ਫਿਲਾਡੈਲਫੀਆ ਵਿਚ ਦੋ ਮੰਜਿਲਾ ਘਰ ਨੂੰ ਲੱਗੀ ਅੱਗ ਵਿਚ ਸੜਣ ਨਾਲ 3 ਬੱਚਿਆਂ ਸਮੇਤ 4 ਦੀ ਮੌਤ

ਫਿਲਾਡੈਲਫੀਆ ਵਿਚ ਦੋ ਮੰਜਿਲਾ ਘਰ ਨੂੰ ਲੱਗੀ ਅੱਗ ਵਿਚ ਸੜਣ ਨਾਲ 3 ਬੱਚਿਆਂ ਸਮੇਤ 4 ਦੀ ਮੌਤ
ਕੈਪਸ਼ਨ: ਘਰ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਕਰਮਚਾਰੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ:(ਹੁਸਨਲੜੋਆ ਬੰਗਾ):ਫਿਲਾਡੈਲਫੀਆ ਦੇ ਇਕ ਦੋ ਮਜਿੰਲਾ ਘਰ ਨੂੰ ਲੱਗੀ ਅੱਗ ਵਿਚ ਸੜ ਕੇ 3 ਬੱਚਿਆਂ ਤੇ ਇਕ ਔਰਤ ਦੀ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਕੈਥੀ ਮੈਥਸਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਐਤਵਾਰ ਤੜਕਸਾਰ 2 ਵਜੇ  ਹਰਟਵਿਲੇ ਸਟਰੀਟ ਵਿਚ ਦੋ ਮੰਜਿਲਾ ਇਮਾਰਤ ਦੇ ਇਕ ਘਰ ਵਿਚ ਲੱਗੀ। ਜਦੋਂ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮ ਮੌਕੇ ਉਪਰ ਪੁੱਜੇ ਤਾਂ ਘਰ ਦੀਆਂ ਦੋਨਾਂ ਮਜਿੰਲਾਂ ਵਿਚੋਂ ਧੂੰਆਂ ਨਿਕਲ ਰਿਹਾ ਸੀ। ਉਨਾਂ ਦੱਸਿਆ ਕਿ ਅੱਗ ਲੱਗਣ ਸਮੇ ਘਰ ਵਿਚ 5 ਲੋਕ ਸਨ ਜਿਨਾਂ ਵਿਚੋਂ 3 ਬੱਚਿਆਂ ਤੇ 1 ਔਰਤ ਦੀ ਮੌਤ ਹੋ ਗਈ ਜਦ ਕਿ ਪੰਜਵਾਂ ਵਿਅਕਤੀ ਜੋ ਔਰਤ ਹੀ ਸੀ, ਨੇ ਦੂਸਰੀ ਮੰਜਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮੈਥਸਨ ਨੇ ਦੱਸਿਆ ਕਿ ਅੱਗ ਉਪਰ ਅੱਧੇ ਘੰਟੇ ਵਿਚ ਕਾਬੂ ਪਾ ਲਿਆ ਗਿਆ। ਉਨਾਂ ਦੱਸਿਆ ਕਿ ਫਿਲਾਡੈਲਫੀਆ ਦੇ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਵੱਲੋਂ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂ ਕਿ ਸਪੱਸ਼ਟ ਤੌਰ 'ਤੇ ਮੌਤਾਂ ਸੜਣ ਨਾਲ ਹੋਈਆਂ ਪ੍ਰਤੀਤ ਹੋ ਰਹੀਆਂ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।