ਅਮਰੀਕਾ ਦੇ ਹੋਸਟਨ ਸ਼ਹਿਰ ਵਿਚ ਤਲਾਬ ਵਿਚੋਂ ਗੈਸ ਚੜਨ ਨਾਲ 7 ਬੱਚਿਆਂ ਸਮੇਤ 12 ਲੋਕ ਬਿਮਾਰ, ਹਸਪਤਾਲ ਦਾਖਲ

ਅਮਰੀਕਾ ਦੇ ਹੋਸਟਨ ਸ਼ਹਿਰ ਵਿਚ ਤਲਾਬ ਵਿਚੋਂ ਗੈਸ ਚੜਨ ਨਾਲ 7 ਬੱਚਿਆਂ ਸਮੇਤ 12 ਲੋਕ ਬਿਮਾਰ, ਹਸਪਤਾਲ ਦਾਖਲ
ਕੈਪਸ਼ਨ :ਵੈਸਟ ਹੋਸਟਨ ਕਲੱਬ ਦਾ ਪ੍ਰੇਵਸ਼ ਦੁਆਰ ਜਿਥੇ ਤਲਾਬ ਵਿਚੋਂ ਗੈਸ ਚੜ ਜਾਣ ਕਾਰਨ 12 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਪ੍ਰਸਿੱਧ ਸ਼ਹਿਰ ਹੋਸਟਨ (ਹੈਰਿਸ ਕਾਊਂਟੀ) ਦੇ ਇਕ ਤਲਾਬ ਵਿਚ ਨਹਾਉਣ ਗਏ 12 ਲੋਕਾਂ ਨੂੰ ਗੈਸ ਚੜ ਜਾਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਦੀ ਰਿਪੋਰਟ ਹੈ। ਹੋਸਟਨ ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤਕਰੀਬਨ ਸ਼ਾਮ 5 ਵਜੇ ਸੂਚਨਾ ਮਿਲੀ ਸੀ ਕਿ ਤਲਾਬ ਵਿਚ ਨਹਾਉਣ ਆਏ ਕੁਝ ਲੋਕ ਅਣਸੁਖਾਵਾਂ ਮਹਿਸੂਸ ਕਰ ਰਹੇ ਹਨ। ਹੋਸਟਨ ਫਾਇਰ ਵਿਭਾਗ ਦੇ ਮੁੱਖੀ ਸੈਮੂਏਲ ਪੇਨਾ ਨੇ ਕਿਹਾ ਹੈ ਕਿ ਤਲਾਬਾਂ ਵਿਚੋਂ ਕਿਟਾਣੂ ਖਤਮ ਕਰਨ ਲਈ ਕਲੋਰੀਨ ਦੀ ਵਰਤੋਂ ਕੀਤੀ ਜਾਂਦੀ ਹੈ। ਤਾਜਾ ਘਟਨਾ ਕਲੋਰੀਨ ਦੀ ਜਿਆਦਾ ਮਾਤਰਾ ਵਿਚ ਹੋਈ ਵਰਤੋਂ ਕਾਰਨ ਵਾਪਰੀ ਹੈ। ਉਨਾਂ ਕਿਹਾ ਕਿ ਤਲਾਬਾਂ ਵਿਚ ਕਲੋਰੀਨ ਦੀ ਜਿਆਦਾ ਮਾਤਰਾ ਵਿਚ ਵਰਤੋਂ ਕਾਰਨ ਚਮੜੀ ਜਾਂ ਅੱਖਾਂ ਵਿਚ ਜਲਣ ਹੋ ਸਕਦੀ ਹੈ ਜਾਂ ਸਾਹ ਲੈਣ ਵਿਚ ਤਕਲੀਫ ਵਰਗੇ ਲਛਣ ਨਜਰ ਆ ਸਕਦੇ ਹਨ। ਹੋਸਟਨ ਫਾਇਰ ਵਿਭਾਗ ਅਨੁਸਾਰ 7 ਬੱਚਿਆਂ ਤੇ 3 ਬਾਲਗਾਂ ਨੂੰ ਖੇਤਰ ਵਿਚਲੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਦ ਕਿ 2 ਜਣੇ ਖੁਦ ਹੀ ਹਸਪਤਾਲ ਪਹੁੰਚ ਗਏ ਸਨ।