ਨਫ਼ਰਤੀ ਅਪਰਾਧ ਤਹਿਤ ਏਸ਼ੀਅਨ ਮੂਲ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ 22 ਸਾਲ ਦੀ ਜੇਲ

ਨਫ਼ਰਤੀ ਅਪਰਾਧ ਤਹਿਤ ਏਸ਼ੀਅਨ ਮੂਲ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ 22 ਸਾਲ ਦੀ ਜੇਲ
ਕੈਪਸ਼ਨ:  ਯਾਓ ਪੈਨ ਮਾ ਦੀ ਯਾਦ ਵਿਚ ਹੋਈ ਇਕ ਸ਼ੋਕ ਸਭਾ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਏਸ਼ੀਅਨ ਮੂਲ ਦੇ ਵਿਅਕਤੀ ਦੀ ਨਫ਼ਰਤੀ ਅਪਰਾਧ ਤਹਿਤ ਹੋਈ ਹੱਤਿਆ ਦੇ ਮਾਮਲੇ ਵਿਚ ਜਰੋਡ ਪਾਵੈਲ ਨਾਮੀ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਸ ਨੂੰ 22 ਸਾਲ ਕੈਦ ਦੀ ਸਜ਼ਾ ਹੋਈ ਹੈ। ਇਹ ਪ੍ਰਗਟਾਵਾ ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਕੀਤਾ ਹੈ। ਪੁਲਿਸ ਅਨੁਸਾਰ ਇਹ ਘਟਨਾ  ਅਪ੍ਰੈਲ 2021 ਵਿਚ ਨਿਊਯਾਰਕ ਸ਼ਹਿਰ ਵਿਚ ਵਾਪਰੀ ਸੀ। ਚੀਨੀ ਮੂਲ ਦਾ ਅਮਰੀਕੀ ਯਾਓ ਪੈਨ ਮਾ ਕੈਨ ਇਕੱਠੇ ਕਰ ਰਿਹਾ ਜਦੋਂ ਉਸ ਉਪਰ ਪਿਛਲੇ ਪਾਸੇ ਤੋਂ ਹਮਲਾ ਕੀਤਾ ਗਿਆ। ਜਦੋਂ ਉਹ ਜਮੀਨ ਉਪਰ ਡਿੱਗ ਗਿਆ ਤਾਂ ਉਸ ਦੇ ਸਿਰ ਉਪਰ ਕਈ ਵਾਰ ਹਮਲਾ ਕੀਤਾ ਗਿਆ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਜਿਥੇ ਉਹ ਬੇਹੋਸ਼ੀ ਦੀ ਹਾਲਤ ਵਿਚ ਹੀ ਰਿਹਾ ਤੇ ਆਖਰਕਾਰ 8 ਮਹੀਨੇ ਬਾਅਦ 31 ਦਸੰਬਰ 2021 ਨੂੰ ਉਸ ਦੀ ਮੌਤ ਹੋ ਗਈ। ਡਿਸਟ੍ਰਿਕਟ ਅਟਾਰਨੀ ਐਲਵਿਨ ਬਰਾਗ ਨੇ ਕਿਹਾ ਹੈ ਕਿ ਬਿਨਾਂ ਕਿਸੇ ਕਾਰਨ ਯਾਓ ਪੈਨ ਮਾ ਦੀ ਹੱਤਿਆ ਹੋਈ ਸੀ। ਜਰੋਡ ਪਾਵੈਲ ਨੇ ਨਸਲ ਕਾਰਨ ਉਸ ਉਪਰ ਹਮਲਾ ਕੀਤਾ ਸੀ ਜਿਸ ਲਈ ਉਸ  ਨੂੰ ਸਜ਼ਾ ਭੁਗਤਣੀ ਪਵੇਗੀ।