ਅਮਰੀਕਾ ਦੇ ਨੇਵਾਡਾ ਰਾਜ ਵਿਚ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿਚ 1 ਮੌਤ ਤੇ 4 ਹੋਰ ਜ਼ਖਮੀ

ਅਮਰੀਕਾ ਦੇ ਨੇਵਾਡਾ ਰਾਜ ਵਿਚ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿਚ 1 ਮੌਤ ਤੇ 4 ਹੋਰ ਜ਼ਖਮੀ
ਕੈਪਸ਼ਨ-- ਲਾਸ ਏਂਜਲਸ ਵਿਚ ਅਧਿਕਾਰੀ 3 ਬੇਘਰਿਆਂ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੰਦੇ ਹੋਏ

 ਲਾਸ ਏਂਜਲਸ ਵਿਚ ਮਾਰੇ ਗਏ 3 ਬੇਘਰਿਆਂ ਦੇ ਮਾਮਲੇ ਵਿਚ ਇਕ ਸ਼ੱਕੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨੇਵਾਡਾ ਰਾਜ ਦੇ ਸ਼ਹਿਰ ਪੂਰਬੀ ਲਾਸ ਵੇਗਾਸ ਵਿਚ ਬੇਘਰਿਆਂ ਦੇ ਬਸੇਰੇ ਵਿਖੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਵਿਅਕਤੀ ਦੇ  ਮਾਰੇ ਜਾਣ ਤੇ 4 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਲਾਸ ਵੇਗਾਸ ਪੁਲਿਸ ਦੇ ਲੈਫਟੀਨੈਂਟ ਜੈਸਨ ਜੌਹਨਸਨ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ  ਦੀ ਘਟਨਾ ਸ਼ਾਮ 5.35 ਵਜੇ ਦੇ ਕਰੀਬ ਚਾਰਲਸਟਨ ਬੋਲੇਵਾਰਡ ਅਤੇ ਹੋਨੋਲੂਲੂ ਸਟਰੀਟ ਦੇ ਚੁਰਾਹੇ ਨੇੜੇ ਵਾਪਰੀ। ਸ਼ੁਰੂ ਵਿਚ ਪੁਲਿਸ ਨੇ ਕਿਹਾ ਸੀ ਕਿ 2 ਲੋਕ ਮਾਰੇ ਗਏ ਹਨ ਤੇ 3 ਹੋਰ ਜ਼ਖਮੀ ਹੋਏ ਹਨ ਅਤੇ ਸਾਰੇ ਪੀੜਤ ਬੇਘਰੇ ਹਨ। ਜੌਹਨਸਨ ਨੇ ਕਿਹਾ ਕਿ ਉਹ ਨਹੀਂ ਕਹਿ ਸਕਦਾ ਕਿ ਗੋਲੀਬਾਰੀ ਤੋਂ ਪੀੜਤ ਸਾਰੇ 5 ਜਣੇ ਬੇਘਰੇ ਸਨ। ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਜੌਹਨਸਨ ਨੇ ਕਿਹਾ ਕਿ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀ ਦੀ ਉਮਰ 50 ਸਾਲ ਦੇ ਕਰੀਬ ਹੈ ਤੇ ਬਾਕੀ 4 ਜ਼ਖਮੀਆਂ ਵਿਚੋਂ ਤਿੰਨ ਤੀਹਵਿਆਂ ਵਿਚ ਹਨ ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਮ੍ਰਿਤਕ ਤੇ ਜ਼ਖਮੀਆਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਹਨ। ਜੌਹਨਸਨ ਨੇ ਕਿਹਾ ਕਿ ਮੌਕੇ ਦੇ ਗਵਾਹਾਂ ਅਨੁਸਾਰ ਉਨਾਂ ਨੇ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਨੂੰ ਹਨੇਰੇ ਦੀ ਓਟ ਲੈ ਕੇ ਫਰਾਰ ਹੁੰਦਾ ਵੇਖਿਆ ਹੈ ਪਰੰਤੂ ਜਾਂਚਕਾਰਾਂ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਫਰਾਰ ਹੋਇਆ ਵਿਅਕਤੀ ਗੋਲੀਬਾਰੀ ਵਿਚ ਸ਼ਾਮਲ ਹੈ ਜਾਂ  ਨਹੀਂ। ਇਥੇ ਜਿਕਰਯੋਗ ਹੈ ਕਿ ਲਾਸ ਵੇਗਾਸ ਪੁਲਿਸ ਵਿਭਾਗ ਨੇ ਲੰਘੇ ਸ਼ੁੱਕਰਵਾਰ ਸੇਫਟੀ ਬੁਲੇਟਿਨ ਜਾਰੀ ਕੀਤਾ ਸੀ ਜਿਸ ਵਿਚ ਬੇਘਰੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਖੁਲੇ ਵਿਚ ਸੜਕਾਂ ਉਪਰ ਸੌਣ ਦੀ ਬਜਾਏ ਰੈਣ ਬਸੇਰਿਆਂ ਵਿਚ ਸੌਣ।

3 ਬੇਘਰਿਆਂ ਦੀ ਹੱਤਿਆ ਦੇ ਮਾਮਲੇ ਵਿਚ ਇਕ ਸ਼ੱਕੀ ਗ੍ਰਿਫਤਾਰ - ਇਸੇ ਹਫਤੇ ਲਾਸ ਏਂਜਲਸ (ਕੈਲੀਫੋਰਨੀਆ) ਵਿਚ ਵੱਖ ਵੱਖ ਥਾਵਾਂ 'ਤੇ ਗੋਲੀਆਂ ਮਾਰ ਕੇ 3 ਬੇਘਰਿਆਂ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਲਾਸ ਏਂਜਲਸ ਪੁਲਿਸ ਦਾ ਵਿਸ਼ਵਾਸ਼ ਹੈ ਕਿ ਇਨਾਂ ਨੂੰ ਉਸ ਵੇਲੇ ਗੋਲੀ ਮਾਰੀ ਗਏ ਜਦੋਂ ਉਹ ਇਕੱਲੇ ਸੁੱਤੇ ਪਏ ਸਨ। ਲਾਸ ਏਂਜਲਸ ਪੁਲਿਸ ਮੁਖੀ ਮੀਸ਼ੈਲ ਮੂਰ ਨੇ ਕਿਹਾ ਕਿ ਸ਼ੱਕੀ ਦੀ ਪਛਾਣ ਜੈਰਿਡ ਜੋਸਫ ਪਾਵੇਲ (33) ਵਜੋਂ ਹੋਈ ਹੈ ਜੋ ਇਕ ਕਾਲਾ ਹੈ ਤੇ ਲਾਸ ਏਂਜਲਸ ਦਾ ਹੀ ਵਸਨੀਕ ਹੈ। ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਅਨੁਸਾਰ ਉਸ ਨੂੰ ਵਾਹਣਾਂ ਦੀ ਤਲਾਸ਼ ਦੌਰਾਨ ਉਸੇ ਦਿਨ ਗ੍ਰਿਫਤਾਰ ਕੀਤਾ ਗਿਆ ਜਿਸ ਦਿਨ ਤੀਸਰੇ ਬੇਘਰੇ ਵਿਅਕਤੀ ਦੀ ਹੱਤਿਆ ਹੋਈ ਸੀ।