ਕਾਬੁਲ ਬੰਬ ਧਮਾਕਾ ਇਕ ਆਤਮਘਾਤੀ ਹਮਲਾਵਰ ਨੇ ਕੀਤਾ ਸੀ-ਜਾਂਚ ਉਪੰਰਤ ਖੁਲਾਸਾ
* ਬੈਰਿੰਗਾਂ ਦੀ ਗੋਲੀਆਂ ਜਿਆਦਾ ਘਾਤਕ ਸਾਬਤ ਹੋਈਆਂ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 5 ਫਰਵਰੀ (ਹੁਸਨ ਲੜੋਆ ਬੰਗਾ)- ਅਫਗਾਨਿਸਤਾਨ ਵਿਚੋਂ ਅਮਰੀਕੀ ਸੈਨਿਕਾਂ ਦੀ ਵਾਪਿਸੀ ਮੌਕੇ 26 ਅਗਸਤ ਨੂੰ ਕਾਬੁਲ ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਬੰਬ ਧਮਾਕੇ ਜਿਸ ਵਿਚ 13 ਅਮਰੀਕੀ ਸੈਨਿਕ ਤੇ ਘਟੋ ਘੱਟ 170 ਅਫਗਾਨਿਸਤਾਨੀ ਮਾਰੇ ਗਏ ਸਨ, ਇਕ ਹੀ ਆਤਮਘਾਤੀ ਹਮਲਾਵਰ ਨੇ ਕੀਤਾ ਸੀ। ਇਹ ਸਿੱਟਾ ਕਈ ਮਹੀਨਿਆਂ ਦੀ ਜਾਂਚ ਉਪਰੰਤ ਕੱਢਿਆ ਗਿਆ ਹੈ। ਜਾਂਚ ਵਿਚ ਕਿਹਾ ਗਿਆ ਹੈ ਕਿ ਆਤਮਘਾਤੀ ਹਮਲਾਵਰ ਨਾਲ ਬੰਨਿਆ ਬੰਬ ਬਹੁਤ ਸ਼ਕਤੀਸ਼ਾਲੀ ਸੀ ਤੇ ਉਸ ਵਿਚ ਬੈਰਿੰਗਾਂ ਦੀਆਂ ਗੋਲੀਆਂ ਭਰੀਆਂ ਹੋਈਆਂ ਸਨ ਜਿਨਾਂ ਕਾਰਨ ਮੌਤਾਂ ਜਿਆਦਾ ਹੋਈਆਂ। ਬੰਬ ਵਿਚ ਤਕਰੀਬਨ 10 ਕਿਲੋ ਮਿਲਟਰੀ ਗਰੇਡ ਧਮਾਕੇਖੇਜ ਸਮੱਗਰੀ ਤੇ 5 ਮਿਲੀਮੀਟਰ ਬਾਲ ਬੈਰਿੰਗਜ ਸਨ। ਮੈਰੀਨ ਜਨਰਲ ਕੈਨੇਥ ਮੈਕਕੇਨਜੀ ਕਮਾਂਡਰ ਯੂ ਐਸ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਇਹ ਜਾਂਚ ਪਹਿਲੀਆਂ ਜਾਂਚ ਤੋਂ ਵੱਖਰੀ ਹੈ ਜਿਨਾਂ ਵਿਚ ਇਕ ਤੋਂ ਵਧ ਹਮਲਾਵਰ ਹੋਣ ਦੀ ਗੱਲ ਕਹੀ ਗਈ ਸੀ। ਉਨਾਂ ਕਿਹਾ ਹੈ ਕਿ ਹੁਣ ਸਾਨੂੰ ਪਤਾ ਲੱਗਾ ਹੈ ਕਿ ਧਮਾਕਾਖੇਜ ਸਮਗਰੀ ਦੇ ਨਾਲ ਬੈਰਿੰਗਾਂ ਦੀਆਂ ਗੋਲੀਆਂ ਨੇ ਜਿਆਦਾ ਲੋਕਾਂ ਨੂੰ ਜਖਮੀ ਕੀਤਾ ਤੇ ਮਾਰਿਆ। ਇਸ ਧਮਾਕੇ ਵਿਚ ਬਹੁਤ ਸਾਰੇ ਲੋਕ ਜਖਮੀ ਹੋਏ ਸਨ ਜਿਨਾਂ ਵਿਚ 45 ਦੇ ਕਰੀਬ ਅਮਰੀਕੀ ਸੈਨਿਕ ਵੀ ਸ਼ਾਮਿਲ ਸਨ।
Comments (0)