ਕੈਲੀਫੋਰਨੀਆ ਵਿਚ ਪਰਿਵਾਰ ਦੇ 3 ਜੀਆਂ ਦੀ ਹੱਤਿਆ ਕਰਨ ਵਾਲਾ ਸ਼ੱਕੀ ਦੋਸ਼ੀ ਸਾਬਕਾ ਪੁਲਿਸ ਅਫਸਰ ਮੁਕਾਬਲੇ ਵਿਚ ਮਾਰਿਆ ਗਿਆ

ਕੈਲੀਫੋਰਨੀਆ ਵਿਚ ਪਰਿਵਾਰ ਦੇ 3 ਜੀਆਂ ਦੀ ਹੱਤਿਆ ਕਰਨ ਵਾਲਾ ਸ਼ੱਕੀ ਦੋਸ਼ੀ ਸਾਬਕਾ ਪੁਲਿਸ ਅਫਸਰ ਮੁਕਾਬਲੇ ਵਿਚ ਮਾਰਿਆ ਗਿਆ
ਕੈਪਸ਼ਨ:  ਸਾਬਕਾ ਪੁਲਿਸ ਅਫਸਰ ਆਸਟਿਨ ਲੀ ਐਡਵਰਡਜ (28)

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 29 ਨਵੰਬਰ (ਹੁਸਨ ਲੜੋਆ ਬੰਗਾ)-ਰਿਵਰਸਾਈਡ, ਕੈਲੀਫੋਰਨੀਆ ਵਿਚ ਇਕ ਨਬਾਲਗ ਕੁੜੀ ਦੇ ਦਾਦਾ, ਦਾਦੀ ਤੇ ਮਾਂ ਦੀ ਹੱਤਿਆ ਕਰਨ ਵਾਲਾ ਸ਼ੱਕੀ ਦੋਸ਼ੀ ਵਿਰਜਨੀਆ ਦਾ ਸਾਬਕਾ ਪੁਲਿਸ ਅਫਸਰ ਉਸ ਵੇਲੇ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਜਦੋਂ ਉਹ ਨਬਾਲਗ ਕੁੜੀ ਨਾਲ ਭੱਜਣ ਦੀ ਕੋਸ਼ਿਸ਼ ਵਿਚ ਸੀ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਾਬਕਾ ਪੁਲਿਸ ਅਫਸਰ ਦੀ ਪਛਾਣ ਆਸਟਿਨ ਲੀ ਐਡਵਰਡਜ (28) ਵਜੋਂ ਹੋਈ ਹੈ। ਉਸ ਨੇ ਨਬਾਲਗ ਕੁੜੀ ਨੂੰ ਆਨ ਲਾਈਨ ਆਪਣੇ ਜਾਲ ਵਿਚ ਫਸਾਇਆ। ਪੁਲਿਸ ਅਨੁਸਾਰ ਐਡਵਰਡਜ ਨੇ ਕੁੜੀ ਕੋਲੋਂ ਉਸ ਦੀ ਨਿੱਜੀ ਜਾਣਕਾਰੀ ਲਈ ਤੇ ਉਹ ਵਰਜੀਨੀਆ ਤੋਂ ਰਿਵਰਸਾਈਡ ਗਿਆ। ਜਿਥੇ ਉਸ ਨੇ ਇਕ ਪਾਸੇ ਗੱਡੀ ਖੜੀ ਕੀਤੀ ਤੇ ਪੈਦਲ ਹੀ ਕੁੜੀ ਦੇ ਘਰ ਗਿਆ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਉਸ ਨੇ ਕੁੜੀ ਦੇ ਦਾਦਾ ਦਾਦੀ ਮਾਰਕ ਵੀਨਾਇਕ (69) ਤੇ ਸ਼ਾਰੀ ਵਿਨਾਇਕ (65) ਤੇ ਉਸ ਦੀ ਮਾਂ ਬਰੁਕ ਵਿਨਾਇਕ (38) ਦੀ ਹੱਤਿਆ ਕੀਤੀ ਤੇ ਕੁੜੀ ਨਾਲ ਆਪਣੀ ਗੱਡੀ ਵਿਚ ਫਰਾਰ ਹੋ ਗਿਆ। ਪੁਲਿਸ ਨੇ ਘਰ ਵਿਚੋਂ ਲਾਸ਼ਾਂ ਬਰਾਮਦ ਕਰਨ ਉਪੰਰਤ ਐਡਵਰਡਜ ਦਾ ਪਿੱਛਾ ਕੀਤਾ ਜੋ ਕੁੜੀ ਨਾਲ ਸੈਨ ਬਰਨਰਡੀਨੋ ਕਾਊਂਟੀ ਵਿਚ ਜਾ ਰਿਹਾ ਸੀ। ਬਿਆਨ ਅਨੁਸਾਰ  ਸੈਨ ਬਰਨਰਡੀਨੋ ਕਾਊਂਟੀ ਦੇ ਪੁਲਿਸ ਅਫਸਰਾਂ ਨੇ ਐਡਵਰਡਜ ਨੂੰ ਰੋਕਣ ਦਾ ਯਤਨ ਕੀਤਾ ਪਰ ਉਸ ਨੇ ਰੁਕਣ ਦੀ ਬਜਾਏ ਪੁਲਿਸ 'ਤੇ ਗੋਲੀਆਂ ਚਲਾਈਆਂ। ਪੁਲਿਸ ਅਫਸਰਾਂ ਦੀ ਜਵਾਬੀ ਕਾਰਵਾਈ ਵਿਚ ਐਡਵਰਡਜ ਮਾਰਿਆ ਗਿਆ। ਨਬਾਲਗ ਕੁੜੀ ਇਸ ਸਮੇ ਰਿਵਰਸਾਈਡ ਕਾਊਂਟੀ ਵਿਭਾਗ ਦੀ ਪਬਲਿਕ ਸੋਸਲ ਸਰਵਿਸ ਕੋਲ ਸੁਰੱਖਿਅਤ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਮੌਤ ਦੇ ਅਸਲ ਕਾਰਨ ਤੇ ਢੰਗ-ਤਰੀਕੇ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਹੈ।

ਕੈਪਸ਼ਨ : ਮਾਰਕ ਵੀਨਾਇਕ (69) ਤੇ ਸ਼ਾਰੀ ਵਿਨਾਇਕ (65)

                                 ਬਰੁਕ ਵਿਨਾਇਕ (38) ਦੀਆਂ ਪੁਰਾਣੀਆਂ ਤਸਵੀਰਾਂ