ਅਮਰੀਕਾ ਦੇ ਇੰਡਿਆਨਾ ਰਾਜ ਵਿਚ ਹੈਲੋਵੀਨ ਦਿਵਸ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਤੇ 9 ਹੋਰ ਜ਼ਖਮੀ

ਅਮਰੀਕਾ ਦੇ ਇੰਡਿਆਨਾ ਰਾਜ ਵਿਚ ਹੈਲੋਵੀਨ ਦਿਵਸ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਤੇ 9 ਹੋਰ ਜ਼ਖਮੀ
 ਕੈਪਸ਼ਨ ਇੰਡਿਆਨਾਪੋਲਿਸ ਵਿਚ ਗੋਲੀ ਚੱਲਣ ਦੀ ਘਟਨਾ ਉਪਰੰਤ ਮੌਕੇ 'ਤੇ ਪੁਲਿਸ ਵੱਲੋਂ ਕੀਤੀ ਨਾਕਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇੰਡਿਆਨਾ ਰਾਜ ਦੀ ਰਾਜਧਾਨੀ ਇੰਡਿਆਨਾਪੋਲਿਸ ਵਿਚ ਇਕ ਹੈਲੋਵੀਨ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਮੌਤ ਹੋਣ ਤੇ 9 ਹੋਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਗੋਲੀਬਾਰੀ ਦੀ ਇਹ ਘਟਨਾ ਬੀਤੇ ਦਿਨ ਤੜਕਸਾਰ ਵਾਪਰੀ। ਇੰਡਿਆਨਾਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਫਸਰ ਸੈਮਵਨ ਬੁਰਿਸ ਨੇ ਕਿਹਾ ਹੈ ਕਿ ਅੱਧੀ ਰਾਤ ਤੋਂ ਬਾਅਦ ਇਕ ਵੱਡੀ ਪਾਰਟੀ ਦੌਰਾਨ ਗੋਲੀਆਂ ਚੱਲਣ ਤੇ ਲੋਕਾਂ ਵੱਲੋਂ ਇਧਰ ਉਧਰ ਭੱਜਣ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਮੌਕੇ ਉਪਰ ਪੁੱਜੀ। ਬੁਰਿਸ ਅਨੁਸਾਰ ਇਕ ਔਰਤ ਨੂੰ ਮੌਕੇ ਉਪਰ ਮ੍ਰਿਤਕ ਅਲਾਨ ਦਿੱਤਾ ਗਿਆ ਜਿਸ ਦੀ ਅਜੇ ਪਛਾਣ ਨਹੀਂ ਹੋਈ ਜਦ ਕਿ 9 ਵਿਅਕਤੀਆਂ ਨੂੰ ਖੇਤਰ ਵਿਚਲੇ ਹਸਪਤਾਲਾਂ ਵਿਚ ਲਿਜਾਇਆ ਗਿਆ। ਪੀੜਤਾਂ ਦੀ ਉਮਰ 16 ਤੋਂ 22 ਸਾਲ ਦੇ ਦਰਮਿਆਨ ਹੈ।  ਪੁਲਿਸ ਨੇ ਕਿਹਾ ਹੈ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿੱਰ ਹੈ। ਅਜੇ ਇਹ ਸਪਸ਼ਟ ਨਹੀਂ ਹੈ ਕਿ ਗੋਲੀ ਚੱਲਣ ਦਾ ਕਾਰਨ ਕੀ ਸੀ ਤੇ ਕਿੰਨੇ ਜਣਿਆਂ ਨੇ ਗੋਲੀਆਂ ਚਲਾਈਆਂ। ਬੁੁਰਿਸ ਨੇ ਕਿਹਾ ਹੈ ਕਿ ਅਨੇਕਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਜਾਂਚਕਾਰ ਗੋਲੀ ਚੱਲਣ ਦੀ ਘਟਨਾ ਵਿਚ ਸ਼ਾਮਿਲ ਲੋਕਾਂ ਦਾ ਪਤਾ ਲਾਉਣ ਦਾ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਘਟਨਾ  ਸਥਾਨ ਤੋਂ ਕਈ ਹੱਥਿਆਰ ਫੜੇ ਗਏ ਹਨ।