ਨਿਊਯਾਰਕ ਵਿਚ ਹੋਏ ਦਿਵਾਲੀ ਸਮਾਗਮ ਵਿਚ ਭਾਰਤੀ ਭਾਈਚਾਰੇ ਨੇ ਕੀਤੀ ਵੱਡੀ ਗਿਣਤੀ ਵਿਚ ਸ਼ਮੂਲੀਅਤ
* ਮੇਅਰ ਐਰਿਕ ਐਡਮਜ ਤੇ ਹੋਰਨਾਂ ਨੇ ਦਿੱਤੀਆਂ ਦਿਵਾਲੀ ਦੀਆਂ ਮੁਬਾਰਕਾਂ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਚ ਦਿਵਾਲੀ ਸਮਾਗਮ ਪੂਰੇ ਉਤਸ਼ਾਹ ਤੇ ਰਵਾਇਤੀ ਰਸਮਾਂ ਨਾਲ ਅਯੋਜਿਤ ਕੀਤਾ ਗਿਆ ਜਿਸ ਵਿਚ ਮੇਅਰ ਐਰਿਕ ਐਡਮਜ, ਨਿਊਯਾਰਕ ਦੇ ਸੈਨੇਟਰ ਚਾਰਲਸ ਈ ਸ਼ੂਮਰ, ਸਟੇਟ ਅਸੰਬਲੀ ਵੋਮੈਨ ਮੈਂਬਰ ਜੈਨੀਫਰ ਰਾਜ ਕੁਮਾਰ , ਮੈਨਹਟਨ ਬੋਰੌਘ ਦੇ ਪ੍ਰਧਾਨ ਮਾਰਕ ਲੈਵਾਈਨ ਤੇ ਨਿਊਯਾਰਕ ਵਿਚਲੇ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਸਮੇਤ ਵੱਡੀ ਗਿਣਤੀ ਵਿਚ ਅਮਰੀਕੀ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਭਾਰਤ ਦੇ ਵੱਖ ਵੱਖ ਹਿੱਸਿਆਂ ਨਾਲ ਸਬੰਧਤ ਲੋਕਾਂ ਨੇ ਵੱਖੋ ਵੱਖਰੇ ਪਹਿਰਾਵੇ ਪਹਿਣ ਕੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਜੋ ਭਾਰਤ ਦੇ ਬਹੁ-ਸਭਿਆਚਾਰਕ ਸਮਾਜ ਦਾ ਪ੍ਰਤੀਕ ਸਨ। ਮੇਅਰ ਐਡਮਜ ਤੇ ਹੋਰਨਾਂ ਨੇ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਦੀਵੇ ਤੇ ਮੋਮਬਤੀਆਂ ਜਗਾ ਕੇ ਇਕਜੁੱਟਤਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ। ਵੱਖ ਵੱਖ ਬੁਲਾਰਿਆਂ ਦੇ ਸੰਬੋਧਨ ਦੌਰਾਨ ਕਲਾਕਾਰਾਂ ਨੇ ਖੂਬ ਰੰਗ ਬੰਨਿਆ। ਸਮਾਗਮ ਦਾ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਵਿਚ ਸ਼ੂਮਰ ਨੇ ਕਿਹਾ ' ਅਸੀਂ ਦਿਵਾਲੀ ਨੂੰ ਮਾਨਤਾ ਦਿੰਦੇ ਹਾਂ। ਸਾਨੂੰ ਔਰਤਾਂ ਦੀ ਸ਼ਕਤੀ ਤੇ ਉਨਾਂ ਵੱਲੋਂ ਅਮਰੀਕਾ ਵਿਚ ਨਿਭਾਈ ਭੂਮਿਕਾ ਨੂੰ ਮਾਨਤਾ ਦੇਣ ਦੀ ਲੋੜ ਹੈ। ਆਓ ਆਪਾਂ ਆਪਣੇ ਦੇਸ਼ ਤੇ ਸ਼ਹਿਰ ਦੇ ਨਾਲ ਨਾਲ ਔਰਤਾਂ ਦੀ ਤਰਕੀ ਲਈ ਕੰਮ ਕਰੀਏ।' ਬੀਬੀ ਜੈਨੀਫਰ ਰਾਜਕੁਮਾਰ ਨੇ ਮੇਅਰ ਐਡਮਜ ਦੀ ਤਾਰੀਫ ਕਰਦਿਆਂ ਕਿਹਾ ਕਿ ਅਸੀਂ ਜਨਤਿਕ ਤੌਰ 'ਤੇ ਉਨਾਂ ਨੂੰ ਹਿੰਦੂ ਮੇਅਰ ਕਹਿੰਦੇ ਹਾਂ। ਉਹ ਪੌਦਿਆਂ ਅਧਾਰਤ ਖਾਣਾ ਖਾਣ ਤੇ ਸਮਾਧੀ ਲਾਉਣ ਸਮੇਤ ਹਿੰਦੂ ਸਮਾਜ ਵਿਚ ਪ੍ਰਚਲਤ ਰੀਤੀ ਰਿਵਾਜਾਂ ਦਾ ਸਨਮਾਨ ਕਰਦੇ ਹਨ। ਉਨਾਂ ਕਿਹਾ ਕਿ ਮੈਨੂੰ ਨਿਊਯਾਰਕ ਸਟੇਟ ਅਸੰਬਲੀ ਵਿਚ ਪਹਿਲੀ ਹਿੰਦੂ ਔਰਤ ਵਜੋਂ ਚੁਣ ਕੇ ਆਉਣ ਦਾ ਮਾਣ ਸਨਮਾਨ ਮਿਲਿਆ ਹੈ ਪਰੰਤੂ ਗੱਲ ਇਥੇ ਹੀ ਖਤਮ ਨਹੀਂ ਹੋਵੇਗੀ ਤੇ ਆਉਣ ਵਾਲੇ ਸਮੇ ਵਿਚ ਹੋਰ ਭਾਰਤੀ ਔਰਤਾਂ ਸਟੇਟ ਅਸੰਬਲੀ ਵਿਚ ਚੁਣ ਕੇ ਆਉਣਗੀਆਂ। ਕੌਂਸਲ ਜਨਰਲ ਜੈਸਵਾਲ ਨੇ ਕਿਹਾ ਕਿ ਅਸੀਂ ਟਾਈਮਜ਼ ਸਕੁਏਅਰ ਵਿਚ ਹਰ ਸਾਲ ਦਿਵਾਲੀ ਮਨਾਉਂਦੇ ਹਾਂ ਪਰੰਤੂ ਇਸ ਵਾਰ ਦਾ ਦਿਵਾਲੀ ਸਮਾਗਮ ਖਾਸ ਹੈ । ਇਸ ਸਾਲ ਦੀ ਦਿਵਾਲੀ ਅਸੀਂ 75 ਸਾਲਾ ਆਜ਼ਾਦੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਮੰਨਾ ਰਹੇ ਹਾਂ। ਇਸ ਮੌਕੇ ਲੱਗੇ ਦਿਵਾਲੀ ਬਜ਼ਾਰ ਵਿਚ ਭਾਰਤ ਦੇ ਵੱਖ ਵੱਖ ਰਵਾਇਤੀ ਖਾਣਿਆਂ ਤੇ ਮਠਿਆਈਆਂ ਦਾ ਆਨੰਦ ਲੋਕਾਂ ਨੇ ਲਿਆ।
Comments (0)