ਸੈਕਰਾਮੈਂਟੋ ਵਿਚ ਹੋਏ ਦੋ ਧਮਾਕਿਆਂ ਦੇ ਮਾਮਲੇ ਵਿਚ ਇਕ ਵਿਅਕਤੀ ਗ੍ਰਿਫਤਾਰ

ਸੈਕਰਾਮੈਂਟੋ ਵਿਚ ਹੋਏ ਦੋ ਧਮਾਕਿਆਂ ਦੇ ਮਾਮਲੇ ਵਿਚ ਇਕ ਵਿਅਕਤੀ ਗ੍ਰਿਫਤਾਰ
ਕੈਪਸ਼ਨ : ਪਾਈਪ ਬੰਬ ਧਮਾਕੇ ਉਪਰੰਤ ਮੌਕੇ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਪਿਛਲੇ ਹਫਤੇ ਸੈਕਰਾਮੈਂਟੋ, ਕੈਲੀਫੋਰਨੀਆ ਵਿਚ ਹੋਏ ਦੋ ਧਮਾਕਿਆਂ ਦੇ ਮਾਮਲੇ ਵਿਚ ਪੁਲਿਸ ਨੇ ਇਕ 23 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸੈਕਰਾਮੈਂਟੋ ਪੁਲਿਸ ਵਿਭਾਗ ਦੁਆਰਾ ਜਾਰੀ ਪ੍ਰੈਸ ਰਲੀਜ ਅਨੁਸਾਰ ਇਕ ਧਮਾਕੇ ਕਾਰਨ ਇਕ ਵਾਹਣ ਨੂੰ ਨੁਕਸਾਨ ਪੁੱਜਾ ਸੀ। ਪੁਲਿਸ ਨੂੰ ਮੌਕੇ ਉਪਰ ਕੀਤੀ ਗਈ ਜਾਂਚ ਪੜਤਾਲ ਦੌਰਾਨ ਦੋ ਜਿੰਦਾ ਪਾਈਪ ਬੰਬ ਮਿਲੇ ਸਨ ਤੇ ਗ੍ਰਿਫਤਾਰ ਸ਼ੱਕੀ ਵੱਲੋਂ ਪਾਈਪ ਬੰਬ ਨਾਲ ਧਮਾਕਾ ਕਰਨ ਦੇ ਸਬੂਤ ਵੀ ਪੁਲਿਸ ਨੇ ਕਬਜੇ ਵਿਚ ਲਏ ਸਨ।  ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਕੌਡੀ ਵਿਗਜ ਵਜੋਂ ਹੋਈ ਹੈ। ਪੁਲਿਸ ਨੇ ਜਾਰੀ ਪ੍ਰੈਸ ਰਲੀਜ ਵਿਚ ਇਹ ਨਹੀਂ ਦਸਿਆ ਕਿ ਕਿਨਾਂ ਸਬੂਤਾਂ ਦੇ ਆਧਾਰ 'ਤੇ ਵਿਗਜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂ ਕਿ ਪੁਲਿਸ ਨੇ ਸਬੂਤ ਮਿਲਣ ਦੀ ਗਲ ਕਹੀ ਹੈ। ਵਿਗਜ ਵਿਰੁੱਧ ਜਨਤਿਕ ਜਗਾ 'ਤੇ ਧਮਾਕਾਖੇਜ ਸਮੱਗਰੀ ਤੇ ਆਪਣੇ ਕੋਲ ਚਾਕੂ ਰਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵਿਭਾਗ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਨਾਂ ਧਮਾਕਿਆਂ ਸਬੰਧੀ ਜਾਂ ਹੋਰ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।