ਫਲੋਰਿਡਾ ਵਿਚ ਵਾਹਣ ਦੀ ਲਪੇਟ ਵਿਚ ਆ ਕੇ ਦੋ ਬੱਚਿਆਂ ਦੀ ਮੌਤ, 4 ਜ਼ਖਮੀ

ਫਲੋਰਿਡਾ ਵਿਚ ਵਾਹਣ ਦੀ ਲਪੇਟ ਵਿਚ ਆ ਕੇ ਦੋ ਬੱਚਿਆਂ ਦੀ ਮੌਤ, 4 ਜ਼ਖਮੀ
ਕੈਪਸ਼ਨ : ਹਾਦਸੇ ਵਾਲੀ ਥਾਂ ਦਾ ਦ੍ਰਿਸ਼

* ਡਰਾਈਵਰ ਵਾਹਣ ਸਮੇਤ ਫਰਾਰ, ਰਿਹਾਇਸ਼ੀ ਖੇਤਰ ਵਿਚ ਵਾਪਰਿਆ ਹਾਦਸਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਦੱਖਣੀ ਫਲੋਰਿਡਾ ਵਿਚ ਬਰੋਵਰਡ ਕਾਊਂਟੀ ਵਿਚ ਇਕ ਵਾਹਣ ਦੀ ਲਪੇਟ ਵਿਚ ਆ ਕੇ 2 ਬੱਚਿਆਂ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋ ਗਏ। ਬਟਾਲੀਅਨ ਮੁੱਖੀ ਸਟੀਫਨ ਗੋਲਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਸਪਤਾਲ ਵਿਚ ਦਾਖਲ ਕਰਵਾਏ ਗਏ ਬੱਚਿਆਂ ਦੀ ਉਮਰ 1 ਸਾਲ ਤੋਂ ਲੈ ਕੇ 10 ਸਾਲ ਤੱਕ ਹੈ। ਉਨ੍ਹਾਂ ਦੱਸਿਆ ਕਿ ਕੁਝ ਬੱਚੇ ਗੰਭੀਰ ਹਾਲਤ ਵਿਚ ਹਨ। ਗੋਲਨ ਨੇ ਘਟਨਾ ਨੂੰ ਬਹੁਤ ਹੀ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਡਰਾਈਵਰ ਵਾਹਣ ਨੂੰ ਮੌਕੇ ਤੋਂ ਭਜਾ ਕੇ ਲੈ ਗਿਆ। ਬਰੋਵਰਡ ਕਾਊਂਟੀ ਸ਼ੈਰਿਫ ਦਫਤਰ ਦੇ ਬੁਲਾਰੇ ਬੀਬੀ ਮਿਰਾਂਡਾ ਗਰਾਸਮੈਨ ਨੇ  ਕਿਹਾ ਹੈ ਕਿ ਵਾਹਣ ਨੇ ਰਿਹਾਇਸ਼ੀ ਖੇਤਰ ਵਿਚ ਬੱਚਿਆਂ ਨੂੰ ਕੁਚਲਿਆ ਹੈ। ਹਾਦਸੇ ਵਾਲੀ ਥਾਂ ਨੇੜੇ ਘਰਾਂ ਦੇ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਡੋਰਬੈੱਲ ਕੈਮਰਿਆਂ ਨੂੰ ਵੇਖਣ ਤਾਂ ਜੋ ਡਰਾਈਵਰ ਤੇ ਵਾਹਣ ਬਾਰੇ ਕੋਈ ਸੁਰਾਗ ਮਿਲ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀ ਘਟਨਾ ਵਾਪਰਨ ਦੇ ਹਾਲਾਤ ਬਾਰੇ ਜਾਣਕਾਰੀ ਇੱਕਠੀ ਕਰ ਰਹੇ ਹਨ।