ਕੈਲੀਫੋਰਨੀਆ ਦੇ ਗੁਰੂ ਘਰਾਂ ਸਮੇਤ ਵੱਖ ਵੱਖ ਥਾਵਾਂ 'ਤੇ ਬੰਦੀ ਛੋੜ ਦਿਵਸ ਤੇ ਦਿਵਾਲੀ ਸ਼ਾਨਦਾਰ ਢੰਗ ਨਾਲ ਮਨਾਈ ਗਈ

ਕੈਲੀਫੋਰਨੀਆ ਦੇ ਗੁਰੂ ਘਰਾਂ ਸਮੇਤ ਵੱਖ ਵੱਖ ਥਾਵਾਂ 'ਤੇ ਬੰਦੀ ਛੋੜ ਦਿਵਸ ਤੇ ਦਿਵਾਲੀ ਸ਼ਾਨਦਾਰ ਢੰਗ ਨਾਲ ਮਨਾਈ ਗਈ
ਕੈਪਸ਼ਨ: ਨਿਊਯਾਰਕ ਦੇ ਟਾਈਮਜ਼ ਸਕੁਏਰ ਵਿਚ ਮਨਾਏ ਦਿਵਾਲੀ ਦੇ ਜਸ਼ਨਾਂ ਵਿਚ ਜੁੜੇ ਭਾਰਤੀ ਮੂਲ ਦੇ ਅਮਰੀਕੀ ਲੋਕ

*  ਨਿਊਯਾਰਕ ਦੇ ਟਾਈਮਜ਼ ਸਕੁਏਰ ਵਿਖੇ ਹਜਾਰਾਂ ਲੋਕ ਇਕੱਠੇ ਹੋਏ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ ਹੁਸਨ ਲੜੋਆ ਬੰਗਾ)-ਕੋਵਿਡ19 ਮਹਾਮਾਰੀ ਦੇ 2 ਸਾਲ ਬਾਅਦ ਘਟੇ ਪ੍ਰਕੋਪ ਉਪਰੰਤ ਭਾਰਤੀ ਮੂਲ ਦੇ ਅਮਰੀਕੀਆਂ ਖਾਸ ਕਰਕੇ ਪੰਜਾਬੀਆਂ ਨੇ ਬੰਦੀ ਛੋੜ ਦਿਵਸ ਤੇ ਦਿਵਾਲੀ ਦਾ ਤਿਓਹਾਰ ਗੁਰੂ ਘਰਾਂ ਤੇ ਮੰਦਿਰਾਂ ਵਿਚ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ  ਮਨਾਇਆ। ਕੈਲੀਫੋਰਨੀਆ ਦੇ ਯੂਬਾ ਸਿਟੀ, ਮੋਡੈਸਟੋ, ਸੀਰਸ, ਫਰਜ਼ਿਨੋ, ਸੈਕਰਾਮੈਂਟੋ ਸਮੇਤ ਵੱਖ ਵੱਖ ਗੁਰੂ ਘਰਾਂ ਵਿਚ ਸੰਗਤਾਂ ਨੇ ਮੱਥਾ ਟੇਕਿਆ ਤੇ ਦੀਵੇ ਜਗਾਏ। ਸੰਗਤਾਂ ਨੇ ਇਕ ਦੂਸਰੇ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਨਿਊਯਾਰਕ  ਦੇ ਟਾਈਮਜ਼ ਚੌਕ ਵਿਚ ਹਜਾਰਾਂ ਲੋਕਾਂ ਨੇ ਇਕੱਠੇ ਹੋ ਕੇ ਰੌਸ਼ਨੀਆਂ ਦਾ ਤਿਓਹਾਰ ਦਿਵਾਲੀ ਮਨਾਈ। ਸਭ ਤੋਂ ਪਹਿਲਾਂ ਦੀਵੇ ਜਗਾਉਣ ਦੀ ਰਸਮ ਹੋਈ। ਉਪਰੰਤ ਗੀਤ ਸੰਗੀਤ ਦਾ ਪ੍ਰੋਗਰਾਮ ਹੋਇਆ। ਇਸ ਇਕੱਠ ਵਿਚ ਉੱਚ ਪੱਧਰ ਦੇ ਸਰਕਾਰੀ ਅਧਿਕਾਰੀ, ਕਾਰੋਬਾਰੀ ਤੇ ਹੋਰ ਅਹਿਮ ਸਖਸ਼ੀਅਤਾਂ ਵੀ ਸ਼ਾਮਿਲ ਹੋਈਆਂ। ਸਮਾਗਮ ਨੂੰ ਨਿਊਯਾਰਕ ਵਿਚਲੇ ਭਾਰਤੀ ਕੌਂਸਲ ਜਨਰਲ ਰੰਧੀਰ ਜੈਸਵਾਲ, ਨਿਊਯਾਰਕ ਦੇ ਗਵਰਨਰ  ਕੈਥਲੀਨ ਕੋਰਟਨੀ ਹੋਚੁਲ, ਯੂ ਐਸ ਸੈਨੇਟਰ ਚਾਰਲਸ ਸ਼ੂਮਰ , ਸਟੇਟ ਸੈਨੇਟਰ ਜੌਹਨ ਲਿੳ ਤੇ ਹੋਰਨਾਂ ਨੇ ਸੰਬੋਧਿਤ ਕੀਤਾ। ਈਵੈਂਟਗੁਰੂ ਇੰਕ ਦੇ ਪ੍ਰਧਾਨ ਨੀਟਾ ਭਾਸੀਨ ਨੇ ਕਿਹਾ ਕਿ ਇਹ ਤਿਓਹਾਰ ਗਿਆਨ ਦੀ ਅਗਿਆਨਤਾ ਉਪਰ ਤੇ ਨੇਕੀ ਦੀ ਬਦੀ ਉਪਰ ਜਿੱਤ ਦਾ ਸੰਦੇਸ਼ ਦਿੰਦਾ ਹੈ ਤੇ ਅਮਨ, ਪਿਆਰ , ਏਕਤਾ ਤੇ ਇਕਜੁੱਟਤਾ ਦਾ ਪ੍ਰਤੀਕ ਹੈ। ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਹੋਰ ਕਲਾਕਾਰਾਂ ਤੋਂ ਇਲਾਵਾ ਸਪਰਸ਼ ਸ਼ਾਹ, ਸਵੈ ਭਾਟੀਆ,  ਚੂਜਨ ਕਰਿਊ ਇੰਟਰਨੈਸ਼ਨਲ ਗੁਰੱਪ ਦੇ ਕਾਲਕਾਰਾਂ, ਜਿਕਾਰੀਆ ਭੈਣਾਂ ਤੇ ਡੀ ਜੇ ਐਸ਼ ਨੇ ਭਰਪੂਰ ਮਨੋਰੰਜਨ ਕੀਤਾ। ਰੰਗਾ ਰੰਗ ਪ੍ਰੋਗਰਾਮ ਦੀ ਸਮਾਪਤੀ ਪ੍ਰਸਿੱਧ ਕੌਮਾਂਤਰੀ ਕਲਾਕਾਰ ਜੇ ਸੀਨ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਹੋਈ।