ਅਮਰੀਕਾ ਵਿਚ ਪੈਦਲ ਜਾ ਰਹੇ ਲੋਕਾਂ ਉਪਰ ਟਰੱਕ ਚੜਿਆ, ਡਰਾਈਵਰ ਗ੍ਰਿਫਤਾਰ - 8 ਜ਼ਖਮੀਆਂ ਵਿਚੋਂ 2 ਦੀ ਹਾਲਤ ਬੇਹੱਦ ਗੰਭੀਰ
ਘਟਨਾ ਦਾ ਅੱਤਵਾਦ ਨਾਲ ਸਬੰਧ ਨਹੀਂ- ਪੁਲਿਸ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊਯਾਰਕ ਵਿਚ ਇਕ ਯੂ ਹਾਲ ਟਰੱਕ ਪੈਦਲ ਜਾ ਰਹੇ ਲੋਕਾਂ ਉਪਰ ਚੜਨ ਉਪਰੰਤ ਹਫੜਾ ਦਫੜੀ ਵਾਲਾ ਮਾਹਲੌ ਬਣ ਗਿਆ। ਇਸ ਘਟਨਾ ਵਿਚ 8 ਲੋਕ ਜ਼ਖਮੀ ਹੋਏ ਹਨ ਜਿਨਾਂ ਵਿਚੋਂ 2 ਦੀ ਹਾਲਤ ਗੰਭੀਰ ਤੇ 2 ਦੀ ਹਾਲਤ ਬੇਹੱਦ ਗੰਭੀਰ ਹੈ। ਇਹ ਜਾਣਕਾਰੀ ਨਿਊਯਾਰਕ ਦੇ ਫਾਇਰ ਵਿਭਾਗ ਨੇ ਇਕ ਅਧਿਕਾਰੀ ਨੇ ਦਿੱਤੀ ਹੈ। ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਇਹ ਘਟਨਾ ਸਨਸੈੱਟ ਪਾਰਕ, ਬਰੁਕਲਿਨ ਵਿਚ ਸਵੇਰੇ 10.49 ਵਜੇ ਉਸ ਵੇਲੇ ਵਾਪਰੀ ਜਦੋਂ ਟਰੱਕ ਡਰਾਈਵਰ ਪੁਲਿਸ ਤੋਂ ਬਚਣ ਦੇ ਯਤਨ ਵਿਚ ਆਪਣਾ ਨਿਯੰਤਰਣ ਗਵਾ ਬੈਠਾ ਤੇ ਟਰੱਕ ਪੈਦਲ ਜਾ ਰਹੇ ਅਨੇਕਾਂ ਲੋਕਾਂ ਉਪਰ ਜਾ ਚੜਿਆ। ਪੁਲਿਸ ਨੇ ਪਿੱਛਾ ਕਰਕੇ ਕੁਝ ਹੀ ਫਾਸਲੇ 'ਤੇ ਟੱਰਕ ਨੂੰ ਰੋਕ ਲਿਆ ਤੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। ਜ਼ਖਮੀਆਂ ਵਿਚ ਇਕ ਪੁਲਿਸ ਅਫਸਰ ਵੀ ਸ਼ਾਮਿਲ ਹੈ। ਪੁਲਿਸ ਦੇ ਬੰਬ ਦਸਤੇ ਨੇ ਟੱਰਕ ਦੀ ਤਲਾਸ਼ੀ ਲੈਣ ਉਪਰੰਤ ਦਸਿਆ ਕਿ ਟਰੱਕ ਵਿਚੋਂ ਬਰਾਮਦ ਹੋਏ ਸਮਾਨ ਤੋਂ ਸੰਕੇਤ ਮਿਲੇ ਹਨ ਕਿ 62 ਸਾਲਾ ਡਰਾਈਵਰ ਪਿਛਲੇ ਕਈ ਦਿਨਾਂ ਤੋਂ ਘਰੋਂ ਬਾਹਰ ਹੀ ਰਹਿ ਰਿਹਾ ਸੀ। ਇਨਫੋਰਸਮੈਂਟ ਸੂਤਰਾਂ ਅਨੁਸਾਰ ਬਰਾਮਦ ਸਮਾਨ ਵਿਚ ਡਰਾਈਵਰ ਦੇ ਕਪੜਿਆਂ ਨਾਲ ਭਰੇ ਪਏ ਡੱਬੇ ਵੀ ਸ਼ਾਮਿਲ ਹਨ। ਜਾਂਚਕਾਰਾਂ ਨੇ ਕਿਹਾ ਹੈ ਕਿ ਉਹ ਡਰਾਈਵਰ ਦੇ ਪਿਛੋਕੜ ਬਾਰੇ ਜਾਣਨ ਦਾ ਯਤਨ ਕਰ ਹਨ ਤੇ ਉਨਾਂ ਦਾ ਵਿਸ਼ਵਾਸ਼ ਹੈ ਕਿ ਇਹ ਘਟਨਾ ਯੋਜਨਾਬੱਧ ਹਮਲਾ ਨਹੀਂ ਸੀ ਬਲ ਕਿ ਕਾਹਲ ਵਿਚ ਪੁਲਿਸ ਕੋਲੋਂ ਬਚ ਕੇ ਨਿਕਲ ਜਾਣ ਦੀ ਕੋਸ਼ਿਸ਼ ਦਾ ਸਿੱਟਾ ਹੈ। ਨਿਊਯਾਰਕ ਪੁਲਿਸ ਵਿਭਾਗ ਦੇ ਕਮਿਸ਼ਨਰ ਕੀਚੰਤ ਸੈਵਲ ਨੇ ਕਿਹਾ ਹੈ ਕਿ ਮੁੱਢਲੇ ਤੌਰ 'ਤੇ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਜੋ ਇਸ ਘਟਨਾ ਦਾ ਸਬੰਧ ਅੱਤਵਾਦ ਨਾਲ ਜੋੜਦਾ ਹੋਵੇ। ਇਸ ਘਟਨਾ ਦੀ ਜਾਣਕਾਰੀ ਗਵਰਨਰ ਕੈਥੀ ਹੋਛਲ ਤੇ ਮੇਅਰ ਏਰਿਕ ਐਡਮਜ ਨੂੰ ਦੇ ਦਿੱਤੀ ਗਈ ਹੈ।
Comments (0)