ਖੇਲੋ ਇੰਡੀਆ ਯੁਵਾ ਖੇਡਾਂ 'ਚ ਪਹਿਲੀ ਵਾਰ ਸ਼ਾਮਲ ਗੱਤਕਾ ਹੋਵੇਗਾ ਵਿਸ਼ੇਸ਼ ਖਿੱਚ ਦਾ ਕੇਂਦਰ

ਖੇਲੋ ਇੰਡੀਆ ਯੁਵਾ ਖੇਡਾਂ 'ਚ ਪਹਿਲੀ ਵਾਰ ਸ਼ਾਮਲ ਗੱਤਕਾ ਹੋਵੇਗਾ ਵਿਸ਼ੇਸ਼ ਖਿੱਚ ਦਾ ਕੇਂਦਰ

 4 ਜੂਨ ਤੋਂ 6 ਜੂਨ ਤੱਕ ਪੰਚਕੂਲਾ ਦੇ ਸਟੇਡੀਅਮ 'ਚ ਹੋਣਗੇ ਜੰਗਜੂ ਮੁਕਾਬਲੇ : ਹਰਜੀਤ ਗਰੇਵਾਲ

16 ਰਾਜਾਂ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ 80 ਤਗ਼ਮਿਆਂ ਲਈ ਭਿੜਨਗੀਆਂ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ 29 ਮਈ : ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਪੰਚਕੂਲਾ, ਹਰਿਆਣਾ ਵਿਖੇ 4 ਜੂਨ ਤੋਂ 13 ਜੂਨ ਤੱਕ ਹੋ ਰਹੀਆਂ ਚੌਥੀਆਂ ਖੇਲੋ ਇੰਡੀਆ ਯੂਥ ਖੇਡਾਂ ਦੌਰਾਨ ਮਾਰਸ਼ਲ ਆਰਟ ਗੱਤਕਾ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ ਜਿਸ ਵਿਚ 16 ਰਾਜਾਂ ਦੇ ਗੱਤਕੇਬਾਜ਼ ਲੜਕੇ ਅਤੇ ਲੜਕੀਆਂ ਆਪੋ-ਆਪਣੇ ਜੌਹਰ ਦਿਖਾਉਣਗੀਆਂ ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਦੱਸਿਆ ਕਿ ਕੌਮੀ ਖੇਡਾਂ ਦੇ ਇਸ ਵੱਕਾਰੀ ਮਹਾਂਕੁੰਭ ਵਿੱਚ ਓਲੰਪਿਕ ਖੇਡਾਂ ਦਾ ਰੁਤਬਾ ਪ੍ਰਾਪਤ 25 ਖੇਡਾਂ ਤੋਂ ਇਲਾਵਾ ਮਾਰਸ਼ਲ ਆਰਟ ਗੱਤਕਾ ਵੀ ਇਸ ਵਾਰ ਖੇਲੋ ਇੰਡੀਆ ਯੁਵਾ ਖੇਡਾਂ ਦਾ ਹਿੱਸਾ ਬਣਿਆ ਹੈ। ਉਨ੍ਹਾਂ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਕੇਂਦਰੀ ਖੇਡ ਮੰਤਰਾਲੇ ਵੱਲੋਂ ਗੱਤਕਾ ਖੇਡ ਨੂੰ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਮੁਕਾਬਲੇ ਵਾਲੀ ਖੇਡ ਵਜੋਂ ਸ਼ਾਮਲ ਕਰਕੇ ਪੁਰਾਤਨ ਗੱਤਕੇ ਨੂੰ ਮਾਨਤਾ ਦਿੱਤੀ ਹੈ। ਗੱਤਕਾ ਪ੍ਰਮੋਟਰ ਸ. ਗਰੇਵਾਲ ਨੇ ਦੱਸਿਆ ਕਿ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਇਸ ਖੇਡ ਮਹਾਕੁੰਭ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਚੇਚੇ ਤੌਰ ਤੇ ਗੇਮਜ਼ ਟੈਕਨੀਕਲ ਕੰਡਕਟ ਕਮੇਟੀ (ਜੀਟੀਸੀਸੀ) ਗਠਤ ਕੀਤੀ ਗਈ ਹੈ। ਇਸ ਉੱਚ ਤਾਕਤੀ ਅਧਿਕਾਰਤ ਕਮੇਟੀ ਵਿਚ ਸਮੂਹ ਖੇਡਾਂ ਦਾ ਇੱਕ ਇੱਕ ਨੁਮਾਇੰਦਾ ਬਤੌਰ ਕੰਪੀਟੀਸ਼ਨ ਮੈਨੇਜਰ ਸ਼ਾਮਲ ਕੀਤਾ ਗਿਆ ਹੈ ਅਤੇ ਸਰਕਾਰ ਨੇ ਉਨ੍ਹਾਂ ਨੂੰ ਗੱਤਕਾ ਕੰਪੀਟੀਸ਼ਨ ਮੈਨੇਜਰ ਵਜੋਂ ਇਸ ਅਖਤਿਆਰੀ ਕਮੇਟੀ ਵਿੱਚ ਸ਼ਾਮਲ ਕੀਤਾ ਹੈ ਜੀਟੀਸੀਸੀ ਕਮੇਟੀ ਦੇ ਕੰਪੀਟੀਸ਼ਨ ਮੈਨੇਜਰ ਸ. ਗਰੇਵਾਲ ਨੇ ਦੱਸਿਆ ਕਿ ਖੇਲੋ ਇੰਡੀਆ ਯੁਵਾ ਖੇਡਾਂ ਦੌਰਾਨ ਗੱਤਕਾ ਮੁਕਾਬਲੇ 4 ਜੂਨ ਤੋਂ 6 ਜੂਨ ਤੱਕ ਹੋਣਗੇ ਜਿਨ੍ਹਾਂ ਵਿੱਚ 16 ਰਾਜਾਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ  ਗੱਤਕਾ ਟੀਮਾਂ ਭਾਗ ਲੈ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਤਕਾ ਮੁਕਾਬਲਿਆ ਵਿਚ ਸ਼ਾਮਲ 256 ਗੱਤਕੇਬਾਜ਼ 80 ਤਗ਼ਮਿਆਂ ਲਈ ਵੱਖ-ਵੱਖ ਮੁਕਾਬਲਿਆਂ ਵਿੱਚ  ਭਿੜਨਗੇ।  ਉਨ੍ਹਾਂ ਦੱਸਿਆ ਕਿ ਕ੍ਰਿਕਟ ਸਟੇਡੀਅਮ ਪੰਚਕੂਲਾ ਅੰਦਰ ਬਣਾਏ ਗਏ ਵਿਸ਼ੇਸ਼ ਵਾਤਾਅਨੁਕੂਲ ਪੰਡਾਲ ਵਿੱਚ 4 ਜੂਨ ਨੂੰ ਸਵੇਰੇ 9 ਵਜੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਹੋਵੇਗਾ ਅਤੇ 6 ਜੂਨ ਨੂੰ ਬਾਅਦ ਦੁਪਹਿਰ 3 ਵਜੇ ਮੁਕਾਬਲਿਆਂ ਵਿੱਚੋਂ ਜੇਤੂ ਰਹੇ ਗੱਤਕੇਬਾਜ਼ਾਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਦੇ ਇਸ ਮਹਾਕੁੰਭ ਦੌਰਾਨ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਮਾਰਸ਼ਲ ਆਰਟ ਗੱਤਕਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ।ਕੌਮੀ ਗੱਤਕਾ ਖੇਡ ਸੰਸਥਾ ਦੇ ਪ੍ਰਧਾਨ ਸ. ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਗੱਤਕਾ ਮੁਕਾਬਲੇ ਪੇਪਰ ਰਹਿਤ ਹੋਣਗੇ ਅਤੇ ਮੈਚਾਂ ਦੌਰਾਨ ਸਕੋਰਿੰਗ ਲਈ ਕੰਪਿਊਟਰੀਕ੍ਰਿਤ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਰਸ਼ਕਾਂ ਨੂੰ ਨਾਲੋ-ਨਾਲ ਸਕੋਰਿੰਗ ਦਿਖਾਉਣ ਲਈ ਡਿਜੀਟਲ ਸਕੋਰਬੋਰਡ ਅਤੇ ਐਲਈਡੀ ਸਕਰੀਨ ਵੀ ਲਗਾਏ ਜਾਣਗੇ। ਇਨ੍ਹਾਂ ਗੱਤਕਾ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਨ ਵੈੱਬਸਾਈਟਾਂ 'ਤੇ ਵੀ ਹੋਵੇਗਾ।