ਸੰਘੀ ਅਦਾਲਤ ਨੇ ਨਫਰਤੀ ਅਪਰਾਧ ਦੇ ਮਾਮਲੇ ਵਿਚ 'ਸਮਝੌਤਾ ਬੇਨਤੀ' ਕੀਤੀ ਰੱਦ

ਸੰਘੀ ਅਦਾਲਤ ਨੇ ਨਫਰਤੀ ਅਪਰਾਧ ਦੇ ਮਾਮਲੇ ਵਿਚ 'ਸਮਝੌਤਾ ਬੇਨਤੀ' ਕੀਤੀ ਰੱਦ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਇਕ ਸੰਘੀ ਅਦਾਲਤ ਨੇ ਅਹਮਦ ਆਰਬਰੀ ਨਾਮੀ ਵਿਅਕਤੀ ਦੀ ਹੱਤਿਆ ਲਈ ਦੋਸ਼ੀ ਕਰਾਰ ਦਿੱਤੇ ਪਿਓ-ਪੁਤ ਦੇ ਮਾਮਲੇ ਵਿਚ 'ਸਮਝੌਤਾ ਬੇਨਤੀ' ਰੱਦ ਕਰ ਦਿੱਤੀ। ਯੂ ਐਸ ਡਿਸਟ੍ਰਿਕਟ ਜੱਜ ਲੀਸਾ ਗਾਡਬੇਅ ਵੁੁੱਡ ਨੇ ਆਰਬਰੀ ਦੇ ਪਰਿਵਾਰ ਵੱਲੋਂ ਰਖੇ ਜ਼ਜਬਾਤੀ ਪੱਖ ਨੂੰ ਸੁਣਨ ਉਪਰੰਤ ਟਰਾਵਿਸ ਮੈਕਮਾਈਕਲ ਨਾਲ 'ਡੀਲ' ਦਾ ਪ੍ਰਸਤਾਵ ਰੱਦ ਕਰ ਦਿੱਤਾ। ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਇਸ ਮਾਮਲੇ ਵਿਚ ਪਰਿਵਾਰ ਦੀ ਇੱਛਾ ਨੂੰ ਮੁੱਖ ਰਖਕੇ ਹੀ ਵਿਚਾਰ ਕੀਤੀ ਜਾਣੀ ਹੈ ਤੇ ਪਰਿਵਾਰ ਪ੍ਰਸਤਾਵਿਤ ਸਮਝੌਤੇ ਦੇ ਵਿਰੁੱਧ ਹੈ। ਆਰਬਰੀ ਦੇ ਪਿਤਾ ਮਾਰਕਸ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੇਰਾ ਪੁੱਤਰ ਸੀ ਜਿਸ ਦਾ ਕੋਈ ਬਦਲ  ਨਹੀਂ ਹੈ। ਉਸ ਨੂੰ ਰੰਗਭੇਦ ਦੇ ਆਧਾਰ 'ਤੇ ਮਾਰਿਆ ਗਿਆ ਹੈ। ਅਸੀਂ ਅੱਧਾ ਨਹੀਂ ਪੂਰਾ ਇਨਸਾਫ ਚਹੁੰਦੇ ਹਾਂ। ਅਦਾਲਤ ਨੇ ਅਜੇ ਟਰਾਵਿਸ ਮੈਕਮਾਈਕਲ ਦੇ ਪਿਤਾ ਗਰੇਗ ਮੈਕਮਾਈਕਲ ਦੀ 'ਸਮਝੌਤਾ ਬੇਨਤੀ' ਬਾਰੇ ਫੈਸਲਾ  ਨਹੀਂ ਸੁਣਾਇਆ। ਇਥੇ ਜਿਕਰਯੋਗ ਹੈ ਕਿ 25 ਸਾਲਾ ਆਰਬਰੀ ਦੀ ਬਰਨਜਵਿਕ, ਜਾਰਜੀਆ ਵਿਚ 23 ਫਰਵਰੀ 2020 ਨੂੰ ਦੌੜਾ ਦੌੜਾ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਹੀਨੇ ਦੇ ਸ਼ੁਰੂ ਵਿਚ ਅਦਾਲਤ ਨੇ 35 ਸਾਲਾ ਟਰਾਵਿਸ ਮੈਕਮਾਈਕਲ  ਤੇ 65 ਸਾਲਾ ਗਰੇਗ ਮੈਕਮਾਈਕਲ ਨੂੰ ਜੀਵਨ ਕਾਲ ਲਈ ਜੇਲ ਦੀ ਸਜਾ ਸੁਣਾਈ ਸੀ। ਉਨਾਂ ਦਾ ਗਵਾਂਢੀ 52 ਸਾਲਾ ਬਰਾਇਨ ਜਿਸ ਨੇ ਹੱਤਿਆ ਦੀ ਵੀਡੀਓ ਬਣਾਈ ਸੀ, ਨੂੰ ਵੀ ਉਮਰ ਕੈਦ ਦੀ ਸਜਾ ਸੁਣਾਈ ਸੀ ਤੇ ਅਦਾਲਤ ਨੇ ਕਿਹਾ ਸੀ ਕਿ ਬਰਾਇਨ ਦੀ  ਅਗਲੇ 30 ਸਾਲਾਂ ਦੌਰਾਨ ਜਮਾਨਤ ਦੀ ਸੰਭਾਵਨਾ ਹੋ ਸਕਦੀ ਹੈ।