਸ਼ ਦੀ ਜਿੱਤ ਨਾਲ ਹੀ ਸੰਭਵ ਹੈ। 

ਉਹਨਾਂ ਦਸਿਆ ਕਿ 4 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਡਿਬਡਿਬਾ ਪਿੰਡ ਵਿਚ ਨਵਰੀਤ ਦੀ ਸ਼ਹਾਦਤ ਬਾਰੇ ਅਰਦਾਸ ਤੋਂ ਬਾਅਦ, ਰਾਮਪੁਰ ਤੋਂ ਗਾਜ਼ੀਪੁਰ ਸਰਹੱਦ ਨੂੰ ਸਮਰਪਿਤ ਨਵਰੀਤ ਨੂੰ ਸਮਰਪਿਤ ਮਾਰਚ ਕੱਢਿਆ ਗਿਆ। ਉਦੋਂ ਤੋਂ ਹੀ ਉਹ ਸਿਰਫ਼ ਇਕ ਰਾਤ ਲਈ ਘਰ ਗਏ ਹਨ ਅਤੇ ਉਹ ਵੀ ਜਦੋਂ ਰਾਕੇਸ਼ ਟਿੱਕਾਤ ਨੇ ਰੁਦਰਪੁਰ ਵਿਚ ਰੈਲੀ ਕੀਤੀ ਸੀ। ਉਨ੍ਹਾਂ ਨੇ ਹੁਣ ਤਕ ਸਮਾਂ ਨਵਰੀਤ ਦੀ ਸ਼ਹੀਦੀ ਯਾਦ  ਬਾਰੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਅਤੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰਨ ਲਈ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਬਿਤਾਏ ਹਨ।

ਮੈਨੂੰ ਲੱਗਦਾ ਹੈ ਕਿ ਨਵਰੀਤ ਦੀ ਸ਼ਹੀਦੀ ਨੇ ਮੋਰਚੇ ਪ੍ਰਤੀ ਮੇਰੀ ਜ਼ਿੰਮੇਵਾਰੀ ਵਧਾ ਦਿੱਤੀ ਹੈ। ਮੈਂ ਨੌਜਵਾਨਾਂ ਨੂੰ ਮੋਰਚਾ ਅਤੇ ਇਸ ਦੀ ਲੀਡਰਸ਼ਿਪ ਨਾਲ ਡਟ ਕੇ ਖੜ੍ਹੇ ਹੁੰਦੇ ਹੋਏ ਦੇਖਣਾ ਚਾਹੁੰਦਾ ਹਾਂ ਤਾਂ ਕਿ ਅਸੀਂ ਤਿੰਨ ਬਿੱਲ ਰੱਦ ਕਰਨ ਅਤੇ ਐਮਐਸਪੀ ਲਈ ਕਾਨੂੰਨੀ ਵਿਵਸਥਾ ਕਰਵਾਉਣ ਲਈ ਇਹ ਲੜਾਈ ਜਿੱਤ ਸਕੀਏ। ਉਹਨਾਂ ਕਿਹਾ ਕਿ ਮੈਂ ਮੋਰਚੇ ਦੇ ਅੰਦਰ ਵੱਡੇ ਆਪਾ-ਵਿਰੋਧਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਲਹਿਰ ਦੀ ਮੁੱਖ ਤਾਕਤ ਸਿੱਖ ਹੈ ਅਤੇ ਕੁਝ ਕਿਸਾਨ ਨੇਤਾਵਾਂ ਦੇ 26 ਜਨਵਰੀ ਦੇ ਬਿਆਨਾਂ ਤੋਂ ਬਾਅਦ ਉਨ੍ਹਾਂ ਨੂੰ  ਮਾਨਸਿਕ ਸੱਟ ਲੱਗੀ ਸੀ। ਸਾਨੂੰ ਏਕਤਾ ਦੀ ਲੋੜ ਹੈ। ਮੈਂ ਸਾਰੇ ਕੁੜੱਤਣ ਨੂੰ ਖਤਮ ਕਰਨ ਅਤੇ ਵੱਖ-ਵੱਖ ਕਿਸਾਨ ਆਗੂਆਂ ਤੇ ਨੌਜਵਾਨ ਲੀਡਰਾਂ ਨਾਲ ਬਕਾਇਦਾ ਗੱਲ ਕਰਕੇ ਕਿਸੇ ਵੀ ਗਲਤਫਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਚਾਹੇ ਉਹ ਕਿਸਾਨ ਯੂਨੀਅਨਾਂ ਹੋਣ, ਭਾਵੇਂ ਉਹ ਖੱਬੇ-ਪੱਖੀ, ਸਿੱਖ ਗਰੁੱਪ   ਹੋਣ।  ਕਿਸਾਨ ਮੋਰਚਾ ਦੇ ਸਭ ਤੋਂ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਡਾ ਦਰਸ਼ਨ ਪਾਲ ਜੋ ਕਿ ਖੱਬੇ-ਪੱਖੀ ਵੀ ਹਨ, ਰਿਕਾਰਡ 'ਤੇ ਇਹ ਕਹਿੰਦੇ ਆ ਰਹੇ ਹਨ ਕਿ ਸਿੱਖ ਨਾ ਕੇਵਲ  ਕਿਸਾਨ ਅੰਦੋਲਨ ਦੀ ਰੀੜ੍ਹ ਦੀ ਹੱਡੀ ਹਨ, ਸਗੋਂ ਇਸ ਦੇ  ਸਹਿਯੋਗ ਨਾਲ ਮੋਰਚਾ ਜਿਤਾਗੇ।  ਇਸ ਨਾਲ ਬਹੁਤ ਸਾਰਾ ਉਸਾਰੂ ਪ੍ਰਭਾਵ ਪਿਆ ਅਤੇ ਜ਼ਿਆਦਾਤਰ  ਕਿਸਾਨ ਨੇਤਾ ਚਾਹੁੰਦੇ ਹਨ ਕਿ ਸਾਰੀ ਕੁੜੱਤਣ ਖਤਮ ਹੋ ਜਾਵੇ। ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਵਿੱਚ ਵੀ ਇਨ੍ਹਾਂ ਮਸਲਿਆਂ 'ਤੇ ਗੱਲ ਕੀਤੀ ਹੈ, ਜਦਕਿ ਨੌਜਵਾਨਾਂ ਦਾ ਹੁੰਗਾਰਾ ਸਕਾਰਾਤਮਕ ਰਿਹਾ ਹੈ ਅਤੇ ਉਨ੍ਹਾਂ ਨੇ ਚੰਗਾ ਹੁੰਗਾਰਾ ਵੀ ਦਿਤਾ ਹੈ।

ਬਾਬਾ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪੋਤਰੇ ਨਵਰੀਤ ਸਿੰਘ ਦੀ ਸ਼ਹਾਦਤ ਨੇ ਕਿਸਾਨੀ ਮੋਰਚੇ ਪ੍ਰਤੀ ਮੇਰੀ ਜ਼ਿੰਮੇਵਾਰੀ ਵਧਾ ਦਿੱਤੀ ਹੈ। ਇਹ ਪ੍ਰਗਟਾਵਾ ਪ੍ਰਰੈੱਸ ਕਲੱਬ ਜਲੰਧਰ 'ਚ ਗੱਲਬਾਤ ਕਰਦਿਆਂ ਕੀਤਾ।

ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਤੇ ਕਿਸਾਨੀ ਮੋਰਚੇ ਵਿਚਾਲੇ ਇੱਕਜੁਟਤਾ ਨੂੰ ਮਜ਼ਬੂਤ ਕਰਨ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ 25 ਮਾਰਚ ਨੂੰ 'ਸ਼ਹੀਦ ਨਵਰੀਤ ਸਿੰਘ ਨੌਜਵਾਨ-ਕਿਸਾਨ ਏਕਤਾ ਇੱਕਜੁਟਤਾ ਮਾਰਚ' ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਾਰਚ ਨੂੰ ਸ਼ਹੀਦ ਨਵਰੀਤ ਸਿੰਘ ਨਮਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਹੋ ਜਾਵੇਗੀ। 25 ਮਾਰਚ ਵਾਲੇ ਦਿਨ ਇਹ ਇੱਕਜੁਟਤਾ ਮਾਰਚ ਸਵੇਰੇ 9.30 ਵਜੇ ਮੋਗੇ ਤੋਂ ਬੀਬੀ ਕਾਹਨ ਕੌਰ ਵਾਲੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਵੇਗਾ।

ਇਸ ਮਾਰਚ 'ਚ ਸ਼ਮੂਲੀਅਤ ਕਰਨ ਵਾਲੇ ਨੌਜਵਾਨਾਂ ਦਾ ਵੱਡਾ ਕਾਫਲਾ ਮੋਗੇ ਨੇੜੇ ਅਜੀਤਵਾਲ ਮੰਡੀ ਵਿਖੇ ਇਕੱਤਰ ਹੋਵੇਗਾ ਤੇ ਇਸੇ ਥਾਂ ਤੋਂ ਕਾਫਿਲੇ ਦਾ ਹਿੱਸਾ ਬਣੇਗਾ। ਇਹ ਇੱਕਜੁਟਤਾ ਮਾਰਚ 12 ਵਜੇ ਲੁਧਿਆਣਾ ਵੇਰਕਾ ਪਲਾਂਟ ਵਿਖੇ ਪਹੁੰਚੇਗਾ ਜਿੱਥੇ ਸੰਗਤਾਂ ਇਸ ਮਾਰਚ ਦਾ ਸਵਾਗਤ ਕਰਨਗੀਆਂ ਤੇ ਇੱਥੋਂ ਨੌਜਵਾਨਾਂ ਦਾ ਇਕ ਹੋਰ ਕਾਫਿਲਾ ਮਾਰਚ 'ਚ ਸ਼ਾਮਿਲ ਹੋਵੇਗਾ। ਇਸ ਤੋਂ ਬਾਅਦ ਇਹ ਮਾਰਚ ਖੰਨਾ, ਸਰਹੰਦ ਤੇ ਰਾਜਪੁਰਾ ਹੁੰਦਾ ਹੋਇਆ 3 ਵਜੇ ਸ਼ੰਭੂ ਬੈਰੀਅਰ ਪਹੁੰਚੇਗਾ, ਜਿੱਥੇ ਨੌਜਵਾਨਾਂ ਦੇ ਹੋਰ ਕਾਫਿਲੇ ਇਸ ਮਾਰਚ 'ਚ ਸ਼ਾਮਲ ਹੋਣਗੇ।

ਸ਼ੰਭੂ ਤੋਂ ਚੱਲ ਕੇ ਇਹ ਮਾਰਚ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਤੇ ਸੋਨੀਪਤ ਰਾਹੀਂ ਹੁੰਦੇ ਹੋਏ ਕੁੰਡਲੀ-ਸਿੰਘੂ ਬਾਰਡਰ ਦੇ ਕਿਸਾਨ ਮੋਰਚੇ ਵਿਖੇ ਪਹੁੰਚੇਗਾ, ਜਿੱਥੇ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਕਿਸਾਨ ਤੇ ਆਗੂ ਮਾਰਚ ਦਾ ਸਵਾਗਤ ਕਰਨਗੇ। ਉਥੇ ਅਰਦਾਸ ਉਪਰੰਤ ਮਾਰਚ ਦੀ ਸਮਾਪਤੀ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਗਾਬਾ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰਬਚਨ ਸਿੰਘ, ਸੁਖਦੇਵ ਸਿੰਘ ਫਗਵਾੜਾ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਪਰਮਜੀਤ ਸਿੰਘ ਗਾਜ਼ੀ, ਜੋਗਿੰਦਰਪਾਲ ਸਿੰਘ ਖਾਲਸਾ ਆਦਿ ਹਾਜ਼ਰ ਸਨ। ਬਾਕੀ ਸਮੁਚੀ ਗਲ ਬਾਬਾ ਹਰਦੀਪ ਸਿੰਘ ਦੀ ਚੇਤਨਾ ਉਪਰ ਨਿਰਭਰ ਕਰੇਗੀ ਕਿ ਇਹ ਕਿੰਨਾ ਕੁ ਸਫਲ ਹੁੰਦੇ ਹਨ।ਹਾਲੂ ਬਹੁਤ ਸਾਰੇ ਸੁਆਲ ਸਮੇਂ ਦੇ ਗਰਭ ਵਿਚ ਹਨ।