ਅਮਰੀਕਾ ਵਿਚ ਸੈਮੀ ਟਰੱਕ ਨੂੰ ਲੱਗੀ ਅੱਗ ਉਪਰੰਤ ਧਮਾਕਾ, 2 ਮੌਤਾਂ, 3 ਜ਼ਖਮੀ, ਕਈ ਵਾਹਣ ਸੜੇ

ਅਮਰੀਕਾ ਵਿਚ ਸੈਮੀ ਟਰੱਕ ਨੂੰ ਲੱਗੀ ਅੱਗ ਉਪਰੰਤ ਧਮਾਕਾ, 2 ਮੌਤਾਂ, 3 ਜ਼ਖਮੀ, ਕਈ ਵਾਹਣ ਸੜੇ
ਕੈਪਸ਼ਨ : ਅੱਗ ਉਪਰ ਕਾਬੂ ਪਾਉਂਦੇ ਹੋਏ ਫਾਇਰ ਵਿਭਾਗ ਦੇ ਕਾਮੇ ਤੇ ਸੜੇ ਵਾਹਣ ਨਜਰ ਆ ਰਹੇ ਹਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਮਿਆਮੀ ਨੇੜੇ ਮੈਡਲੀ ਵਿਖੇ ਸੈਮੀ ਟਰੱਕ ਨੂੰ ਲੱਗੀ ਅੱਗ ਕਾਰਨ ਹੋਏ ਧਮਾਕੇ ਉਪਰੰਤ ਨੇੜੇ ਖੜੇ ਹੋਰ ਕਈ ਵਾਹਣਾਂ ਦੇ ਅੱਗ ਦੀ ਲਪੇਟ ਵਿਚ ਆਉਣ ਦੀ ਖ਼ਬਰ ਹੈ। ਪੁਲਿਸ ਅਨੁਸਾਰ ਇਸ ਘਟਨਾ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਐਨਥਨੀ ਨੂਨੇਜ਼ ਨੇ ਕਿਹਾ ਹੈ ਕਿ ਜਦੋਂ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ ਤਾਂ ਕਾਰਾਂ ਸਮੇਤ ਕਈ ਵਾਹਣ ਅੱਗ ਦੀ ਲਪੇਟ ਵਿਚ ਆ ਚੁੱਕੇ ਸਨ। ਇਕ ਟੱਰਕ ਡੀਲਰ ਦੇ ਅਦਾਰੇ ਵਿਖੇ ਬੀਤੇ ਦਿਨ ਸਵੇਰੇ ਵੇਲੇ ਲੱਗੀ ਅੱਗ 'ਤੇ ਬਾਅਦ ਦੁਪਹਿਰ ਤੱਕ ਕਾਬੂ ਪਾ ਲਿਆ ਗਿਆ। ਮਿਆਮੀ- ਡੇਡ ਪੁਲਿਸ ਵਿਭਾਗ ਅਨੁਸਾਰ ਦੋ ਵਿਅਕਤੀਆਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਅੱਗ ਨਾਲ ਸੜੇ ਦੋ ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਇਕ ਵਿਅਕਤੀ ਜੋ ਘੱਟ ਸੜਿਆ ਸੀ, ਦੀ ਮੌਕੇ ਉਪਰ ਹੀ ਮਰਹਮ ਪੱਟੀ ਕੀਤੀ ਗਈ। ਪੁਲਿਸ ਵਿਭਾਗ ਅਨੁਸਾਰ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।