ਅਮਰੀਕਾ ਵਿਚ ਕੁਲ ਕੋਵਿਡ ਮਾਮਲਿਆਂ ਵਿਚੋਂ 20% ਡੈਲਟਾ ਵਾਇਰਸ ਦੇ ਮਾਮਲੇ -ਡਾ ਫੌਚੀ

ਅਮਰੀਕਾ ਵਿਚ ਕੁਲ ਕੋਵਿਡ ਮਾਮਲਿਆਂ ਵਿਚੋਂ 20% ਡੈਲਟਾ ਵਾਇਰਸ ਦੇ ਮਾਮਲੇ -ਡਾ ਫੌਚੀ
Dr. Fauci

 * ਡੈਲਟਾ ਵਾਇਰਸ ਵੱਡਾ ਖਤਰਾ ਬਣਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਵਿਚ ਡੈਲਟਾ ਵਾਇਰਸ  ਵੱਡਾ ਖਤਰਾ ਬਣਿਆ ਹੋਇਆ ਹੈ ਤੇ ਇਸ ਸਮੇ ਦੇਸ਼ ਦੇ ਕੁਲ ਕੋਵਿਡ ਮਾਮਲਿਆਂ ਵਿਚੋਂ 20% ਤੋਂ ਵਧ ਮਾਮਲੇ ਡੈਲਟਾ ਵਾਇਰਸ ਦੇ ਹਨ। ਇਹ ਪ੍ਰਗਟਾਵਾ ਚੋਟੀ ਦੇ ਮਾਹਿਰ ਡਾ ਐਨਥਨੀ ਫੌਚੀ ਨੇ ਕੀਤਾ ਹੈ। ਵਾਈਟ ਹਾਊਸ ਵਿਖੇ ਕੋਵਿਡ-19 ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਇਨਾਂ ਕੋਸ਼ਿਸ਼ਾਂ ਦੇ ਰਾਹ ਵਿਚ ਡੈਲਟਾ ਵਾਇਰਸ ਵੱਡੀ ਰੁਕਾਵਟ ਬਣਦਾ ਨਜਰ ਆ ਰਿਹਾ ਹੈ। 8 ਮਈ ਨੂੰ ਡੈਲਟਾ ਵਾਇਰਸ ਦੇ ਜੋ ਮਾਮਲੇ 1.2% ਸਨ ਉਹ ਪਿਛਲੇ ਕੁਝ ਦਿਨਾਂ ਵਿਚ ਹੀ ਵਧ ਕੇ ਕੁਲ ਮਾਮਲਿਆਂ ਦਾ 20. 6% ਹੋ ਗਏ ਹਨ। ਡਾ ਫੌਕੀ ਨੇ ਕਿਹਾ ਕਿ ਯੂ ਕੇ ਵਾਂਗ ਇਸ ਵੇਲੇ ਅਮਰੀਕਾ ਲਈ ਸਭ ਤੋਂ ਵੱਡਾ ਖਤਰਾ ਡੈਲਟਾ ਵਾਇਰਸ ਤੋਂ ਹੈ। ਉਨਾਂ ਕਿਹਾ ਕਿ ਅਸਲ ਕੋਵਿਡ ਵਾਇਰਸ ਤੇ ਐਲਫਾ ਵਾਇਰਸ ਦੀ ਤੁਲਨਾ ਵਿਚ ਡੈਲਟਾ ਵਾਇਰਸ ਦੇ ਫੈਲਣ ਦੀ ਰਫਤਾਰ ਵਧ ਹੈ ਤੇ ਇਹ ਇਕ ਮਨੁੱਖ ਤੋਂ ਦੂਸਰੇ ਮਨੁੱਖ ਵਿਚ ਆਸਾਨੀ ਨਾਲ ਪ੍ਰਵੇਸ਼ ਕਰ ਸਕਦਾ ਹੈ। ਇਹ ਵਾਇਰਸ ਬਿਮਾਰੀ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦਾ ਹੈ। ਇਸ ਦੇ ਨਾਲ ਹੀ ਡਾਕਟਰ ਫੌਚੀ ਨੇ ਕਿਹਾ ਕਿ ਇਹ ਇਕ ਚੰਗੀ ਖਬਰ ਹੈ ਕਿ ਫਾਇਜ਼ਰ-ਬਾਇਓਨਟੈਕ ਤੇ ਆਕਸਫੋਰਡ-ਐਸਟਰਾਜ਼ੈਨਿਕ ਵੈਕਸੀਨ ਡੈਲਟਾ ਵਾਇਰਸ ਵਿਰੁੱਧ ਪ੍ਰਭਾਵੀ ਤੇ ਕਾਰਗਰ ਹਨ। ਉਨਾਂ ਕਿਹਾ ਕਿ ਫਾਈਜ਼ਰ ਦਾ ਦੂਸਰਾ ਟੀਕਾ ਲਵਾਉਣ ਤੋਂ ਦੋ ਹਫਤੇ ਬਾਅਦ ਡੈਲਟਾ ਵਾਇਰਸ ਵਿਰੁੱਧ 88% ਪ੍ਰਭਾਵੀ ਸਾਬਤ ਹੋਇਆ ਹੈ ਜਦ ਕਿ ਇਹ ਟੀਕਾ ਐਲਫਾ ਵਾਇਰਸ ਵਿਰੁੱਧ 93% ਪ੍ਰਭਾਵੀ ਹੈ।