ਚੋਣਾਂ ਸਮੇਂ ਫੋਕੀ ਬਿਆਨਬਾਜ਼ੀ ਤੋਂ ਸਿੱਖ ਲੀਡਰ ਗੁਰੇਜ਼ ਕਰਣ - ਸਿੱਖ ਅਲਾਂਇਸ ਅਮਰੀਕਾ

ਚੋਣਾਂ ਸਮੇਂ ਫੋਕੀ ਬਿਆਨਬਾਜ਼ੀ ਤੋਂ ਸਿੱਖ ਲੀਡਰ ਗੁਰੇਜ਼ ਕਰਣ - ਸਿੱਖ ਅਲਾਂਇਸ ਅਮਰੀਕਾ

ਅੰਮ੍ਰਿਤਸਰ ਟਾਈਮਜ਼ 

 ਫਰੀਮਾਂਟ : ਚੋਣਾਂ ਸਮੇਂ ਹਰੇਕ ਮੁਲਕ ਵਿੱਚ ਲੋਕਾਂ ਨੂੰ ਭਰਮਾਉਣ ਲਈ ਵੱਡੇ ਵੱਡੇ ਇਕਰਾਰ ਤੇ ਭਰੋਸੇ ਦਿੱਤੇ ਜਾਂਦੇ ਹਨ। ਇਸੇ ਤਰਾਂ ਪੰਜਾਬ ਦੀ ਸਿਆਸਤ ਵੀ ਹੁਣ ਗਰਮਾਉਣੀ ਸ਼ੁਰੂ ਹੋਈ ਹੈ। ਸਿੱਖ ਕੁਰਬਾਨੀਆਂ ਨਾਲ ਬਣੀ ਅਕਾਲੀ ਦਲ ਪਾਰਟੀ ਵੀ ਅੱਜ-ਕੱਲ੍ਹ ਸੰਕਟ ਵਿੱਚ ਆਈ ਜਾਪਦੀ ਹੈ। ਅਕਾਲੀ ਦਲ ਦੇ ਪ੍ਰਧਾਨ ਭਾਈ ਸੁਖਬੀਰ ਸਿੰਘ ਨੇ ਇੱਕ ਬਿਆਨ ਵਿੱਚ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ 1984 ਦੇ ਦਰਬਾਰ ਸਾਹਿਬ ਹਮਲੇ ਵੇਲੇ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਪਰ ਜਦੋਂ ਬਿਆਨ ਦੀ ਥੋੜੀ ਜਿਹੀ ਵੀ ਘੋਖ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ 1984 ਵੇਲੇ ਦਾ ਕੋਈ ਵੀ ਬੰਦੀ ਕੈਦੀ ਨਹੀਂ। ਜਦ ਕਿ  1990 ਤੋਂ ਗੁਰਦੀਪ ਸਿੰਘ ਖੇੜਾ ਅਤੇ 1995/96 ਤੋਂ ਬੰਦੀ ਸਿੰਘ ਹਨ। ਜਿਨ੍ਹਾਂ ਵਿਚੋਂ  ਲਖਵਿੰਦਰ ਸਿੰਘ ,ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ,ਪਰਮਜੀਤ ਸਿੰਘ ਭਿਓਰਾ,ਬਲਵੰਤ ਸਿੰਘ ਰਾਜੋਆਣਾ ,ਜਗਤਾਰ ਸਿੰਘ ਹਵਾਰਾ,ਜਗਤਾਰ ਸਿੰਘ ਅਲਾਇਸ ਦੀ ਰਿਹਾਈ ਲਈ  ਸੰਘਰਸ਼ ਚੱਲ ਰਿਹਾ ਹੈ । ਸੁਖਬੀਰ ਸਿੰਘ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵੀ ਅਜਿਹੀ ਤੱਥਹੀਣ ਬਿਆਨਬਾਜ਼ੀ ਕਰਦੇ ਰਹਿੰਦੇ ਹਨ। 

ਸਿੱਖ ਅਲਾਂਇਸ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਜਾਂ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਘਰਸ਼ ਵਿੱਚ ਨਜ਼ਾਇਜ਼ ਜੇਲ੍ਹਾਂ ਵਿੱਚ ਡਕੇ ਸਿੰਘਾਂ  ਦੇ ਕੇਸ ਲੜਨੇ ਚਾਹੀਦੇ ਸਨ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਕਰਨਾ ਇਹਨਾਂ ਲਈ ਕੋਈ ਔਖਾ ਕੰਮ ਨਹੀਂ ਸੀ ਪਰ ਇਹਨਾਂ ਨੇ ਇੱਕਾ-ਦੁੱਕਾ ਪਰਿਵਾਰਾਂ ਤੋਂ ਬਿਨਾਂ ਕਿਸੇ ਦੀ ਮਦਦ ਤੋਂ ਪਾਸਾ ਵੱਟੀ ਰੱਖਿਆ।

ਸਿੱਖ ਅਲਾਂਇਸ ਨੇ ਅਕਾਲੀ ਦਲ ਨੂੰ ਮਸ਼ਵਰਾ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਪਾਰਟੀ ਦੀਆਂ ਜੜਾਂ ਵੱਲ ਮੁੜਨ ਕਿਉਂ ਕਿ ਭਵਿੱਖ ਦਾ ਰਾਜਨੀਤਿਕ ਵਾਤਾਵਰਣ ਉਸਦੀ ਮੰਗ ਕਰੇਗਾ। ਉਹਨਾਂ ਨੂੰ ਬਿਨਾਂ ਸ਼ਰਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੋਂ ਬਿਨਾਂ ਵਿਦੇਸ਼ਾਂ ਵਿੱਚ ਵੱਸਦੇ ਹਜ਼ਾਰਾਂ ਹੀ ਨੌਜਵਾਨਾਂ ਤੇ 1990ਵਿਆਂ ਵਿੱਚ ਨਜ਼ਾਇਜ਼ ਕੇਸ ਪਾ ਕੇ ਉਹਨਾਂ ਨੂੰ ਪੀ ਓ ਘੋਸ਼ਿਤ ਕੀਤਾ ਹੋਇਆ ਹੈ, ਉਹਨਾਂ ਲਈ ਰਿਟਾਇਰ ਜੱਜ ਜਾਂ ਜੱਜਾਂ ਦੀ ਕਮੇਟੀ ਬਣਾ ਕੇ ਸੁਣਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਦਰਬਾਰ ਸਾਹਿਬ ਜਾਂ ਹੋਰ ਗੁਰਧਾਮਾਂ ਦੇ ਦਰਸ਼ਨ ਕਰ ਸਕਣ ਅਤੇ ਆਪਣੇ ਪਿੰਡਾਂ ਵਿੱਚ ਆ ਜਾ ਸਕਣ। ਉਹਨਾਂ ਵਿੱਚੋਂ ਕਈਆਂ ਦੀਆਂ ਜ਼ਮੀਨਾਂ ਤੇ ਵੀ ਨਜ਼ਾਇਜ਼ ਕਬਜ਼ੇ ਹੋ ਗਏ ਹਨ, ਉਹਨਾਂ ਦੇ ਹੱਲ ਬਾਰੇ ਵੀ ਸੋਚਣਾ ਚਾਹੀਦਾ ਹੈ।

ਭਾਰਤ ਦੀ ਸਿਆਸਤ, ਸਿੱਖਾਂ ਲਈ ਸੁਖਾਂਵੇ ਹਾਲਤ ਨਹੀਂ ਲੈ ਕੇ ਆਵੇਗੀ ਅਤੇ ਏਸ਼ੀਆ ਵਿੱਚ ਹੋਣ ਵਾਲੀ ਨਵੀਂ ਤਬਦੀਲੀ ਵਿੱਚ ਸਿੱਖਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ, ਸਿੱਖ ਸੰਸਥਾਵਾਂ ਅਤੇ ਸਿੱਖ ਕੌਮ ਆਪਣੇ ਭਵਿੱਖ ਦੇ ਫ਼ੈਸਲੇ ਲੈਣ ਲਈ ਤਿਆਰੀ ਕਰੇ ਤਾਂ ਜੋ ਆਪਾਂ ਆਪਣਾ ਬਣਦਾ ਹੱਕ ਲੈ ਸਕੀਏ।