ਕੋਰੋਨਾ ਦੇ ਵਧੇ ਮਾਮਲਿਆਂ ਕਾਰਨ ਕੋਰਨੈਲ ਯੁਨੀਵਰਸਿਟੀ ਵੱਲੋਂ ਆਪਣਾ ਕੈਂਪਸ ਬੰਦ

ਕੋਰੋਨਾ ਦੇ ਵਧੇ ਮਾਮਲਿਆਂ ਕਾਰਨ ਕੋਰਨੈਲ ਯੁਨੀਵਰਸਿਟੀ ਵੱਲੋਂ ਆਪਣਾ ਕੈਂਪਸ ਬੰਦ
ਕੈਪਸ਼ਨ- ਕੋਰੋਨਾ ਕਾਰਨ ਬੰਦ ਕੀਤੇ ਯੁਨੀਵਰਸਿਟੀ ਕੈਂਪਸ ਦਾ ਬਾਹਰੀ ਦ੍ਰਿਸ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਵਿਦਿਆਰਥੀਆਂ ਵਿਚ ਕੋਵਿਡ-19 ਦੇ ਮਾਮਲੇ ਤੇਜੀ ਨਾਲ ਵਧਣ ਕਾਰਨ ਕੋਰਨੈਲ ਯੁਨੀਵਰਸਿਟੀ ਨੇ ਆਪਣਾ ਲਥਾਕਾ, ਨਿਊਯਾਰਕ ਵਿਚਲਾ ਕੈਂਪਸ ਬੰਦ ਕਰ ਦਿੱਤਾ ਹੈ। ਕੋਰਨੈਲ ਯੁਨੀਵਰਿਸਟੀ ਦੇ ਆਨ ਲਾਈਨ ਅੰਕੜਿਆਂ ਅਨੁਸਾਰ ਕੈਂਪਸ ਵਿਚ ਕੋਵਿਡ-19 ਦੇ ਕੁਲ 469 ਸਰਗਰਮ ਮਾਮਲੇ ਹਨ ਤੇ ਵਿਦਿਆਰਥੀਆਂ ਵਿਚ ਪਾਜ਼ੇਟਿਵ ਦਰ 3.01% ਹੈ। ਕੈਂਪਸ ਦੇ ਪ੍ਰਧਾਨ ਮਾਰਥਾ ਪੋਲੈਕ ਨੇ ਕਿਹਾ ਹੈ ਕਿ ਯੁਨੀਵਰਸਿਟੀ ਦੀ ਲੈਬ ਟੀਮ ਨੂੰ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਸਬੂਤ ਵੀ ਮਿਲਿਆ ਹੈ। ਇਸ ਲਈ ਸਮੈਸਟਰ ਖਤਮ ਹੋਣ 'ਤੇ ਸਾਰੇ ਫਾਇਨਲ ਇਮਤਿਹਾਨ ਆਨ ਲਾਈਨ ਹੋਣਗੇ। ਸਾਰੀਆਂ ਸਰਗਰਮੀਆਂ ਤੇ ਖੇਡਾਂ ਰੱਦ ਕਰ ਦਿੱਤੀਆਂ ਗਈਆਂ ਹਨ। ਲਾਇਬਰੇਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਵਿਦਿਆਰਥੀਆਂ ਨੂੰ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਪੋਲੈਕ ਨੇ ਕਿਹਾ ਹੈ ਹਾਲਾਂ ਕਿ ਕੋਈ ਵੀ ਵਿਦਿਆਰਥੀ ਗੰਭੀਰ ਰੂਪ ਵਿਚ ਬਿਮਾਰ ਨਹੀਂ ਹੈ ਪਰੰਤੂ ਕੈਂਪਸ ਬੰਦ ਕਰਨ ਦਾ ਕਦਮ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ।