ਕੈਲੀਫੋਰਨੀਆ ਦੇ ਹਾਈ ਸਕੂਲ ਵਿਚ ਚਾਕੂ ਮਾਰ ਕੇ 15 ਸਾਲਾ ਵਿਦਿਆਰਥਣ ਦੀ ਹੱਤਿਆ

ਕੈਲੀਫੋਰਨੀਆ ਦੇ ਹਾਈ ਸਕੂਲ ਵਿਚ ਚਾਕੂ ਮਾਰ ਕੇ 15 ਸਾਲਾ ਵਿਦਿਆਰਥਣ ਦੀ ਹੱਤਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 20 ਅਪ੍ਰੈਲ (ਹੁਸਨ ਲੜੋਆ ਬੰਗਾ) - ਕੈਲੀਫੋਰਨੀਆ ਦੇ ਇਕ ਹਾਈ ਸਕੂਲ ਵਿਚ   ਦਾਖਲ ਹੋ ਕੇ ਇਕ ਵਿਅਕਤੀ ਨੇ 15 ਸਾਲਾ ਵਿਦਿਆਰਥਣ ਦੀ ਚਾਕੂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ। ਸਟਾਕਟਨ ਪੁਲਿਸ ਵਿਭਾਗ ਨੇ ਹੱਤਿਆ ਦੇ ਦੋਸ਼ ਵਿਚ 52 ਸਾਲਾ ਐਨਥਨੀ ਗਰੇਅ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਦੋਸ਼ੀ ਦਾ ਮ੍ਰਿਤਕ ਨਾਲ ਰਿਸ਼ਤਾ ਕੀ ਸੀ ਤੇ ਉਸ ਨੇ ਉਸ ਦੀ ਹੱਤਿਆ ਕਿਉਂ ਕੀਤੀ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸੈਕਰਾਮੈਂਟੋ ਦੇ ਦੱਖਣ ਵਿਚ ਤਕਰੀਬਨ 50 ਕਿਲੋਮੀਟਰ  ਦੂਰ ਸਟੈਗ ਹਾਈ ਸਕੂਲ ਸਟਾਕਟਨ ਵਿਚ ਵਾਪਰੀ। ਸਕੂਲ ਡਿਸਟ੍ਰਿਕਟ ਸੁਪਰਡੈਂਟ ਜੌਹਨ ਰਮੀਰੇਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਰੇਅ ਕੈਂਪਸ ਗੇਟ ਰਾਹੀਂ ਹਾਈ ਸਕੂਲ ਦੇ ਅੰਦਰ ਦਾਖਲ ਹੋਇਆ ਤੇ ਇਸ ਤੋਂ ਪਹਿਲਾਂ ਕਿ ਸੁਰੱਖਿਆ ਸਟਾਫ ਉਸ ਨੂੰ ਰੋਕਦਾ ਉਸ ਨੇ ਵਿਦਿਆਰਥਣ ਉਪਰ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿਚ ਵਿਦਿਆਰਥਣ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਬਾਅਦ ਵਿਚ ਸਕੂਲ ਡਿਸਟ੍ਰਿਕਟ ਨੇ ਐਲਾਨ ਕੀਤਾ ਕਿ ਸਕੂਲ ਵਿਚ ਕਲਾਸਾਂ ਕਲ ਤੋਂ ਆਮ ਵਾਂਗ  ਜਾਰੀ ਰਹਿਣਗੀਆਂ। ਸਕੂਲ ਕੈਂਪਸ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੱਕੀ ਦੋਸ਼ੀ ਗਰੇਅ ਨੂੰ ਸੈਨ ਜੋਆਕੁਇਨ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਉਸ ਨੂੰ ਬੁੱਧਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।