ਸਾਬਕਾ ਪੁਲਿਸ ਅਫਸਰ ਨੂੰ ਹੱਤਿਆ ਦੇ ਦੋਸ਼ਾਂ ਤਹਿਤ 2 ਸਾਲ ਦੀ ਸਜ਼ਾ

ਸਾਬਕਾ ਪੁਲਿਸ ਅਫਸਰ ਨੂੰ ਹੱਤਿਆ ਦੇ ਦੋਸ਼ਾਂ ਤਹਿਤ 2 ਸਾਲ ਦੀ ਸਜ਼ਾ
ਕੈਪਸ਼ਨ: ਸਾਬਕਾ ਪੁਲਿਸ ਅਧਿਕਾਰੀ ਕਿਮ ਪੌਟਰ ਦੀ  ਫਾਇਲ ਤਸਵੀਰ

* ਪੀੜਤ ਪਰਿਵਾਰ ਨੇ ਘੱਟ ਸਜ਼ਾ ਦੇਣ ਵਿਰੁੱਧ ਪ੍ਰਗਟਾਇਆ ਰੋਸ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਮਿਨੀਸੋਟਾ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਜਿਸ ਵੱਲੋਂ ਇਕ ਟਰੈਫਿਕ ਸਟਾਪ 'ਤੇ  ਚਲਾਈ ਗੋਲੀ ਨਾਲ ਡੌਂਟ ਰਾਈਟ ਨਾਮੀ ਵਿਅਕਤੀ ਦੀ ਮੌਤ ਹੋ ਗਈ ਸੀ, ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। 49 ਸਾਲਾ ਸਾਬਕਾ ਪੁਲਿਸ ਅਧਿਕਾਰੀ ਕਿਮ ਪੌਟਰ ਨੂੰ ਮਿਨੀਸੋਟਾ ਅਦਾਲਤ ਨੇ ਫਸਟ ਤੇ ਸੈਕੰਡ ਡਿਗਰੀ ਹੱਤਿਆ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ। ਫਸਟ ਡਿਗਰੀ ਹੱਤਿਆ ਦੇ ਦੋਸ਼ਾਂ ਤਹਿਤ  ਵਧ ਤੋਂ ਵਧ 15 ਸਾਲ ਦੀ ਸਜ਼ਾ ਤੇ 30000 ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ ਪਰੰਤੂ ਜਿਲਾ ਜੱਜ ਰੇਜੀਨਾ ਚੂ ਨੇ ਸਟੇਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਫਾਰਿਸ਼ ਕੀਤੀ ਸਜ਼ਾ ਦੀ ਤੁਲਨਾ ਵਿਚ ਸਾਬਕਾ ਪੁਲਿਸ ਅਧਿਕਾਰੀ ਨੂੰ ਘੱਟ ਸਜ਼ਾ ਦੇਣ ਦਾ ਰਾਹ ਚੁਣਿਆ। ਪੌਟਰ ਜੋ ਪਹਿਲਾਂ ਹੀ 58 ਦਿਨ ਜੇਲ ਵਿਚ ਬਿਤਾ ਚੁੱਕੀ ਹੈ, ਨੂੰ ਹੁਣ 16 ਮਹੀਨੇ ਹੋਰ ਜੇਲ ਵਿਚ ਬਿਤਾਉਣੇ ਪੈਣਗੇ। ਬਾਕੀ ਦੀ ਸਜ਼ਾ ਉਹ ਰਿਹਾਈ ਉਪਰੰਤ ਪੁਲਿਸ ਦੀ ਨਿਗਰਾਨੀ ਹੇਠ ਕੱਟੇਗੀ। ਸੁਣਵਾਈ ਦੌਰਾਨ ਸਾਬਕਾ ਪੁਲਿਸ ਅਧਿਕਾਰੀ ਨੇ ਘਟਨਾ ਉਪਰ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਇਹ ਸਾਰਾ ਕੁਝ ਅਚਨਚੇਤ ਪੈਦਾ ਹੋਏ ਹਾਲਾਤ ਤਹਿਤ ਵਾਪਰਿਆ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਉਪਰੰਤ ਡੌਂਟ ਰਾਈਟ ਦੇ ਪਿਤਾ ਅਰਬੂ ਰਾਈਟ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਸਾਨੂੰ ਨਿਆਂ ਨਹੀਂ ਮਿਲਿਆ ਹੈ। ਡੌਂਟ  ਦੀ ਮਾਂ ਕੇਟੀ ਰਾਈਟ ਨੇ ਕਿਹਾ ਕਿ ''ਅਦਾਲਤ ਦੇ ਫੈਸਲੇ ਤੋਂ ਅਸੀਂ ਬਹੁਤ ਨਿਰਾਸ਼ ਹੋਏ ਹਾਂ। ਨਿਆਂ ਪ੍ਰਣਾਲੀ ਨੇ ਉਨਾਂ ਦੇ ਪੁੱਤਰ ਦੀ ਇਕ ਵਾਰ ਫਿਰ ਹੱਤਿਆ ਕੀਤੀ ਹੈ। ਇਹ ਸਾਡੀ ਨਿਆਂ ਪ੍ਰਣਾਲੀ ਦੀ ਸਮੱਸਿਆ ਹੈ। ਇਹ ਠੀਕ ਨਹੀਂ ਹੋਇਆ।''