ਪੁਲਿਸ ਅਫਸਰ ਹਥੋਂ ਮਾਰ ਗਏ ਜੌਹਨੀ ਹਰਲੇਅ ਨਾਮੀ ਵਿਅਕਤੀ ਨੂੰ 'ਹੀਰੋ' ਕਰਾਰ ਦਿੱਤਾ

ਪੁਲਿਸ ਅਫਸਰ ਹਥੋਂ ਮਾਰ ਗਏ ਜੌਹਨੀ ਹਰਲੇਅ ਨਾਮੀ ਵਿਅਕਤੀ ਨੂੰ 'ਹੀਰੋ' ਕਰਾਰ ਦਿੱਤਾ
ਕੈਪਸ਼ਨ: ਜੌਹਨੀ ਹਰਲੇਅ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) ਇਸ ਹਫਤੇ ਦੇ ਸ਼ੁਰੂ ਵਿਚ ਪੁਲਿਸ ਅਫਸਰ ਦੀ ਗੋਲੀ ਨਾਲ ਮਾਰੇ ਗਏ 40 ਸਾਲਾ ਜੌਹਨੀ ਹਰਲੇਅ ਨਾਮੀ ਵਿਅਕਤੀ ਨੂੰ ਪੁਲਿਸ ਵਿਭਾਗ ਨੇ 'ਹੀਰੋ' ਦਾ ਰੁਤਬਾ ਦਿੱਤਾ ਹੈ। ਅਵਾਡਾ ਦੇ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਵੀਡੀਓ ਰਿਕਾਰਡਿੰਗ ਤੋਂ ਇਹ ਸਪਸ਼ਟ ਹੋਇਆ ਹੈ ਕਿ ਹਰਲੇਅ ਨੇ ਅਵਾਡਾ ਕੋਲੋਰਾਡੋ, ਵਿਚ ਪੁਲਿਸ ਅਫਸਰ ਗੌਰਡਨ ਬੀਸਲੇਅ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀ ਰੋਨਾਲਡ ਟਰਾਇਕੇ ਦਾ ਪਿੱਛਾ ਕਰਕੇ ਉਸ ਨੂੰ ਆਪਣੀ ਹੈਂਡਗੰਨ ਨਾਲ ਮਾਰ ਮੁਕਾਇਆ। ਪੁਲਿਸ ਵਿਭਾਗ ਅਨੁਸਾਰ ਬਾਅਦ ਵਿਚ ਮੌਕੇ 'ਤੇ ਪੁੱਜੇ ਇਕ ਹੋਰ ਪੁਲਿਸ ਅਧਿਕਾਰੀ ਨੇ ਹਰਲੇਅ ਦੇ ਹੱਥ ਵਿਚ ਸ਼ੱਕੀ ਏ ਆਰ-15 ਵੇਖ ਕੇ ਉਸ ਉਪਰ ਗੋਲੀਆਂ ਚਲਾ ਕੇ ਉਸ ਨੂੰ ਖਤਮ ਕਰ ਦਿੱਤਾ । ਪੁਲਿਸ ਵਿਭਾਗ ਅਨੁਸਾਰ ਹਰਲੇਅ ਨੇ ਗੋਲੀਬਾਰੀ ਵਿਚ ਐਨ ਸਮੇ ਸਿਰ ਦਖਲ ਦੇ ਕੇ ਸ਼ੱਕੀ ਹਮਲਾਵਰ ਰੋਨਾਲਡ ਟਰਾਇਕੇ ਨੂੰ ਮਾਰ ਮੁਕਾਇਆ ਨਹੀਂ ਤਾਂ ਸ਼ੱਕੀ ਹੋਰ ਵਿਅਕਤੀਆਂ ਦੀਆਂ ਜਾਨਾਂ ਲੈ ਸਕਦਾ ਸੀ। ਪੁਲਿਸ ਨੇ ਕਿਹਾ ਹੈ ਕਿ ਹਰਲੇਅ ਸੱਚ ਮੁੱਚ ਹੀਰੋ ਸੀ।