ਨਕੋਦਰ ਬੇਅਦਬੀ ਕਾਂਡ ਸ਼ਹੀਦਾਂ ਦੀ ਯਾਦ 'ਚ ਦੇਸ਼ ਤੇ ਵਿਦੇਸ਼ਾਂ  ਵਿੱਚ ਹੋਣਗੇ ਸ਼ਹੀਦੀ ਸਮਾਗਮ

ਨਕੋਦਰ ਬੇਅਦਬੀ ਕਾਂਡ ਸ਼ਹੀਦਾਂ ਦੀ ਯਾਦ 'ਚ ਦੇਸ਼ ਤੇ ਵਿਦੇਸ਼ਾਂ  ਵਿੱਚ ਹੋਣਗੇ ਸ਼ਹੀਦੀ ਸਮਾਗਮ
 ਸਾਕਾ ਨਕੋਦਰ ਕੇਸਾਂ ਦੀ ਅਗਲੀ ਸੁਣਵਾਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ 30 ਜਨਵਰੀ ਨੂੰ 
 
ਅੰਮ੍ਰਿਤਸਰ ਟਾਈਮਜ਼ ਬਿਊਰੋ
 
ਕੈਲੀਫੋਰਨੀਆ: ਨਕੋਦਰ ਬੇਅਦਬੀ ਕਾਂਡ ਸ਼ਹੀਦਾਂ ਦੀ ਯਾਦ ਵਿੱਚ ਪੰਜਾਬ, ਅਮਰੀਕਾ ਤੇ ਫਰਾਂਸ ਵਿੱਚ ਸਮਾਗਮ ਕਰਵਾਏ ਜਾਣਗੇ।  ਜਾਣਕਾਰੀ ਅਨੁਸਾਰ ਨਕੋਦਰ ਵਿੱਚ 2 ਫ਼ਰਵਰੀ 1986 ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਜ ਸਰੂਪ ਸਾੜ ਦਿੱਤੇ ਗਏ ਸਨ, ਜਿਸ ਖਿਲਾਫ ਰੋਸ ਪ੍ਰਗਟਾ ਰਹੀ ਸੰਗਤ ਤੇ 4 ਫ਼ਰਵਰੀ 1986 ਨੂੰ ਪੰਜਾਬ ਪੁਲਿਸ ਤੇ ਭਾਰਤੀ ਸੁਰੱਖਿਆ ਦਲਾਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਸਨ।  ਜਿਸ ਦੌਰਾਨ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪਰ, ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਅਤੇ ਭਾਈ ਝਿਲਮਣ ਸਿੰਘ ਜੀ ਗੋਰਸੀਆਂ ਸ਼ਹੀਦ ਹੋ ਗਏ ਸਨ। 
 
ਬੇਅਦਬੀ ਕਾਂਡ ਦੇ 37 ਸਾਲ ਮਗਰੋਂ ਵੀ ਪ੍ਰੀਵਾਰ ਇਨਸਾਫ਼ ਲਈ ਅਦਾਲਤਾਂ ਵਿੱਚ ਭਟਕ ਰਿਹਾ ਹੈ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਜੀ ਵਲੋਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਪ੍ਰਮੁੱਖ ਵਕੀਲ ਹਰੀ ਚੰਦ ਅਰੋੜਾ ਰਾਹੀਂ ਕੀਤੇ ਕੇਸਾਂ ਦੀ ਅਗਲੀ ਸੁਣਵਾਈ 30 ਜਨਵਰੀ, ਦਿਨ ਸੋਮਵਾਰ ਨੂੰ ਨਿਸ਼ਚਤ ਹੈ। ਇੱਕ ਕੇਸ ਸਾਕੇ ਦੇ ਮੁੱਖ ਦੋਸ਼ੀਆਂ ਤੇ ਕਤਲ ਦੇ ਮੁਕੱਦਮੇ ਚਲਾ ਕੇ ਸਜ਼ਾ ਦਿਵਾਉਣ ਦਾ ਹੈ ਤੇ ਦੂਸਰਾ ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵਲੋਂ ਕੀਤੀ ਅਦਾਲਤੀ ਜਾਂਚ ਦੇ ਦੂਸਰਾ ਭਾਗ ਸਰਕਾਰੀ ਸੰਸਥਾਵਾਂ ਵਿੱਚੋ ਗੁੰਮ ਹੋਣ ਸਬੰਧੀ ਜਾਂਚ ਕਰਵਾਉਣ ਬਾਰੇ ਹੈ।  ਪੰਜਾਬ ਸਰਕਾਰ ਵਲੋਂ ਇਨ੍ਹਾਂ ਕੇਸਾਂ ਵਿੱਚ ਸਿਟ ਬਨਾਉਣ ਬਾਰੇ ਹਾਈਕੋਰਟ ਵਿੱਚ ਜਵਾਬਦੇਹੀ ਦਿੱਤੀ ਜਾਵੇਗੀ, ਬਾਪੂ ਬਲਦੇਵ ਸਿੰਘ ਜੀ ਨੇ ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਨਕੋਦਰ ਦੀ ਵਿਧਾਇਕਾ ਨੂੰ ਮਿਲਕੇ ਮੰਗ ਪੱਤਰ ਦਿੱਤੇ ਸਨ।  ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲਕੇ ਇਸ ਬਾਰੇ ਮੰਗ ਪੱਤਰ ਦਿੱਤਾ ਸੀ।  ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਆਪ ਪਾਰਟੀ ਜੋ ਵਿਰੋਧੀ ਧਿਰ ਹੋਣ ਮੌਕੇ ਸਾਕਾ ਨਕੋਦਰ ਦੇ ਇਨਸਾਫ਼ ਲਈ ਵਿਧਾਨ ਸਭਾ ਵਿੱਚ ਲਗਾਤਾਰ ਮੰਗ ਕਰਦੀ ਰਹੀ ਹੈ ਤੇ ਪਿਛਲੇ ਮੁੱਖ ਮੰਤਰੀ ਤੇ ਸਰਕਾਰ ਨੂੰ ਚਿੱਠੀਆਂ ਲਿਖਦੀ ਰਹੀ ਹੈ ਹਾਈਕੋਰਟ ਵਿੱਚ 30 ਜਨਵਰੀ 2023 ਨੂੰ ਕੀ ਜਵਾਬ ਦੇਵੇਗੀ। 
 
ਬਾਪੂ ਬਲਦੇਵ ਸਿੰਘ ਜੀ ਨੇ ਦੱਸਿਆ ਕਿ ਇਨ੍ਹਾਂ ਚਾਰੇ ਸ਼ਹੀਦਾਂ ਦੀ ਯਾਦ ਵਿੱਚ 4 ਫ਼ਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿਖੇ ਸਥਿਤ ਗੁ: ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਅਖੰਡ ਪਾਠ ਸਾਹਿਬ ਜੀ ਦੀ ਭੋਗ ਪਾਏ ਜਾਣਗੇ।  ਇਸੇ ਲੜੀ ਤਹਿਤ 5 ਫਰਵਰੀ ਨੂੰ ਅਮਰੀਕਾ ਦੇ ਗੁਰਦਵਾਰਾ ਸਾਹਿਬ ਸੈਨ ਹੋਜ਼ੇ ਵਿਖੇ ਭੋਗ ਪਾਏ ਜਾਣਗੇ। ਇਸੇ ਦਿਨ ਹੀ ਫਰਾਂਸ ਦੇ ਗੁਰਦਵਾਰਾ ਸਿੰਘ ਸਭਾ ਬੋਬੀਨੀ ਵਿੱਚ ਵੀ ਸ਼ਹੀਦੀ ਸਮਾਗਮ ਕੀਤਾ ਜਾਵੇਗਾ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਨਕੋਦਰ ਨੇੜਲੇ ਪਿੰਡ ਲਿੱਤਰਾਂ ਵਿਚ 5 ਫਰਵਰੀ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਕੈਲੀਫੋਰਨੀਆ ਦੇ ਸ਼ਹਿਰ ਫਰੀਮੌਂਟ ਦੇ ਗੁਰਦਵਾਰਾ ਸਾਹਿਬ ਵਿੱਚ ਭੋਗ ਪਾਏ ਜਾਣਗੇ।