ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਨਿਗਰਾਨ ਕੇਂਦਰ ਵਿਚ ਅੱਗ ਲੱਗਣ ਕਾਰਨ 40 ਪ੍ਰਵਾਸੀਆਂ ਦੀ ਮੌਤ

ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਨਿਗਰਾਨ ਕੇਂਦਰ ਵਿਚ ਅੱਗ ਲੱਗਣ ਕਾਰਨ 40 ਪ੍ਰਵਾਸੀਆਂ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਸਰਹੱਦ ਨੇੜੇ ਉੱਤਰੀ ਮੈਕਸੀਕੋ ਵਿਚ ਇਮੀਗ੍ਰੇਸ਼ਨ ਡੀਟੈਨਸ਼ਨ ਸੈਂਟਰ ਵਿਚ ਲੱਗੀ ਭਿਆਨਕ ਅੱਗ ਵਿਚ ਸੜਣ ਨਾਲ 40 ਪ੍ਰਵਾਸੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਇਹ ਪ੍ਰਗਟਾਵਾ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੀਤਾ ਹੈ। ਐਲ ਪਾਸੋ (ਟੈਕਸਾਸ) ਦੇ ਦੱਖਣ ਵਿੱਚ ਸੀਡੈਡ ਜੂਆਰਜ਼ ਵਿਚ ਸਥਿੱਤ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਵਿਚ ਇਹ ਘਟਨਾ ਉਸ ਸਮੇ ਵਾਪਰੀ ਜਦੋਂ ਪ੍ਰਵਾਸੀਆਂ ਨੇ ਵਾਪਿਸ ਭੇਜੇ ਜਾਣ ਦੇ ਡਰ ਕਾਰਨ ਰੋਸ ਵਜੋਂ ਖੁਦ ਹੀ ਗੱਦਿਆਂ ਨੂੰ ਅੱਗ ਲਾ  ਦਿੱਤੀ ਜੋ ਏਨੀ ਜਿਆਦਾ ਫੈਲ ਗਈ ਕਿ ਉਸ ਉਪਰ ਕਾਬੂ ਪਾਉਣਾ ਅਸੰਭਵ ਹੋ ਗਿਆ। ਇਮੀਗ੍ਰੇਸ਼ਨ ਇੰਸਟੀਚਿਊਟ ਨੇ ਟਵਿਟਰ ਉਪਰ ਪਾਏ ਇਕ ਬਿਆਨ ਵਿਚ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਘੱਟੋ ਘੱਟ 40 ਲੋਕ ਮਾਰੇ ਗਏ ਹਨ ਤੇ 29 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬਿਆਨ ਵਿਚ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਸੀਡੈਡ ਜੂਆਰਜ਼ ਦੇ ਸੰਘੀ ਡਿਪਟੀ ਐਂਡਰੀ ਸ਼ਵੇਜ਼ ਨੇ ਕਿਹਾ ਹੈ ਕਿ ਮੈਕਸੀਕੋ ਦੇ ਮਨੁੱਖੀ ਹੱਕਾਂ ਬਾਰੇ ਕਮਿਸ਼ਨ ਨੂੰ ਵੀ ਮਾਮਲੇ ਵਿੱਚ ਚੌਕਸ ਰਹਿਣ ਲਈ ਕਿਹਾ ਗਿਆ ਹੈ। ਮੈਕਸੀਕੀ ਪ੍ਰਧਾਨ ਐਂਡਰਸ ਮੈਨੂਏਲ ਲੋਪਜ਼ ਆਬਰਾਡੋਰ ਨੇ ਕਿਹਾ ਹੈ ਕਿ ਪ੍ਰਵਾਸੀਆਂ ਨੇ ਆਪ ਹੀ ਅੱਗ ਲਾਈ ਸੀ ਪਰੰਤੂ ਉਨਾਂ ਨੂੰ ਇਹ ਅੰਦਾਜਾ ਨਹੀਂ ਸੀ ਕਿ ਇਹ ਇਸ ਹੱਦ ਤੱਕ ਫੈਲ ਜਾਵੇਗੀ ਕਿ ਉਹ ਖੁਦ ਹੀ ਇਸ ਦੀ ਲਪੇਟ ਵਿਚ  ਆ ਜਾਣਗੇ।