ਯੁਕਰੇਨ ਦੀ ਸਰਹੱਦ ਤੋਂ ਰੂਸ ਪਿੱਛੇ ਨਾ ਹਟਿਆ ਤਾਂ ਖੇਤਰ ਵਿਚ ਹੋਰ ਫੌਜਾਂ ਤਾਇਨਾਤ ਕੀਤੀਆਂ ਜਾਣਗੀਆਂ-ਬਾਈਡਨ

ਯੁਕਰੇਨ ਦੀ ਸਰਹੱਦ ਤੋਂ ਰੂਸ ਪਿੱਛੇ ਨਾ ਹਟਿਆ ਤਾਂ ਖੇਤਰ ਵਿਚ ਹੋਰ ਫੌਜਾਂ ਤਾਇਨਾਤ ਕੀਤੀਆਂ ਜਾਣਗੀਆਂ-ਬਾਈਡਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਸਖਤ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਜੇਕਰ ਰੂਸ ਯੁਕਰੇਨ ਵਿਰੁੱਧ ਆਪਣੀਆਂ ਹਮਲਾਵਰ ਗਤੀਵਿਧੀਆਂ ਬੰਦ ਨਹੀਂ ਕਰਦਾ ਤਾਂ ਉਸ ਵਿਰੁੱਧ ਅਮਰੀਕਾ ਤੇ ਉਸ ਦੇ ਭਾਈਵਾਲ ਦੇਸ਼ਾਂ ਵੱਲੋਂ ਸਖਤ ਆਰਥਕ ਪਾਬੰਦੀਆਂ ਲਾਉਣ ਦੇ ਨਾਲ ਨਾਲ ਖੇਤਰ ਵਿਚ ਹੋਰ ਫੌਜਾਂ ਤਾਇਨਾਤ ਕੀਤੀਆਂ ਜਾਣਗੀਆਂ। ਬਾਈਡਨ ਨੇ ਕਿਹਾ ਕਿ ਉਹ ਯੁਕਰੇਨ ਵਿਚਲੇ ਸੰਕਟ ਦਾ ਕੂਟਨੀਤਿਕ ਹੱਲ ਲੱਭਣ ਨੂੰ ਤਰਜੀਹ ਦਿੰਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਯੁਕਰੇਨ ਨੂੰ ਪਹਿਲਾਂ ਦਿੱਤੇ ਜਾ ਰਹੇ ਰਖਿਆ ਸਾਜ਼ - ਸਮਾਨ ਤੋਂ ਇਲਾਵਾ ਹਿਫਾਜਤ ਲਈ ਹੋਰ ਲੋੜੀਂਦੇ ਸਾਧਨ ਵੀ ਦੇਵੇਗਾ ਤੇ ਖੇਤਰ ਦੀ ਨਾਟੋ ਦੁਆਰਾ ਕਿਲਾਬੰਦੀ ਲਈ ਹੋਰ ਫੌਜਾਂ ਭੇਜੀਆਂ ਜਾਣਗੀਆਂ। ਵਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਹੈ ਕਿ ਦੋਨਾਂ ਆਗੂਆਂ ਵਿਚਾਲੇ ਦੋ ਘੰਟੇ ਦੇ ਕਰੀਬ ਗੱਲਬਾਤ ਹੋਈ। ਵੀਡੀਓ ਕਾਲ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਲੀਵਾਨ ਨੇ ਕਿਹਾ ਕਿ ' ਇਹ ਕੁੱਛ ਛੱਡਣ ਤੇ ਕੁੱਝ ਲੈਣ ਦਾ ਮਾਮਲਾ ਹੈ। ਰਾਸ਼ਟਰਪਤੀ ਯੁਕਰੇਨ ਬਾਰੇ ਸਾਰੇ ਮੁੱਦਿਆਂ ਉਪਰ ਸਪੱਸ਼ਟ ਹਨ।'' ਰੂਸ ਵੱਲੋਂ ਯੁਕਰੇਨ ਦੀ ਸਰਹੱਦ ਉਪਰ ਭਾਰੀ ਤਾਦਾਦ ਵਿਚ ਫੌਜਾਂ ਤਾਇਨਾਤ ਕਰਨ ਸਬੰਧੀ ਖੁਫੀਆ ਰਿਪੋਰਟਾਂ ਵਿਚ ਯੁਕਰੇਨ ਉਪਰ ਹਮਲੇ ਦੀ ਪ੍ਰਗਟਾਈ ਗਈ ਸੰਭਾਵਨਾ ਉਪਰੰਤ ਬਾਈਡਨ ਤੇ ਪੂਤਿਨ ਵਿਚਾਲੇ ਵੀਡੀਓ ਕਾਨਫਰੰਸ ਰਾਹੀਂ ਲੰਬੀ ਗੱਲਬਾਤ ਹੋਈ ਹੈ। ਸੁਲੀਵਾਨ ਨੇ ਕਿਹਾ ਕਿ ਅਮਰੀਕਾ ਦਾ ਵਿਸ਼ਵਾਸ਼ ਹੈ ਕਿ ਪੂਤਿਨ ਨੇ ਅਜੇ ਯੁਕਰੇਨ ਉਪਰ ਹਮਲੇ ਦਾ ਨਿਰਨਾ ਨਹੀਂ ਲਿਆ ਪਰੰਤੂ ਅਮਰੀਕੀ ਅਧਿਕਾਰੀਆਂ ਦੀ ਰਾਏ ਹੈ ਕਿ ਰੂਸ ਨੇ ਯੁਕਰੇਨ ਦੀ ਸਰਹੱਦ ਉਪਰ ਲੋੜੀਂਦੀ ਸਮਰੱਥਾ ਅਨੁਸਾਰ ਯੁੱਧ ਸਮੱਗਰੀ ਇਕੱਠੀ ਕਰ  ਲਈ ਹੈ ਤਾਂ ਜੋ ਹਮਲਾ ਕਰਨ ਦੀ ਹਾਲਤ ਵਿਚ ਵਰਤੀ ਜਾ ਸਕੇ। ਹਾਲਾਂ ਕਿ ਸਲੀਵਾਨ ਨੇ ਇਹ ਨਹੀਂ ਦੱਸਿਆ ਕਿ ਕਿਸ ਕਿਸਮ ਦੀਆਂ ਆਰਥਕ ਪਾਬੰਦੀਆਂ ਲਾਈਆਂ ਜਾਣਗੀਆਂ ਪਰੰਤੂ ਉਨ੍ਹਾਂ ਜੋਰ ਦੇ ਕੇ ਕਿਹਾ ਕਿ ਜੇਕਰ ਰੂਸ ਪਿੱਛੇ ਨਹੀਂ ਹੱਟਦਾ ਤਾਂ ਅਮਰੀਕਾ ਤੇ ਉਸ ਦੇ ਮਿੱਤਰ ਦੇਸ਼ ਮਾਸਕੋ ਦੀ ਆਰਥਕ ਨਾਕਾਬੰਦੀ ਜੂਰਰ ਕਰਨਗੇ। ਵੀਡੀਓ ਕਾਨਫਰੰਸ ਦੌਰਾਨ ਪੂਤਿਨ ਨੇ ਕਿਹਾ ਕਿ ਰੂਸ ਉਪਰ ਸਾਰੀ ਜਿੰਮੇਵਾਰੀ ਸੁੱਟਣੀ ਗਲਤ ਹੈ ਕਿਉਂਕਿ ਇਹ ਨਾਟੋ ਹੈ ਜੋ ਯੁਕਰੇਨ ਦੇ ਖੇਤਰ ਵਿਚ ਆਪਣੀ ਸਥਿੱਤੀ ਮਜਬੂਤ ਕਰਨ ਲਈ ਖਤਰਨਾਕ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਰੂਸ ਦੀਆਂ ਸਰਹੱਦਾਂ  ਨੇੜੇ ਆਪਣੀ ਫੌਜੀ ਤਾਕਤ ਵਧਾਉਣ ਦੀ ਕੋਸ਼ਿਸ ਵਿਚ ਹੈ।