ਅਮਰੀਕਾ ਵਿਚ ਹਮਲੇ ਉਪਰੰਤ ਮਾਰੇ ਗਏ ਪੰਜਾਬੀ ਦੇ ਹਮਲਾਵਰ ਦਾ ਲਾਇਸੰਸ ਪਹਿਲਾਂ ਹੀ ਮੁਅੱਤਲ ਸੀ – ਨਿਊ ਯਾਰਕ ਪੁਲੀਸ

ਅਮਰੀਕਾ ਵਿਚ ਹਮਲੇ ਉਪਰੰਤ ਮਾਰੇ ਗਏ ਪੰਜਾਬੀ ਦੇ ਹਮਲਾਵਰ ਦਾ ਲਾਇਸੰਸ ਪਹਿਲਾਂ ਹੀ ਮੁਅੱਤਲ ਸੀ – ਨਿਊ ਯਾਰਕ ਪੁਲੀਸ
ਕੈਪਸ਼ਨ : ਜਸਮੇਰ ਸਿੰਘ

* ਨਿਊਯਾਰਕ ਦੇ ਮੇਅਰ ਏਰਿਕ ਐਡਮਜ ਵਲੋਂ ਅਫ਼ਸੋਸ।

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਬੀਤੇ ਦਿਨੀ ਇਕ ਕਾਰ ਹਾਦਸੇ ਉਪਰੰਤ ਹੋਏ ਝਗੜੇ ਦੌਰਾਨ ਜ਼ਖਮੀ ਹੋਇਆ 66 ਸਾਲਾ ਜਸਮੇਰ ਸਿੰਘ ਹਸਪਤਾਲ ਵਿਚ ਦਮ ਤੋੜ ਗਿਆ ਸੀ। ਉਸ ਨੂੰ ਕੂਈਨਜ਼ (ਨਿਊ ਯਾਰਕ) ਦੇ ਜਮਾਈਕਾ ਹਸਪਤਾਲ ਮੈਡੀਕਲ ਸੈਂਟਰ  ਵਿਚ ਗੰਭੀਰ ਹਾਲਤ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਸਿਰ ਵਿਚ ਸੱਟ ਮਾਰੀ ਗਈ ਸੀ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ 30 ਸਾਲਾ ਗਿਲਬਰਟ ਅਗਸਟਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਹੱਤਿਆ ਤੇ ਹਮਲਾ  ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਕਿਹਾ ਹੈ ਕਿ ਕਿਊ ਗਾਰਡਨਜ ਵਿਚ ਹਿਲਜਸਾਈਡ ਐਵਨਿਊ ਨੇੜੇ ਸਿੰਘ ਤੇ ਅਗਸਟਿਨ ਦੀਆਂ ਕਾਰਾਂ ਵਿਚਾਲੇ ਵੈਨ ਵਿਕ ਐਕਸਪ੍ਰੈਸ ਉਪਰ ਟੱਕਰ ਹੋਈ ਸੀ। ਇਸ ਟੱਕਰ ਵਿਚ ਦੋਨੋਂ ਕਾਰਾਂ ਨੂੰ ਨੁਕਸਾਨ ਪੁੱਜਾ ਸੀ। ਮੌਕੇ ਦੇ ਗਵਾਹਾਂ ਅਨੁਸਾਰ ਹਾਦਸੇ ਉਪਰੰਤ ਹੋਏ ਝਗੜੇ ਦੌਰਾਨ  ਅਗਸਟਿਨ ਨੇ ਜਸਮੇਰ ਸਿੰਘ ਉਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਹਾਦਸੇ ਤੋਂ 2 ਮੀਲ ਦੂਰ ਅਗਸਟਿਨ ਨੂੰ ਗ੍ਰਿਫਤਾਰ ਕੀਤਾ ਤੇ ਪਤਾ ਲੱਗਾ ਕਿ ਉਸ ਦਾ ਡਰਾਈਵਿੰਗ ਲਾਇਸੰਸ ਪਹਿਲਾਂ ਹੀ ਮੁਅਤਲ ਕੀਤਾ ਹੋਇਆ ਸੀ। ਨਿਊਯਾਰਕ ਦੇ ਮੇਅਰ ਏਰਿਕ ਐਡਮਜ ਨੇ ਜਸਮੇਰ ਸਿੰਘ ਦੀ ਮੌਤ ਉਪਰ ਅਫਸੋਸ ਪ੍ਰਗਟ ਕੀਤਾ ਹੈ।