ਅਮਰੀਕਾ ਨੇ ਭਾਰਤੀਆਂ ਨੂੰ ਵੀਜ਼ੇ ਜਾਰੀ ਕਰਨ ਵਿਚ ਹੁੰਦੀ ਦੇਰੀ ਖਤਮ ਕਰਨ ਲਈ ਕਈ ਕਦਮ ਚੁੱਕੇ

ਅਮਰੀਕਾ ਨੇ ਭਾਰਤੀਆਂ ਨੂੰ ਵੀਜ਼ੇ ਜਾਰੀ ਕਰਨ ਵਿਚ ਹੁੰਦੀ ਦੇਰੀ ਖਤਮ ਕਰਨ ਲਈ ਕਈ ਕਦਮ ਚੁੱਕੇ

* ਇਸ ਸਾਲ ਹੁਣ ਤੱਕ 36% ਵਧ ਵੀਜ਼ੇ ਜਾਰੀ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ , (ਹੁਸਨ ਲੜੋਆ ਬੰਗਾ) - ਅਮਰੀਕਾ ਨੇ ਇਸ ਸਾਲ ਭਾਰਤੀਆਂ ਨੂੰ ਪਿਛਲੇ ਸਾਲਾਂ ਦੀ ਤੁਲਨਾ ਵਿਚ ਵਧ ਵੀਜ਼ੇ ਜਾਰੀ ਕਰਨ ਲਈ ਕਈ ਕਦਮ ਚੁੱਕੇ ਹਨ। ਅਮਰੀਕਾ ਦੇ ਵਿਦੇਸ਼ ਵਿਭਾਗ ਕੌਂਸਲਰ ਆਪਰੇਸ਼ਨਜ ਦੇ ਸੀਨੀਅਰ ਅਧਿਕਾਰੀ ਜੂਲੀ ਸਟਫ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੁੱਕੇ ਗਏ ਕਦਮਾਂ ਦੇ ਸਿੱਟੇ ਵਜੋਂ ਭਾਰਤੀਆਂ ਨੂੰ ਕੋਵਿਡ 19 ਮਹਾਮਾਰੀ ਤੋਂ ਪਹਿਲਾਂ ਦੀ ਤੁਲਨਾ ਵਿਚ ਇਸ ਸਾਲ ਹੁਣ ਤੱਕ 36% ਵਧ ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ ਜੋ ਭਾਰੀ ਵਾਧਾ ਹੈ। ਉਨਾਂ ਕਿਹਾ ਕਿ ਵੀਜ਼ੇ ਜਾਰੀ ਕਰਨ ਵਿਚ ਹੁੰਦੀ ਦੇਰੀ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ ਹੈ ਤੇ ਭਵਿੱਖ ਵਿਚ ਇਹ ਯਤਨ ਜਾਰੀ ਰਹੇਗਾ। ਭਾਰਤ ਤੇ ਅਮਰੀਕਾ ਵਿਚ ਦਰਖਾਸਤਾਂ ਦੀ ਪ੍ਰਾਸੈਸਿੰਗ ਵਿਚ ਹੁੰਦੀ ਦੇਰੀ ਨੂੰ ਖਤਮ ਕਰਨ ਲਈ ਕਦਮ ਚੁੱਕੇ ਗਏ ਹਨ। ਇਸ ਮਕਸਦ ਲਈ ਇੰਡੀਅਨ ਮਿਸ਼ਨ ਵਿਚ ਕੌਂਸਲਰ ਆਪਰੇਸ਼ਨਜ ਵਿਚ ਹੋਰ ਸਟਾਫ਼ ਭਰਤੀ ਕੀਤਾ ਗਿਆ ਹੈ ਤੇ 'ਸੁਪਰ ਸ਼ਨੀਵਾਰ' ਨੂੰ  ਸਟਾਫ ਸਾਰਾ ਦਿਨ ਵੀਜ਼ੇ ਜਾਰੀ ਕਰਨ ਦਾ ਕੰਮ ਨਿਪਟਾ ਰਿਹਾ ਹੈ। ਇਸ ਤੋਂ ਇਲਾਵਾ ਰਾਜਾਂ ਨੂੰ ਗਰਮ ਰੁੱਤ ਤੋਂ ਕੁਝ ਸ਼੍ਰੇਣੀਆਂ ਵਿਚ ਤਰਜੀਹੀ ਆਧਾਰ 'ਤੇ ਵੀਜ਼ੇ ਨਵੀਨੀਕਰਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਟਫ ਨੇ ਕਿਹਾ ਕਿ ਅਸੀਂ ਇਸ ਗੱਲ ਲਈ ਦ੍ਰਿੜ ਸੰਕਲਪ ਹਾਂ ਕਿ ਕਿਸੇ ਵੀ ਭਾਰਤੀ ਨੂੰ ਵੀਜ਼ਾ ਲਈ ਸਮਾਂ ਲੈਣ ਜਾਂ ਵੀਜ਼ਾ ਲੈਣ ਲਈ ਲੰਬਾ ਸਮਾਂ ਉਡੀਕ ਨਾ ਕਰਨੀ ਪਵੇ।