ਅਮਰੀਕਾ ਵਿਚ ਰੇਲ ਗੱਡੀ ਪੱਟੜੀ ਤੋਂ ਉਤਰੀ , ਲੱਗੀ ਭਿਆਨਕ ਅੱਗ

ਅਮਰੀਕਾ ਵਿਚ ਰੇਲ ਗੱਡੀ ਪੱਟੜੀ ਤੋਂ ਉਤਰੀ , ਲੱਗੀ ਭਿਆਨਕ ਅੱਗ
ਕੈਪਸ਼ਨ: ਰੇਲ ਗੱਡੀ ਨੂੰ ਪੱਟੜੀ ਤੋਂ ਉਤਰਨ ਉਪਰੰਤ ਲੱਗੀ ਅੱਗ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਪੈਨਸਿਲਵਾਨੀਆ ਸਟੇਟ ਬਾਰਡਰ ਨੇੜੇ ਉਤਰ ਪੂਰਬੀ ਓਹੀਓ ਵਿਚ ਇਕ ਰੇਲ ਗੱਡੀ ਪੱਟੜੀ ਤੋਂ ਉਤਰ ਗਈ ਜਿਸ ਉਪਰੰਤ ਉਸ ਨੂੰ ਭਿਆਨਕ ਅੱਗ ਲੱਗ ਗਈ । ਮੇਅਰ ਟਰੈਂਟ ਕੋਨਾਵੇਅ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਘਟਨਾ ਯੰਗਸਟਾਊਨ ਦੇ ਦੱਖਣ ਵਿਚ ਤਕਰੀਬਨ 15 ਮੀਲ ਦੂਰ ਵਾਪਰੀ ਪਰੰਤੂ ਚੰਗੀ ਗੱਲ ਇਹ ਰਹੀ ਕਿ ਅਚਾਨਕ ਵਾਪਰੀ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ। ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਅਨੁਸਾਰ ਰੇਲ ਗੱਡੀ ਦੇ 100 ਤੋਂ ਵਧ ਡੱਬੇ ਸਨ ਜਿਨਾਂ ਵਿਚੋਂ 50 ਡੱਬੇ ਪੱਟੜੀ ਤੋਂ ਉਤਰ ਗਏ। ਇਨਾਂ ਵਿਚੋਂ 20 ਡੱਬਿਆਂ ਵਿਚ ਖਤਰਨਾਕ ਸਮਗਰੀ ਭਰੀ ਹੋਈ ਸੀ। ਬੋਰਡ ਦੇ ਮੈਂਬਰ ਮਾਈਕਲ ਗ੍ਰਾਹਮ ਨੇ ਕਿਹਾ ਹੈ ਕਿ ਟੈਂਕ ਕਾਰਾਂ ਵਿਚ ਵਿਨਾਇਲ ਕਲੋਰਾਈਡ ਭਰੀ ਹੋਈ ਸੀ ਜੋ ਅੱਗ ਲੱਗਣ ਦਾ ਕਾਰਨ ਬਣੀ। ਉਨਾਂ ਕਿਹਾ ਕਿ ਅੱਗ ਉਪਰ ਕਾਬੂ ਪਾਉਣ ਦੇ ਯਤਨ ਜਾਰੀ ਹਨ। ਉਨਾਂ ਕਿਹਾ ਕਿ ਰੇਲ ਗੱਡੀ ਦੇ ਪੱਟੜੀ ਤੋਂ ਉਤਰਨ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਸਬੰਧੀ ਮੁੱਢਲੀ ਰਿਪੋਰਟ ਆਉਣ ਵਿੱਚ 6 ਹਫਤਿਆ ਦਾ ਸਮਾਂ ਲੱਗ ਸਕਦਾ ਹੈ।