ਕਿਤੇ ਖੁਸ਼ੀ, ਕਿਤੇ ਗਮ , ਢੋਲ ਕਿਤੇ ਹੋਰ ਵੱਜਦੇ ਰਹਿ ਗਏ

ਕਿਤੇ ਖੁਸ਼ੀ, ਕਿਤੇ ਗਮ , ਢੋਲ ਕਿਤੇ ਹੋਰ ਵੱਜਦੇ ਰਹਿ ਗਏ

 ਵਿਧਾਇਕਾਂ ਨੇ ਰੰਧਾਵਾ ਦੇ ਘਰ ਵੱਲ ਗੱਡੀਆਂ ਦੇ ਮੂੰਹ ਮੋੜ ਲਏ
ਕਾਂਗਰਸ ਵਿੱਚ ਸਭ ਕੁਝ ਕਿਸੇ ਵੇਲੇ ਦੀ ਸੰਭਵ ਹੈ। ਅੱਜ ਮੁੱਖ ਮੰਤਰੀ ਦੇ ਐਲਾਨ ਤੋਂ ਅਜਿਹਾ ਹੀ ਦੇਖਣ ਨੂੰ ਮਿਲਿਆ। ਪਹਿਲਾਂ ਢੋਲ ਕਿਤੇ ਹੋਰ ਹੀ ਵੱਜ ਗਏ, ਮੁੱਖ ਮੰਤਰੀ ਵਾਲੀ ਝੰਡੀ ਕਿਸੇ ਹੋਰ ਦੇ ਹੱਥ ਆ ਗਈ।ਸਿਆਸੀ ਅਟਕਲਾਂ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਵਿਧਾਇਕ ਲੱਡੂ ਲੈ ਕੇ ਪੁੱਜ ਗਏ ਅਤੇ ਕਈ ਆਗੂਆਂ ਦੇ ਹੱਥਾਂ ਵਿੱਚ ਹਾਰ ਵੀ ਦੇਖੇ ਗਏ। ਦੁਪਹਿਰ ਮਗਰੋਂ ਤਿੰਨ ਵਜੇ ਸੁਖਜਿੰਦਰ ਰੰਧਾਵਾ ਦੇ ਮੁੱਖ ਮੰਤਰੀ ਬਣਾਏ ਜਾਣ ਦਾ ਰੌਲਾ ਵੀ ਪੈ ਗਿਆ ਸੀ। ਵਿਧਾਇਕਾਂ ਨੇ ਰੰਧਾਵਾ ਦੇ ਘਰ ਵੱਲ ਗੱਡੀਆਂ ਦੇ ਮੂੰਹ ਮੋੜ ਲਏ। ਪਹਿਲਾਂ ਇਹੋ ਕਾਫ਼ਲੇ ਸੁਨੀਲ ਜਾਖੜ ਦੇ ਘਰ ਅੱਗੇ ਰੁਕੇ ਸਨ। ਹਾਈ ਕਮਾਨ ਤਰਫੋਂ ਅੱਜ ਮੁੱਖ ਮੰਤਰੀ ਦੇ ਅਹੁਦੇ ਲਈ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਅੰਬਿਕਾ ਸੋਨੀ ਅਤੇ ਨਵਜੋਤ ਸਿੱਧੂ ਦੇ ਨਾਮ ਵਿਚਾਰੇ ਜਾ ਰਹੇ ਸਨ। ਹਿੰਦੂ ਹੋਣ ਵਜੋਂ ਸੁਨੀਲ ਜਾਖੜ ਦਾ ਨਾਮ ਸਭ ਤੋਂ ਉਪਰ ਸੀ। ਦੁਪਹਿਰ ਵੇਲੇ ਅੰਬਿਕਾ ਸੋਨੀ ਨੇ ਸਿੱਖ ਚਿਹਰਾ ਮੁੱਖ ਮੰਤਰੀ ਹੋਣ ਦਾ ਐਲਾਨ ਕਰ ਦਿੱਤਾ ਗਿਆ, ਜਿਸ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਸਿਖ਼ਰ ’ਤੇ ਆ ਗਿਆ। ਇਸੇ ਦੌਰਾਨ ਨਵਜੋਤ ਸਿੱਧੂ ਦੇ ਚਰਚੇ ਵੀ ਸ਼ੁਰੂ ਹੋ ਗਏ। 
         ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਸਿਆਸੀ ਲੋਕਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਰਸਮੀ ਐਲਾਨ ਤੋਂ ਪਹਿਲਾਂ ਹੀ ਵਿਧਾਇਕ ਪ੍ਰੀਤਮ ਕੋਟਭਾਈ ਨੇ ਰੰਧਾਵਾ ਦੇ ਮੁੱਖ ਮੰਤਰੀ ਬਣਨ ’ਤੇ ਮੋਹਰ ਵੀ ਲਗਾ ਦਿੱਤੀ। ਲੱਡੂਆਂ ਦੇ ਡੱਬੇ ਲੈ ਕੇ ਕਈ ਆਗੂ ਰੰਧਾਵਾ ਦੇ ਘਰ ਪੁੱਜ ਗਏ। ਇੱਥੋਂ ਤੱਕ ਸੁਖਜਿੰਦਰ ਸਿੰਘ ਰੰਧਾਵਾ ਦੇ ਸਹੁਰੇ ਪਿੰਡ ਅਬਲਖੁਰਾਣਾ ਵਿੱਚ ਭੰਗੜੇ ਵੀ ਪੈ ਗਏ। ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ ਵਿੱਚ ਵੀ ਪੁਲੀਸ ਅਫ਼ਸਰਾਂ ਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਡਿਪਟੀ ਮੁੱਖ ਮੰਤਰੀ ਵਜੋਂ ਐਲਾਨ ਦੀ ਅਫਵਾਹ ਨਾਲ ਭਾਰਤ ਭੂਸ਼ਨ ਆਸ਼ੂ ਦੇ ਘਰ ਵੀ ਭੰਗੜੇ ਪੈਣੇ ਸ਼ੁਰੂ ਹੋ ਗਏ ਸਨ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਕਿਸੇ ਵੀ ਦੌੜ ਵਿੱਚ ਨਹੀਂ ਸੀ ਪਰ ਅਚਾਨਕ ਹਾਈ ਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ। ਪਲਾਂ ਵਿੱਚ ਸਭ ਕੁਝ ਬਦਲ ਗਿਆ। ਚੰਨੀ ਦੇ ਸਮਰਥਕਾਂ ਵਿੱਚ ਖੁਸ਼ੀ ਪਾਈ ਜਾਣ ਲੱਗੀ ਅਤੇ ਚਮਕੌਰ ਸਾਹਿਬ ਹਲਕੇ ਵਿੱਚ ਕਾਂਗਰਸੀ ਖੁਸ਼ੀ ਵਿੱਚ ਖੀਵੇ ਹੋ ਗਏ। 
        ਅੱਜ ਐਲਾਨ ਹੋਣ ਮਗਰੋਂ ਹੀ ਚੰਨੀ ਦਾ ਪਰਿਵਾਰ ਚੰਡੀਗੜ੍ਹ ਪੁੱਜ ਗਿਆ। ਚੰਨੀ ਦੇ ਸਮਰਥਕਾਂ ਨੇ ਵੀ ਅੱਜ ਚੰਡੀਗੜ੍ਹ ਵਿੱਚ ਭੰਗੜੇ ਪਾਏ। ਮੁੱਖ ਮੰਤਰੀ ਐਲਾਨੇ ਜਾਣ ਮਗਰੋਂ ਹੀ ਬਾਕੀ ਦਾਅਵੇਦਾਰਾਂ ਦੇ ਘਰਾਂ ਅੱਗੇ ਸੁੰਨ ਵਰਤ ਗਈ।  ਸਿਆਸੀ ਮਾਹਿਰ ਅਤੇ ਸਾਬਕਾ ਡੀਪੀਆਰਓ ਉਜਾਗਰ ਸਿੰਘ ਪਟਿਆਲਾ ਦਾ ਪ੍ਰਤੀਕਰਮ ਸੀ ਕਿ ਕਾਂਗਰਸ ਹਾਈ ਕਮਾਨ ਦਾ ਹਮੇਸ਼ਾ ਅਜਿਹਾ ਸੱਭਿਆਚਾਰ ਅਤੇ ਰੌਂਅ ਰਿਹਾ ਹੈ ਕਿ ਬਹੁਤੇ ਵਾਰੀ ਅਣਕਿਆਸੇ ਐਲਾਨ ਵੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਐਲਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਦੀ ਦੌੜ ਵਿੱਚ ਚੰਨੀ ਦਾ ਨਾਮ ਕਿਧਰੇ ਨਹੀਂ ਸੀ। ਖ਼ਜ਼ਾਨਾ ਮੰਤਰੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚਰਨਜੀਤ ਸਿੰਘ ਚੰਨੀ ਨਾਲ ਨੇੜਤਾ ਰਹੀ ਹੈ। ਅਹਿਮ ਸੂਤਰਾਂ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਨੇ ਹੀ ਸਭ ਤੋਂ ਪਹਿਲਾਂ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਮੀਡੀਆ ਅੱਗੇ ਰੱਖੀ ਸੀ। ਦੱਸਦੇ ਹਨ ਕਿ ਮਨਪ੍ਰੀਤ ਨੇ ਰਾਹੁਲ ਗਾਂਧੀ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਕੰਨ ਵਿੱਚ ਫੂਕ ਮਾਰੀ ਸੀ ਕਿ ਕਾਂਗਰਸ ਵਿਰੋਧੀਆਂ ਦੀ ਸਿਆਸੀ ਕਾਟ ਲਈ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇ। 
             ਤਕਦੀਰਾਂ ਦੀ ਖੇਡ: ਇੰਜ ਟੈਂਟ ਵਾਲਾ ਬਣਿਆ ਮੁੱਖ ਮੰਤਰੀ
ਇਸ ਨੂੰ ਕਿਸਮਤ ਦਾ ਖੇਡ ਕਹੋ, ਭਾਵੇਂ ਸਿਆਸੀ ਇਤਫਾਕ ਕਿ ਜਿਸ ਚਰਨਜੀਤ ਚੰਨੀ ਨੂੰ ਕੁਝ ਅਰਸਾ ਪਹਿਲਾਂ ਤੱਕ ਵਜ਼ਾਰਤ ਵਿੱਚੋਂ ਆਪਣੀ ਛੁੱਟੀ ਦਾ ਡਰ ਸੀ, ਉਹ ਹੁਣ ਖੁਦ ਵਜ਼ੀਰੀਆਂ ਦੀ ਵੰਡ ਕਰਨਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਤਾਰੇ ਜਾਣ ਤੋਂ ਪਹਿਲਾਂ ਵਜ਼ਾਰਤ ਵਿੱਚ ਫੇਰ-ਬਦਲ ਦੀ ਗੱਲ ਤੁਰੀ ਸੀ ਤਾਂ ਉਦੋਂ ਚਰਨਜੀਤ ਚੰਨੀ ਵੀ ਬਾਗੀ ਖੇਮੇ ਵਿੱਚੋਂ ਹੋਣ ਕਰਕੇ ਵਜ਼ੀਰੀ ਬਚਾਉਣ ਲਈ ਹੱਥ-ਪੈਰ ਮਾਰ ਰਿਹਾ ਸੀ।  ਅੱਜ ਜਦੋਂ ਅਚਾਨਕ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨਿਆ ਗਿਆ ਤਾਂ ਇਸ ਦਾ ਖ਼ੁਦ ਚੰਨੀ ਨੂੰ ਵੀ ਭਰੋਸਾ ਨਹੀਂ ਹੋਵੇਗਾ। ਨਵੇਂ ਮੁੱਖ ਮੰਤਰੀ ਚੰਨੀ ਦਾ ਪਿਛੋਕੜ ਗੁਰਬਤ ਭਰਿਆ ਰਿਹਾ ਹੈ। ਵੇਰਵਿਆਂ ਅਨੁਸਾਰ ਚੰਨੀ ਰਮਦਾਸੀਆ ਭਾਈਚਾਰੇ ’ਚੋਂ ਹਨ ਅਤੇ ਉਨ੍ਹਾਂ ਦਾ ਜੱਦੀ ਪਿੰਡ ਮਕੜੋਨਾ ਕਲਾਂ ਚਮਕੌਰ ਸਾਹਿਬ ਹਲਕੇ ਵਿੱਚ ਪੈਂਦਾ ਹੈ। ਚੰਨੀ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਖਾਲਸਾ ਹਾਇਰ ਸੈਕੰਡਰੀ ਸਕੂਲ ਖਰੜ ਤੋਂ ਮੈਟ੍ਰਿਕ ਕੀਤੀ। ਉਸ ਦੇ ਪਿਤਾ ਹਰਸਾ ਸਿੰਘ ਅਤੇ ਮਾਤਾ ਅਜਮੇਰ ਕੌਰ ਨੇ ਗਰੀਬੀ ਭਰੇ ਦਿਨ ਵੇਖੇ। ਅਖ਼ੀਰ ਚਰਨਜੀਤ ਸਿੰਘ ਚੰਨੀ ਦਾ ਪਿਤਾ ਹਰਸਾ ਸਿੰਘ ਮਲੇਸ਼ੀਆ ਚਲਾ ਗਿਆ ਤਾਂ ਜੋ ਪਰਿਵਾਰ ਨੂੰ ਪੈਰਾਂ ਸਿਰ ਕਰ ਸਕੇ।   ਪਿਤਾ ਹਰਸਾ ਸਿੰਘ ਨੇ ਮਲੇਸ਼ੀਆ ਤੋਂ ਵਾਪਸੀ ਮਗਰੋਂ ਖਰੜ ਵਿੱਚ ਟੈਂਟ ਹਾਊਸ ਖੋਲ੍ਹ ਲਿਆ ਅਤੇ ਚੰਨੀ ਨੇ ਟੈਂਟ ਹਾਊਸ ’ਤੇ ਟੈਂਟ ਬੁਆਏ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਚੰਨੀ ਸਕੂਲ ਸਮੇਂ ਖੁਦ ਹੈਂਡਬਾਲ ਦਾ ਚੰਗਾ ਖਿਡਾਰੀ ਰਿਹਾ ਅਤੇ ਕਈ ਇਨਾਮ ਵੀ ਜਿੱਤੇ।  ਚੰਨੀ ਦਾ ਪਿਤਾ ਹਰਸਾ ਸਿੰਘ ਪਿੰਡ ਦਾ ਸਰਪੰਚ ਬਣਿਆ ਅਤੇ ਮਗਰੋਂ ਬਲਾਕ ਸਮਿਤੀ ਦਾ ਮੈਂਬਰ ਵੀ। ਚੰਨੀ ਖੁਦ  ਵਿਦਿਆਰਥੀ ਯੂਨੀਅਨ ਦਾ ਆਗੂ ਰਿਹਾ। ਚੰਨੀ ਨੇ ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚੋਂ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਉਨ੍ਹਾਂ ਹਾਲ ਹੀ ਵਿੱਚ ਪੀਐੱਚਡੀ ਦੀ ਡਿਗਰੀ ਮੁਕੰਮਲ ਕੀਤੀ ਹੈ। ਇੱਕ ਟੈਂਟ ਬੁਆਏ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜ ਜਾਵੇਗਾ, ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੱਸਦੇ ਹਨ ਕਿ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਕਿੱਤੇ ਵਜੋਂ ਡਾਕਟਰ ਹੈ।

ਚਰਨਜੀਤ ਸਿੰਘ ਭੁੱਲਰ