ਸਿੱਖਾਂ ਵਿੱਚ ਅਨਮਤੀ ਦ੍ਰਿਸ਼ਟੀਕੋਣ ਕਾਰਣ ਨਾਨਕ ਪੰਥ ਹੋ ਰਿਹੈ ਖੁਆਰ

ਸਿੱਖਾਂ ਵਿੱਚ ਅਨਮਤੀ ਦ੍ਰਿਸ਼ਟੀਕੋਣ ਕਾਰਣ ਨਾਨਕ ਪੰਥ ਹੋ ਰਿਹੈ ਖੁਆਰ

ਕੱਟੜਪੁਣਾ ਸਿੱਖ ਗੁਰਦੁਆਰਾ ਐਕਟ ਬਣਨ ਤੋ ਬਾਦ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਦੇਣ ਹੈ

ਨਕਲੀ ਇਤਿਹਾਸ ਲਿਖੇ ਹੋਏ ਪੜ੍ਹੇ ਜਾਣ ਕਰਕੇ, ਕਈ ਪਾਠਕਾਂ ਨੂੰ ਪੂਰੀ ਸਮਝ ਨਹੀਂ ਪੈਂਦੀ। ਬਸਤੀਵਾਦੀ ਸਿੱਖਿਆ ਦਾ ਨਤੀਜਾ ਜੋ ਹੋਇਆ।1925 ਵਿਚ ਸਿੱਖ ਗੁਰਦੁਆਰਾ ਐਕਟ ਬਣਨ ਤੋਂ ਪਹਿਲੋਂ ਪਹਿਲੋਂ, ਜੋਗੀ, ਬੈਰਾਗੀ, ਉਦਾਸੀ ,ਨਿਰਮਲੇ, ਸੇਵਾਪੰਥੀ ਅਤੇ ਹੋਰ ਅਨੇਕ ਸੰਗਤਾਂ, ਸਾਰੇ ਹੀ ਭਿੰਨ ਭਿੰਨ ਸੈਮੀਨਰੀਜ ਨਾਲ ਸੰਬੰਧਿਤ ਹੁੰਦੇ ਸਨ ਅਤੇ ਸਾਰੇ ਹੀ ਨਾਨਕ ਪੰਥੀਆਂ ਵਾਲੇ ਕੰਪੋਜਿਟ ਸਰੂਪ ਵਿਚ ਰਲਗੱਡ ਸਨ, ਜਿਹਨਾਂ ਵਿਚ ਮੁਸਲਿਮ ਜੋਗੀ ਵੀ ਸ਼ਾਮਿਲ ਸਨ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਤਾਂ ਨਮਾਜ਼ੀ ਸਿੰਘ ਵੀ ਸੁਣੀਂਦੇ ਸਨ। 

ਪਾਕਿਸਤਾਨ ਬਣਨ ਤੋਂ ਪਹਿਲੋਂ ਕਸੂਰ ਵਿਚ ਵੈਸਾਖੀ ਨੂੰ, ਰਾਮ ਥੰਮਨ ਵਿਚ ਇਹਨਾਂ ਦਾ ਤਿੰਨ ਦਿਨਾ ਮੇਲਾ ਵੀ ਲੱਗਦਾ ਸੀ, ਜਿਸ ਵਿਚ ਸਬ ਕਾਂਟੀਨੈਂਟ ਭਰ ਤੋ ਸਾਰੇ ਗਰੁੱਪ ਇਕੱਠੇ ਹੋ ਕੇ ਗੋਸ਼ਟਾਂ ਕਰਦੇ ਸਨ। ਪੁਰਾਣੀਆਂ ਫੋਟੋਆਂ ਅਤੇ ਕੰਧ ਚਿੱਤਰਾਂ ਵਿਚ ਓਸ ਦਾ ਦਰਪਣ ਝਲਕਦਾ ਹੈ । ਇਸੇ ਤਰ੍ਹਾਂ ਹੀ ਇੱਕ ਵਿਦੇਸ਼ੀ ਦਾ ਬਣਾਇਆ ਚਿੱਤਰ ਵੀ ਦਰਸਾ ਰਿਹਾ ਹੈ, ਜਿਸ ਵਿਚ ਲਾਹੌਰ ਦੀ ਸੜਕ ਵਿਚ ਸਰਕਾਰ ਰਣਜੀਤ ਸਿੰਘ ਹਾਥੀ ਤੇ ਸਵਾਰ ਜਾ ਰਿਹਾ ਵਿਖਾਇਆ ਗਿਆ ਹੈ ਅਤੇ ਤਕਰੀਬਨ ਹਰੇਕ ਮਤ ਦੇ ਪੈਰੋਕਾਰ ਉਸ ਵਿਚ ਤੁਰਦੇ ਹੋਏ ਵਿਖਾਏ ਗਏ ਹਨ ਉਹ ਵੀ ਪੂਰੀ ਆਜ਼ਾਦੀ ਦੇ ਸਵੈਮਾਣ ਵਿਚ ਭਰੇ।

ਨਗਾਰੇ, ਉਦਾਸੀਆਂ ਨਿਰਮਲਿਆਂ ਦੇ ਵੀ ਹੁੰਦੇ ਸਨ ਸਿੰਘਾਂ ਸਮੇਤ । ਦਰਅਸਲ ਤਖਤ, ਉਦਾਸੀਆਂ ਅਤੇ ਨਿਰਮਲਿਆਂ ਦੇ ਵੀ ਹੁੰਦੇ ਸਨ । ਅੰਮ੍ਰਿਤਸਰ ਦੇ ਪਹਿਲੇ ਨਾਉਂ, ਗੁਰੂ ਕੇ ਚੱਕ ਨੂੰ, ਧਰਮਪੀਠ ਰੂਪੀ “ਤਖਤ ਬੁੰਗਾ-ਅਕਾਲ”, ਲਹੌਰ ਸਰਕਾਰ ਵੇਲੇ ਨਿਰਮਲਿਆਂ ਨੇ ਹੀ ਰੂਪ ਦਿੱਤਾ ਸੀ। ਕਿਉਂਕਿ ਫ਼ੌਜੀ ਕਿਰਦਾਰ ਸਰਕਾਰੇ ਖਾਲਸਾ ਦੀ ਪੇਸ਼ਾਵਰ ਫੌਜ ਪਾਸ ਚਲਿਆ ਗਿਆ । ਸੋ ਦਲ ਖਾਲਸਾ ਦੇ ਸਿੰਘਾਂ ਦਾ ਤਖਤ ਚੱਲਦਾ ਵਹੀਰ, ਚੱਕਰਵਰਤੀ ਹੀ ਰਿਹਾ । ਉਦਾਸੀਆ ਦਾ ਤਖਤ ਕੀਰਤਪੁਰ ਵਿਚ ਸੀ ਜਿਸ ਨੂੰ ਸੰਗਮਰਮਰ ਵਿਚ ਢੱਕ ਕੇ   ਸ੍ਰੋਮਣੀ  ਕਮੇਟੀ ਨੇ, ਇਹ ਇਤਿਹਾਸਕ ਨਿਸ਼ਾਨ ਤੀਹ ਕੁ ਸਾਲ ਪਹਿਲਾਂ ਹੀ ਮਿਟਾ ਦਿੱਤਾ ਸੀ । ਸਾਈਂ ਬੁਝਣ ਸ਼ਾਹ ਦੀ ਯਾਦਗਾਰ ਨਾਲ ਲੱਗਦੀ ਹੀ ਬਾਬਾ ਸ੍ਰੀ ਚੰਦ ਜੀ ਦੇ ਵਾਰਿਸ ਬਾਬਾ ਗੁਰਦਿੱਤਾ ਜੀ ਉਦਾਸੀ ਦੀ ਯਾਦਗਾਰ ਹੈ ਇਹ ।

ਕੱਟੜਪੁਣਾ ਸਿੱਖ ਗੁਰਦੁਆਰਾ ਐਕਟ ਬਣਨ ਤੋ ਬਾਦ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਦੇਣ ਹੈ ।

1925 ਤੋ ਲੈ ਕੇ ਗੁਰਦੁਆਰਿਆਂ ਨੂੰ ਸ੍ਰੋਮਣੀ ਕਮੇਟੀ ਦੀ ਜਾਇਦਾਦ ਵਾਲਾ ਰੂਪ ਦੇਂਦੇ ਹੋਏ 1950 ਤੀਕਰ ਮਾਇਆ ਨੰਗੀ ਹੋ ਕੇ ਨੱਚੀ ਅਤੇ ਉਦਾਸੀ ਆਪਣੇ ਮੱਠ ਬਚਾਉਂਦੇ ਹੋਏ ਨਿਸ਼ਾਨ ਸਾਹਿਬ ਅਤੇ ਪੋਥੀ ਸਾਹਿਬ ਗਾਇਬ ਕਰ ਕੇ ਬਾਹਰ ਹੋ ਗਏ। 1980 ਤੀਕਰ ਭਾਰਤ ਭਰ ਵਿਚ ਗਿਣਤੀ ਵਿੱਚ ਸਭ ਤੋ ਵੱਧ ਅਤੇ ਵੱਧ ਧਨਵਾਨ ਮੱਠ ਉਦਾਸੀਆਂ ਦੇ ਹੀ ਸਨ । ਪੰਥ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਬਸਤੀਵਾਦ ਪ੍ਰਭਾਵਿਤ ਨਵਸਿੱਖ ਅਕਾਲੀਆਂ ਨੇ ।

ਰਬਾਬੀ ਮੁਸਲਮਾਨਾ ਨੂੰ ਅਨਮਤੀਏ ਕਰਾਰ ਦੇ ਕੇ ਨਵ-ਅੰਮ੍ਰਿਤਧਾਰੀਆਂ ਨੇ ਪੇਸ਼ੇ ਦੇ ਲੋਭ ਵਿਚ ਗੁਰਦੁਆਰਿਆਂ ਵਿਚੋਂ ਕੱਢਣਾ ਸ਼ੁਰੂ ਕਰ ਦਿੱਤਾ, ਐਸੀ ਮਾਰ ਅੰਮ੍ਰਿਤਧਾਰੀ ਪੇਸ਼ੇਵਰ ਕੀਰਤਨੀਏ ਅਤੇ ਕਥਾਕਾਰਾਂ ਅਤੇ ਮਾਇਆਧਾਰੀਆਂ ਦੀ ਪਈ ਕਿ ਕੀਰਤਨ ਕਲਾ ਹੁਨਰ ਅਤੇ ਕਥਾਕਾਰੀ ਗੁਹਜ ਹੀ ਗੁਰਦੁਆਰਿਆਂ ਵਿਚੋਂ ਗਾਇਬ ਹੋ ਗਿਆ। ਪਿੱਛੇ ਜਿਹੇ ਰਬਾਬੀ ਭਾਈ ਚਾਂਦ ਜੀ ਅਤੇ ਭਾਈ ਲਾਲ ਜੀ ਪਾਕਿਸਤਾਨ ਤੋਂ ਆ ਕੇ ਜੋ ਵਿਲੱਖਣ ਕਲਾ ਹੁਨਰ ਅਤੇ ਪ੍ਰਾਣਾਂ ਨਾਲ ਕੀਰਤਨ ਦੀ ਛਹਿਬਰ ਲਗਾ ਕੇ ਗਏ, ਕਿ ਅਹਿਸਾਸ ਹੋਇਆ ਕਿ ਉਸ ਵਰਗਾ ਸਾਡੇ ਵਿੱਚੋਂ ਵਿਰਾਸਤੀ ਵਿਛੋੜੇ ਦਾ ਨੁਕਸਾਨ ਪੂਰਿਆ ਹੀ ਨਹੀਂ ਜਾ ਸਕਦਾ ।

ਭਾਈ ਗੁਰਦਾਸ ਜੀ ਦੀ ਸਿਰਜੀ ਆਂਦਰਾਂ ਸੰਗਤ ਵਿਚੋਂ ਓਪਤ, ਰਾਧਾਸੁਆਮੀ ਸੰਗਤ ਵੀ ਡੇਰਿਆਂ ਨੂੰ ਬਚਾਉਣ ਲਈ ਬਾਹਰ ਹੋ ਗਏ, ਜਿਸ ਵਿਚੋਂ ਬਾਦ ਵਿਚ ਸਿਰਸਾ ਡੇਰਾ, ਕਿਰਪਾਲ ਸਿੰਘ ਡੇਰਾ, ਠਾਕਰ ਸਿੰਘ ਡੇਰਾ ਵੱਖ ਹੋ ਗਏ ਅਤੇ ਹਰੇਕ ਨੇ ਤੁਫ਼ਾਨੀ ਗੁਰਬਾਣੀ ਪ੍ਰਵਚਨਾਂ ਦੀ ਛਹਿਬਰ ਲਗਾਈ , ਅਤੇ ਸਿੱਖ ਪੰਥ ਵਿਚ ਟੁਕੜੇ ਕਰ ਕਰ ਕੇ ਬੋਚੇ, ਆਪਣੀ ਸੰਗਤ ਵਧਾਉਣ ਲਈ। ਇਹ ਸਾਰੇ ਦੁਸ਼ਪ੍ਰਭਾਵ 1925 ਵਿਚ ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਦੇ ਫਲਸਰੂਪ ਸ੍ਰੋਮਣੀ ਕਮੇਟੀ ਬਣਨ ਕਾਰਣ, ਖੰਡ ਖੰਡ ਬਿਖਰਨ ਦੇ ਪ੍ਰਵਾਹ ਵਿਚ ਅੱਜ ਵੀ ਪਰਚਲਨ ਵਿਚ ਹੈ । ਨਿੱਜੀ ਸਿਆਸੀ ਤਾਕਤ, ਪਾਰਲੀਮਾਨੀ ਪ੍ਰਤਿਨਿਧੀ ਸਿਸਟਮ ਦਾ ਅਨਿੰਨ ਅੰਗ ਹੈ ਜਿਸ ‘ਚ ਸਿੱਖੀ, ਗੁਰਦੁਆਰੀਆ ਹੋ ਕੇ “ਟੈਂਪਲ ਰਿਲੀਜਨ” ਬਣ ਗਈ ਹੈ ਅਤੇ ਇੰਜ ਸਟੇਟ ਦਾ ਮਕਸਦ ਪੂਰਾ ਹੋ ਗਿਆ ਹੈ, ਹੰਨੇ ਹੰਨੇ ਮੀਰੀ ਵਾਲੇ ਪੰਥ-ਧਰਮ ਨੂੰ ਸਿੱਖੀ ਵਿਚੋਂ ਖਾਰਜ ਕਰਨ ਦਾ ।ਪਰ ਸਭ ਤੋ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਇਹ ਅਨੇਕ ਨਾਨਕ ਪੰਥੀ ਸੰਗਤਾਂ, ਪੰਥ ਦੀਆਂ ਸੈਮੀਨਰੀਆਂ ਸਨ, ਜੋ ਕਿ ਬੰਦ ਹੋ ਗਈਆਂ । ਗਿਆਨੀ ਦਿੱਤ ਸਿੰਘ ਵੀ ਇਹਨਾਂ ਵਿੱਚੋਂ ਗੁਲਾਬ ਦਾਸੀ ਸੰਗਤ ਡੇਰੇ ਦੀ ਹੀ ਦੇਣ ਸਨ ।

ਫਿਰ ਸ੍ਰੋਮਣੀ ਕਮੇਟੀ ਤੋ ਅੱਡਰੇ ਆਜ਼ਾਦ ਸੰਤ ਮੱਠ ਗੁਰਦੁਆਰਿਆਂ ਦੀ ਭਰਮਾਰ ਹੋਈ ਅਤੇ ਸਿੰਘ ਸਭੀਆ ਪੂਜਾਧਾਨ-ਪੇਸ਼ਾਵਰ ਗੁਰਦੁਆਰਿਆਂ ਨਾਲ ਤੇ ਗਲ਼ੀਆਂ ਬਾਜ਼ਾਰ ਹੀ ਭਰ ਗਏ, ਪਰੰਤੂ ਸੈਮੀਨਰੀ/ਸਕੂਲ ਯੂਨੀਵਰਸਿਟੀਆਂ  ਗੁਰਦਰਸਨੁ ਆਧਾਰਿਤ ਵਿੱਦਿਆ ਦੇ ਕਿਤੇ ਨਹੀਂ ਬਣੇ ।ਮਾਇਆ ਡਰ ਡਰਪਤ ਹਾਰ ਗੁਰ ਦੁਆਰੇ ਜਾਵੀਏ ਪੰਤੂ ਜੇ ਉੱਥੇ ਹੀ ਮਾਇਆ ਬਿਆਪੇ ਤਾਂ ਸਿੱਧ ਪੱਧਰੇ ਲੋਕ ਹੋਰ ਪਾਸੇ ਚਲੇ ਜਾਂਦੇ ਹਨ, ਜੋ ਕਿ ਹੋ ਹੀ ਰਿਹਾ ਹੈ। ਕੁਝ ਸੁਝਾਈਏ ਤਾਂ ਮਾਇਆਧਾਰੀ ਅਤਿ ਅੰਨ੍ਹਾ ਬੋਲਾ ਹੈ , ਬਹੁਤ ਰੋਲ ਘਚੋਲਾ ਪਾਉਂਦੇ ਹਨ ।ਹੁਣ ਕੱਟੜਤਾ ਦੇ ਨਵੇਂ ਸੋਮੇ ਹਨ ਮਿਸ਼ਨਰੀ ਸਕੂਲ ਕਾਲਜ, ਜਿਹਨਾ ਦੇ ਨੈਰੇਟਿਵ ਅਤੇ ਭਾਖਿਆ ਸਨਾਤਨ, ਬਿਬਲੀਕਲ ਜਾਂ ਮੁਹੰਮਦੀ ਨਕਲਾਂ ਹਨ, ਫਲਸਰੂਪ ਕੱਟੜਤਾ ਇਹਨਾ ਦੇ ਪ੍ਰਵਚਨਾ ਦਾ ਅਨਿੰਨ ਅੰਗ ਹਨ ।

 

ਪ੍ਰੋ ਦੇਵਿੰਦਰ ਸਿੰਘ ਇਤਿਹਾਸਕਾਰ