ਰਾਸ਼ਟਰਪਤੀ ਬਾਈਡਨ ਵੱਲੋਂ ਯੂਰਪ ਵਿਚ ਚੋਟੀ ਦੇ ਜਨਰਲ ਦੀ ਨਿਯੁਕਤੀ

ਰਾਸ਼ਟਰਪਤੀ ਬਾਈਡਨ ਵੱਲੋਂ ਯੂਰਪ ਵਿਚ ਚੋਟੀ ਦੇ ਜਨਰਲ ਦੀ ਨਿਯੁਕਤੀ
ਕੈਪਸ਼ਨ- ਕ੍ਰਿਸਟੋਫਰ ਕਾਵੋਲੀ

*  ਰੂਸੀ ਗਤੀਵਿਧੀਆਂ 'ਤੇ ਰਖਣਗੇ ਨਜਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  4 ਮਈ (ਹੁਸਨ ਲੜੋਆ ਬੰਗਾ)- ਰੂਸ ਤੇ ਯੁਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋਇ ਬਾਈਡਨ ਨੇ ਕ੍ਰਿਸਟੋਫਰ ਕਾਵੋਲੀ ਨੂੰ ਯੂਰਪ ਵਿਚ ਚੋਟੀ ਦੇ ਜਨਰਲ ਵਜੋਂ ਨਿਯੁਕਤ ਕੀਤਾ ਹੈ। ਕਾਵੋਲੀ ਯੂ.ਐਸ ਯੂਰਪੀਨ ਕਮਾਂਡ ਦੇ ਮੁੱਖੀ ਵਜੋਂ ਕੰਮ ਕਰਨਗੇ। ਇਹ ਐਲਾਨ ਰੱਖਿਆ ਵਿਭਾਗ ਦੇ ਸਕੱਤਰ ਆਸਟਿਨ ਨੇ ਕੀਤਾ ਹੈ। ਕਾਵੋਲੀ ਇਸ ਸਮੇ ਯੂਰਪ ਤੇ ਅਫਰੀਕਾ ਵਿਚ ਅਮਰੀਕੀ ਫੌਜ ਦੇ ਮੁੱਖੀ ਵਜੋਂ ਤਾਇਨਾਤ ਹਨ। ਨਿਯੁਕਤੀ ਦੀ ਸੰਸਦ ਦੁਆਰਾ ਪੁਸ਼ਟੀ ਹੋਣ ਉਪਰੰਤ ਕਾਵੋਲੀ ਯੂਰਪ ਵਿਚ ਤਾਇਨਾਤ ਫੌਜ ਦੇ ਸਾਰੇ ਵਿੰਗਾਂ ਦੇ ਤਕਰੀਬਨ ਇਕ ਲੱਖ ਅਮਰੀਕੀ ਸੈਨਿਕਾਂ ਦੀ ਕਮਾਨ ਸੰਭਾਲ ਲੈਣਗੇ। ਉਹ ਯੂਰਪ ਵਿਚ ਰੂਸੀ ਫੌਜ ਦੀ ਹਰਕਤ ਉਪਰ ਨਜਰ ਰੱਖਣਗੇ ਤੇ ਯੁਕਰੇਨ ਨੂੰ ਅਮਰੀਕਾ ਤੇ ਉਸ ਦੇ ਭਾਈਵਾਲੀ ਦੇਸ਼ਾਂ ਵੱਲੋਂ ਹੱਥਿਆਰਾਂ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣਗੇ। ਨਾਟੋ ਦੇ ਬੁਲਾਰੇ ਓਆਨਾ ਲੁੰਗੇਸਕੂ ਨੇ ਆਸਟਿਨ ਦੇ ਐਲਾਨ ਉਪਰੰਤ ਕਿਹਾ ਹੈ ਕਿ  ਨਾਰਥ ਐਟਲਾਂਟਿਕ ਕੌਂਸਲ ਨੇ ਕਾਵੋਲੀ ਦੀ ਯੂਰਪ ਦੇ ਸੁਪਰੀਮ ਕਮਾਂਡਰ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਉਹ ਪੂਰੇ ਯੂਰਪ ਵਿਚ ਨਾਟੋ ਦੀ ਹਵਾਈ ਫੌਜ ਦੀਆਂ ਗੱਤੀਵਿਧੀਆਂ ਨੂੰ ਨਿਯਤੰਰਣ ਕਰਨਗੇ ਤੇ ਰੂਸੀ ਜਹਾਜ਼ ਜੋ ਬਿਨਾਂ ਆਪਣੀ ਪਛਾਣ ਜਾਹਿਰ ਕੀਤੇ ਉਡਾਨ ਭਰਨਗੇ ਉਨਾਂ ਦਾ ਪਿੱਛਾ ਕਰਨ ਦਾ ਨਿਰਦੇਸ਼ ਦੇਣਗੇ। ਕਾਵੋਲੀ ਏਅਰ ਫੋਰਸ ਜਨਰਲ ਟਾਡ ਵੋਲਟਰਜ ਦੀ ਜਗਾ ਲੈਣਗੇ ਜੋ ਸੇਵਾਮੁਕਤ ਹੋ ਰਹੇ ਹਨ।