ਕ੍ਰਿਸਮਿਸ ਦੀ ਸਵੇਰ ਨੂੰ ਲੱਗੀ ਭਿਆਨਕ ਅੱਗ ਵਿਚ ਸੜਨ ਨਾਲ ਪਿਤਾ ਤੇ ਉਸ ਦੇ ਦੋ ਪੁੱਤਰਾਂ ਦੀ ਮੌਤ

ਕ੍ਰਿਸਮਿਸ ਦੀ ਸਵੇਰ ਨੂੰ ਲੱਗੀ ਭਿਆਨਕ ਅੱਗ ਵਿਚ ਸੜਨ ਨਾਲ ਪਿਤਾ ਤੇ ਉਸ ਦੇ ਦੋ ਪੁੱਤਰਾਂ ਦੀ ਮੌਤ

* ਕ੍ਰਿਸਮਿਸ ਦਰਖੱਤ 'ਤੇ ਲੱਗੇ ਬਲਬ ਅੱਗ ਦਾ ਬਣੇ ਕਾਰਨ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਪੈਨਸਿਲਵੈਨੀਆ ਦੇ ਕੁਆਕਰਟਾਊਨ ਵਿਚ ਇਕ ਪਰਿਵਾਰ ਲਈ ਕ੍ਰਿਸਮਿਸ ਦੀ ਸਵੇਰ ਬਹੁਤ ਭਿਆਨਕ ਸਾਬਤ ਹੋਈ ਤੇ ਘਰ ਵਿਚ ਲੱਗੀ ਅੱਗ ਵਿਚ ਸੜ ਕੇ ਪਿਤਾ ਤੇ ਉਸ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ ਜਦ ਕਿ ਪਤਨੀ ਤੇ ਵੱਡੇ ਪੁੱਤਰ ਦਾ ਕਿਸੇ ਤਰਾਂ ਬਚਾ ਹੋ ਗਿਆ।  ਅੱਗ ਏਨੀ ਭਿਆਨਕ ਸੀ ਦੋ ਕੁੱਤੇ ਵੀ ਸੜ ਕੇ ਮਰ ਗਏ। ਉਨ੍ਹਾਂ ਨੂੰ ਵੀ ਭੱਜਣ ਦਾ ਮੌਕਾ ਨਹੀਂ ਮਿਲਿਆ। ਇਹ ਘਟਨਾ ਪੂਰਬੀ ਪੈਨਸਿਲਵੈਨੀਆ ਦੀ ਹੈ ਜਿਥੇ ਇਕ ਘਰ ਵਿਚ ''ਕ੍ਰਿਸਮਿਸ ਟਰੀ'' ਪੂਰੀ ਤਰਾਂ ਸਜਾਇਆ ਹੋਇਆ ਸੀ। ਉਸ ਉਪਰ ਬੱਲਬ ਆਦਿ ਲੱਗੇ ਹੋਏ ਸਨ। ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ ਪਰੰਤੂ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਅੱਗ ''ਕ੍ਰਿਸਮਿਸ ਟਰੀ'' ਉਪਰ ਲੱਗੇ ਬੱਲਬ ਤੋਂ ਸ਼ੁਰੂ ਹੋਈ ਜੋ ਭਾਂਬੜ ਦਾ ਰੂਪ ਅਖਤਿਆਰ ਕਰ ਗਈ। ਮ੍ਰਿਤਕਾਂ ਦੀ ਪਛਾਣ ਐਰਿਕ ਕਿੰਗ (41) ਤੇ ਉਸ ਦੇ 11 ਤੇ 8 ਸਾਲ ਪੁੱਤਰਾਂ ਕ੍ਰਮਵਾਰ ਲਿਐਮ ਤੇ ਪੈਟਰਿਕ ਵਜੋਂ ਹੋਈ ਹੈ। ਕੁਆਕਰਟਾਊਨ ਪੁਲਿਸ ਮੁੱਖੀ ਮੈਕਲਰੀ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਲਾਉਣ ਲਈ ਹਾਲਾਂ ਕਿ ਅੰਤਿਮ ਸਿੱਟੇ 'ਤੇ ਨਹੀਂ ਪੁੱਜੇ ਪਰੰਤੂ ਹਾਲਾਤ ਤੋਂ ਪੂਰੀ ਤਰਾਂ ਸਪੱਸ਼ਟ ਹੋ ਜਾਂਦਾ ਹੈ ਕਿ ਅੱਗ ਘਰ ਵਿਚ ਸਜਾਏ ਕ੍ਰਿਸਮਿਸ ਟਰੀ' ਤੋਂ ਸ਼ੁਰੂ ਹੋਈ । ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਦਰੱਖਤ ਅਸਲੀ ਸੀ ਤੇ ਉਸ ਉਪਰ ਰੋਸ਼ਨੀਆਂ ਆਦਿ ਲਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅੱਗ ਏਨੀ ਭਿਆਨਕ ਸੀ ਕਿ ਮੌਕੇ ਉਪਰ ਪੁੱਜੇ ਪੁਲਿਸ ਅਧਿਕਾਰੀ ਵੀ ਘਰ ਵਿਚ ਦਾਖਲ ਹੋਣ ਵਿੱਚ ਨਾਕਾਮ ਰਹੇ। ਅੱਗ ਨਾਲ ਘਰ ਪੂਰੀ ਤਰਾਂ ਸੜ ਕੇ ਸਵਾਹ ਹੋ ਗਿਆ ਜੋ ਲੱਕੜ ਦੇ ਢਾਂਚੇ ਉਪਰ ਬਣਾਇਆ ਗਿਆ ਸੀ। ਘਰ ਵਿਚ ਬਣੀ ਇਕ ਕੰਧ ਕਾਰਨ ਪਰਿਵਾਰ ਦੇ ਬਾਕੀ ਜੀਅ ਬਚ ਗਏ।