ਏਸ਼ੀਅਨ ਲੋਕਾਂ 'ਤੇ ਹਮਲਿਆਂ ਵਿਰੁੱਧ ਅਮਰੀਕਾ  ਭਰ ਵਿੱਚ ਰੈਲੀਆਂ ਤੇ ਪ੍ਰਦਰਸ਼ਨ

ਏਸ਼ੀਅਨ ਲੋਕਾਂ 'ਤੇ ਹਮਲਿਆਂ ਵਿਰੁੱਧ ਅਮਰੀਕਾ  ਭਰ ਵਿੱਚ ਰੈਲੀਆਂ ਤੇ ਪ੍ਰਦਰਸ਼ਨ
ਸਨਫਰਾਂਸਿਸਕੋ (ਕੈਲੀਫੋਰਨੀਆ) ਵਿਚ ਏਸ਼ੀਅਨ ਲੋਕਾਂ 'ਤੇ ਹਮਲਿਆਂ ਵਿਰੁੱਧ ਕੱਢੀ ਗਈ ਰੈਲੀ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਪਿਛਲੇ ਹਫ਼ਤੇ ਐਟਲਾਂਟਾ ਵਿਚ ਹੋਈ ਗੋਲੀਬਾਰੀ ਦੀ ਘਟਨਾ ਜਿਸ ਵਿਚ 6 ਏਸ਼ੀਅਨ ਮੂਲ ਦੀਆਂ ਔਰਤਾਂ ਸਮੇਤ 8 ਵਿਅਕਤੀ ਮਾਰੇ ਗਏ ਸਨ, ਤੋਂ ਬਾਅਦ ਅਮਰੀਕਾ ਭਰ ਵਿਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਲੰਘੇ ਦਿਨ ਨਿਊਯਾਰਕ, ਵਸ਼ਿੰਗਟਨ, ਸ਼ਿਕਾਗੋ, ਸਨਫਰਾਂਸਿਸਕੋ, ਟੁਸਲਾ, ਓਕਲਾਹੋਮਾ ਸਮੇਤ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਏਸ਼ੀਅਨ ਲੋਕਾਂ 'ਤੇ ਹੋ ਰਹੇ ਹਮਲਿਆਂ ਵਿਰੁੱਧ ਪ੍ਰਦਰਸ਼ਨ ਕੀਤੇ ਗਏ ਤੇ ਰੈਲੀਆਂ ਕੱਢੀਆਂ ਗਈਆਂ। ਸਨਫਰਾਂਸਿਸਕੋ (ਕੈਲੀਫੋਰਨੀਆ) ਵਿਚ ਹੋਈ ਰੈਲੀ ਵਿਚ ਏਸ਼ੀਅਨਾਂ ਤੋਂ ਇਲਾਵਾ ਅਮਰੀਕੀ ਮੂਲ ਦੇ ਲੋਕਾਂ ਨੇ ਵੀ ਹਿੱਸਾ ਲਿਆ ਤੇ ਉਨਾਂ ਨੇ ਏਸ਼ੀਅਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਨਸਲੀ ਹਿੰਸਾ ਵਿਰੁੱਧ ਨਾਅਰੇ ਲਾਏ ਗਏ ਤੇ ਅਮਰੀਕੀ ਪ੍ਰਸ਼ਾਸਨ ਕੋਲੋਂ ਏਸ਼ੀਅਨਾਂ ਦੀ ਸੁਰੱਖਿਆ ਕਰਨ ਦੀ ਮੰਗ ਕੀਤੀ ਗਈ। ਰੈਲੀ ਵਿਚ ਸ਼ਾਮਿਲ ਲੋਕਾਂ ਨੇ ਹਿੰਸਾ ਵਿਰੁੱਧ ਬੈਨਰ ਫੜੇ ਹੋਏ ਸਨ। ਬੁਲਾਰਿਆਂ ਨੇ ਕਿਹਾ ਕਿ ਰੰਗ ਭੇਦ ਵਿਚ ਵਿਸ਼ਵਾਸ਼ ਰਖਣ ਵਾਲੇ ਕੁਝ ਲੋਕ ਸਮੁੱਚੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਕਰ ਰਹੇ ਹਨ ਜਿਨਾਂ ਦਾ ਡੱਟ ਕੇ ਵਿਰੋਧ ਕਰਨਾ ਪਵੇਗਾ। ਇੰਡਿਆਨਾਪੋਲਿਸ ਵਿਚ ਹੋਏ ਪ੍ਰਦਰਸ਼ਨ ਮੌਕੇ ਲਿੰਗ ਲਿਊ ਨਾਮੀ ਬੀਬੀ ਨੇ ਕਿਹਾ ਕਿ 'ਅਸੀਂ ਅਮਰੀਕੀ ਹਾਂ, ਅਸੀਂ ਮਾਵਾਂ ਹਾਂ, ਅਸੀਂ ਮਿੱਤਰ ਹਾਂ ਤੇ ਅਸੀਂ ਇਥੋਂ ਦੇ ਵਸਨੀਕ ਹਾਂ।'' ਉਨਾਂ ਹੋਰ ਕਿਹਾ  ਅਸੀਂ ਆਪਣੇ ਸਮਾਜ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਕਿਸੇ ਵੀ ਵਿਅਕਤੀ ਵਿਰੁੱਧ ਕਿਸੇ ਵੀ ਤਰਾਂ ਦੀ ਹਿੰਸਾ ਦੇ ਖਿਲਾਫ ਹਾਂ। ਬਾਅਦ ਵਿਚ ਸ਼ਹਿਰ ਵਿਚ ਰੈਲੀ ਕੱਢੀ ਗਈ ਜਿਸ ਵਿਚ ਨਸਲਵਾਦ ਤੇ ਨਫਰਤੀ ਹਿੰਸਾ ਵਿਰੁੱਧ ਨਾਅਰੇ ਲਾਏ ਗਏ। ਇਥੇ ਜਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਦੇਸ਼ ਭਰ ਵਿਚ ਹਿੰਸਾ ਵਿੱਚ ਵਾਧਾ ਹੋਇਆ ਹੈ। ਆਨ ਲਾਈਨ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਵਿਚ 6% ਦਾ ਵਾਧਾ ਹੋਇਆ ਹੈ। ਤੁਰੇ ਜਾਂਦੇ ਏਸ਼ੀਅਨ ਲੋਕਾਂ ਉਪਰ ਅਚਾਨਕ ਹਮਲਾ ਕਰਕੇ ਉਨਾਂ ਨੂੰ ਬੇਇਜ਼ਤ ਕੀਤਾ ਜਾਂਦਾ ਹੈ।  ਹਾਲ ਹੀ ਵਿਚ ਸਨਫਰਾਂਸਿਸਕੋ ਵਿਚ ਵਾਪਰੀ ਇਕ ਘਟਨਾ ਵਿਚ ਇਕ 75 ਸਾਲਾ ਔਰਤ ਉਪਰ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਤੇ ਉਸ ਦੇ ਘਸੁੰਨ ਮਾਰੇ ਜਿਸ ਕਾਰਨ ਉਹ ਬੁਰੀ ਤਰਾਂ ਜ਼ਖਮੀ ਹੋ ਗਈ। ਇਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਕੋਰੋਨਾ ਵਾਇਰਸ ਲਈ ਚੀਨ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ। ਇਕ ਵਾਰ ਨਹੀਂ ਉਹ ਵਾਰ ਵਾਰ ਅਮਰੀਕੀ ਲੋਕਾਂ ਦੀਆਂ ਕੋਰੋਨਾ ਕਾਰਨ ਮੌਤਾਂ ਲਈ ਚੀਨ ਨੂੰ ਦੋਸ਼ੀ ਕਹਿੰਦੇ ਰਹੇ ਹਨ ਜਿਸ ਕਾਰਨ ਉਨਾਂ ਦੇ ਸਮਰਥਕ ਚੀਨੀ ਲੋਕਾਂ ਵਿਰੁੱਧ ਆਪਣੀ ਭੜਾਸ ਕਢਦੇ ਰਹੇ ਹਨ। ਏਸ਼ੀਅਨ ਲੋਕਾਂ ਵਿਰੁੱਧ ਵਧੇ ਹਮਲਿਆਂ ਲਈ ਸਾਬਕਾ ਰਾਸ਼ਟਰਪਤੀ ਦੀ ਨੀਤੀ ਤੇ ਸੋਚ ਨੂੰ ਵੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ।