ਅਫਗਾਨਿਸਤਾਨ ਵਿਚ ਅਸਫਲਤਾ ਤੇ ਕੋਵਿਡ ਮਾਮਲੇ ਵਧਣ ਕਾਰਨ ਬਾਇਡੇਨ ਦੀ ਲੋਕ ਪ੍ਰਿਯਤਾ ਵਿਚ ਆਈ ਤੇਜੀ ਨਾਲ ਕਮੀ

ਅਫਗਾਨਿਸਤਾਨ ਵਿਚ ਅਸਫਲਤਾ ਤੇ ਕੋਵਿਡ ਮਾਮਲੇ ਵਧਣ ਕਾਰਨ ਬਾਇਡੇਨ ਦੀ ਲੋਕ ਪ੍ਰਿਯਤਾ ਵਿਚ ਆਈ ਤੇਜੀ ਨਾਲ ਕਮੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਫਗਾਨਿਸਤਾਨ ਵਿਚ ਮਿਲੀ ਅਣਕਿਆਸੀ ਅਸਫਲਤਾ ਤੇ ਵਧ ਰਹੇ ਕੋਰੋਨਾ ਮਾਮਲਿਆਂ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੀ ਲੋਕਪ੍ਰਿਯਤਾ ਤੇਜੀ ਨਾਲ ਘਟੀ ਹੈ। ਰਾਸ਼ਟਰਪਤੀ ਵਜੋਂ ਕਾਰਗੁਜਾਰੀ ਅਧਾਰਤ ਉਸ ਦੀ ਲੋਕਪ੍ਰਿਯਤਾ ਪਹਿਲੀ ਵਾਰ ਸਭ ਤੋਂ ਹੇਠਲੇ ਪੱਧਰ ਉਪਰ ਆ ਗਈ ਹੈ। ਐਨ ਬੀ ਸੀ ਦੇ ਨਵੇਂ ਸਰਵੇਖਣ ਅਨੁਸਾਰ 50 % ਤੋਂ ਹੇਠਾਂ ਲੋਕਾਂ ਨੇ ਬਾਇਡੇਨ ਦੀ ਕਾਰਗੁਜਾਰੀ ਨੂੰ ਪ੍ਰਵਾਨਗੀ ਦਿੱਤੀ ਹੈ। 14 ਤੋਂ 17 ਅਗਸਤ ਦਰਮਿਆਨ ਕਰਵਾਏ ਇਸ ਸਰਵੇ ਵਿਚ49% ਲੋਕਾਂ ਨੇ ਰਾਸ਼ਟਰਪਤੀ ਦੀ ਕਾਰਗੁਜਾਰੀ ਦੇ ਹੱਕ ਵਿਚ ਵੋਟ ਪਾਈ ਹੈ ਜਦ ਕਿ 48% ਲੋਕਾਂ ਨੇ ਉਸ ਦੀ ਕਾਰਗੁਜਾਰੀ ਨੂੰ ਨਾਕਾਰ ਦਿੱਤਾ ਹੈ। ਪਿਛਲੇ ਹਫਤੇ ਹੋਏ ਸਰਵੇਖਣਾਂ ਵਿਚ ਵੀ ਰਾਸ਼ਟਰਪਤੀ ਦੀ ਕਾਰਗੁਜਾਰੀ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ। ਰਾਸ਼ਟਰਪਤੀ ਦੀ ਕਾਰਗੁਜਾਰੀ ਅਧਾਰਤ ਲੋਕ ਪ੍ਰਿਯਤਾ ਘੱਟ ਕੇ ਸੀ ਬੀ ਐਸ ਦੇ ਸਰਵੇ ਵਿਚ 50%, ਇਪਸੋਸ ਦੇ ਸਰਵੇ ਵਿਚ 46% ਤੇ ਯੂਗੋਵ ਦੇ ਸਰਵੇਖਣ ਵਿਚ44% ਰਹਿ ਗਈ ਹੈ। ਇਸ ਸਾਲ ਅਪ੍ਰੈਲ ਵਿਚ ਐਨ ਬੀ ਸੀ ਵੱਲੋਂ ਕਰਵਾਏ ਸਰਵੇਖਣ ਵਿਚ 53% ਅਮਰੀਕਨਾਂ ਨੇ ਬਾਇਡਨ ਦੀ ਕਾਰਗੁਜਾਰੀ ਨੂੰ ਸਰਾਹਿਆ ਸੀ।