ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਤੋਂ ਵਿਸ਼ਵ ਦੇ ਸਭ ਤੋਂ ਵੱਡੇ ਤੇ ਪੁਰਾਣੇ ਦਰੱਖਤਾਂ ਨੂੰ ਪੈਦਾ ਹੋਇਆ ਖਤਰਾ
* ਅੱਗ ਬੁਝਾਊ ਅਮਲੇ ਨੇ ਦਰੱਖਤਾਂ ਦੁਆਲੇ ਵਿਸ਼ੇਸ਼ ਤਰਾਂ ਦੀ ਧਾਤ ਨਾਲ ਤਿਆਰ ਚਾਦਰਾਂ ਲਪੇਟੀਆਂ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਵਿਸ਼ਾਲ ਜੰਗਲ ਵਿਚ ਸਥਿੱਤ ਸੇਕੂਆ ਨੈਸ਼ਨਲ ਪਾਰਕ ਤੱਕ ਪੁੱਜ ਗਈ ਹੈ ਜਿਸ ਕਾਰਨ ਇਸ ਪਾਰਕ ਵਿਚਲੇ ਵਿਸ਼ਵ ਦੇ ਸਭ ਤੋਂ ਵੱਡੇ ਤੇ ਪੁਰਾਣੇ ਦਰੱਖਤਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਜੋ 21777 ਏਕੜ ਵਿਚ ਫੈਲ ਚੁੱਕੀ ਹੈ, ਚਾਰ ਗਾਰਡਜਮੈਨ ਖੇਤਰ ਵਿਚ ਪਹੁੰਚ ਗਈ ਹੈ ਜਿਥੇ ਪਿਛਲੇ ਦਿਨਾਂ ਵਿਚ ਅੱਗ ਬੁਝਾਊ ਅਮਲੇ ਨੇ ਦਰੱਖਤਾਂ ਨੂੰ ਬਚਾਉਣ ਲਈ ਕਈ ਕਦਮ ਉਠਾਏ ਹਨ। ਦਰੱਖਤਾਂ ਦੁਆਲੇ ਇਕ ਖਾਸ ਕਿਸਮ ਦੀ ਧਾਤ ਦੀਆਂ ਚਾਦਰਾਂ ਲਪੇਟੀਆਂ ਗਈਆਂ ਹਨ ਜਿਨਾਂ ਉਪਰ ਅੱਗ ਅਸਰ ਨਹੀਂ ਕਰਦੀ। ਕੇ ਐਨ ਪੀ ਕੰਪਲੈਕਸ ਤੱਕ ਪਹੁੰਚੀ ਅੱਗ ਦੇ ਅੱਗੇ ਤੇਜੀ ਨਾਲ ਵਧਣ ਦੀ ਸੰਭਾਵਨਾ ਹੈ ਜਿਸ ਕਾਰਨ ਚਿਤਾਵਨੀ ਵਜੋਂ ਆਲੇ ਦੁਆਲ ਲਾਲ ਝੰਡੇ ਲਾ ਦਿੱਤੇ ਗਏ ਹਨ। ਅਧਿਕਾਰੀਆਂ ਅਨੁਸਾਰ 600 ਤੋਂ ਵਧ ਮੁਲਾਜ਼ਮ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅੱਗ ਇਸ ਮਹੀਨੇ ਦੇ ਸ਼ੁਰੂ ਵਿਚ ਤਿੰਨ ਥਾਵਾਂ 'ਤੇ ਲੱਗੀ ਸੀ । ਨੈਸ਼ਨਲ ਪਾਰਕ ਸਰਵਿਸ ਅਨੁਸਾਰ ਇਨਾਂ ਵਿਚੋਂ ਇਕ ਜਗਾ 'ਤੇ ਅੱਗ ਨੂੰ ਮੁਕੰਮਲ ਰੂਪ ਵਿਚ ਬੁਝਾ ਦਿੱਤਾ ਗਿਆ ਹੈ ਪਰੰਤੂ ਬਾਕੀ ਦੋ ਸਥਾਨਾਂ ਉਪਰ ਅੱਗ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ। ਸੇਕੂਆ ਨੈਸ਼ਨਲ ਪਾਰਕ ਅਜੇ ਖੁਲਾ ਹੈ ਪਰ ਇਸ ਖੇਤਰ ਵਿਚ ਹਵਾ ਦੀ ਗੁਣਵਤਾ ਖਰਾਬ ਹੋ ਚੁੱਕੀ ਹੈ। ਇਥੇ ਜਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਦੱਖਣੀ ਸੀਰਾ ਨੇਵਾਡਾ ਪਹਾੜੀ ਦੀਆਂ ਪੱਛਮੀ ਢਲਾਨਾਂ ਉਪਰ ਸੇਕੂਆ ਦਰੱਖਤ ਕੁੱਦਰਤੀ ਤੌਰ 'ਤੇ ਉੱਗੇ ਹਨ ਤੇ ਇਹ ਦਰੱਖਤ 200 ਫੁੱਟ ਤੋਂ ਵਧ ਲੰਬੇ ਹਨ ਤੇ 3000 ਸਾਲ ਪੁਰਾਣੇ ਹਨ । ਸੇਕੂਆ ਨੈਸ਼ਨਲ ਪਾਰਕ ਦੇ ਸੁਪਰਡੈਂਟ ਕਲੇਟਨ ਜੋਰਡਨ ਨੇ ਕਿਹਾ ਹੈ ਕਿ ਸਾਡਾ ਮੁੱਢਲਾ ਕੰਮ ਲੋਕਾਂ ਨੂੰ ਅੱਗ ਤੋਂ ਬਚਾਉਣ ਦਾ ਹੈ। ਅੱਗ ਬੁਝਾਊ ਅਮਲਾ ਲੋਕਾਂ ਦੀ ਹਿਫਾਜਤ ਵਿਚ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਪਾਰਕ ਦੇ ਸਟਾਫ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਸੱਦੀਆਂ ਪੁਰਾਣੇ ਖਾਸ ਕਿਸਮ ਦੇ ਦਰੱਖਤਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ।
Comments (0)