ਬਰਗਾੜੀ ਮਾਮਲੇ ਵਿਚ ਚੰਨੀ ਨੇ ਬਾਦਲਾਂ ਨੂੰ ਘੇਰਿਆ

ਬਰਗਾੜੀ ਮਾਮਲੇ ਵਿਚ ਚੰਨੀ ਨੇ ਬਾਦਲਾਂ ਨੂੰ ਘੇਰਿਆ

 ਕਿਹਾ ਕਿ ਜੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ‘ਵਿਚ ਗੋਲੀ ਕਾਂਡ ਲਈ ਬਾਦਲ ਕਿਉਂ ਨਹੀਂ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੁਨਾਮ ਊਧਮ ਸਿੰਘ ਵਾਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇ ਜਲ੍ਹਿਆਂਵਾਲਾ ਕਤਲੇਆਮ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ਵਿਚ ਬੇਕਸੂਰ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਲਈ ਬਾਦਲ ਕਿਉਂ ਨਹੀਂ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਰਗਾੜੀ ਮਾਮਲੇ ਚ ਸ਼ਾਂਤਮਈ ਢੰਗ ਨਾਲ ਸ਼ਬਦ ਗਾਇਨ ਕਰ ਰਹੇ ਨਿਹੱਥੇ ਸਿੱਖ ਗੋਲੀਬਾਰੀ ਵਿੱਚ ਮਾਰੇ ਗਏ ਸਨ ਅਤੇ ਇਸ ਘਟਨਾ ਲਈ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹਨ।ਸਿੱਖਾਂ ਤੇ ਗੋਲ਼ੀਆਂ ਚਲਵਾਕੇ ਸ਼ਹੀਦ ਕਰਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੀ ਕਚਹਿਰੀ ਵਿਚ ਹਿਸਾਬ ਦੇਣਾ ਪਵੇਗਾ। ਉਹਨਾਂ ਕਿਹਾ ਕਿ ਪੰਥ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਬਾਦਲ ਪਰਿਵਾਰ ਨੂੰ ਸੂਬੇ ਦੇ ਲੋਕ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਬਾਦਲਾਂ ਦੀਆਂ ਬੱਸਾਂ ਹੁਣ ਥਾਣਿਆਂ ਵਿਚ ਖੜ੍ਹੀਆਂ ਹਨ, ਟੈਕਸਾਂ ਦਾ ਪੈਸਾ ਹੁਣ ਬਾਦਲਾਂ ਦੇ ਘਰ ਦੀ ਬਜਾਏ ਸਰਕਾਰ ਦੇ ਖ਼ਜ਼ਾਨੇ ਵਿਚ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਨਸ਼ਿਆਂ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਕਰਕੇ ਅਕਾਲੀ ਆਗੂ ਦੀ ਨੀਂਦ ਉੱਡ ਦਿੱਤੀ ਹੈ।