ਗਰੀਨ ਟੀ ਕੋਵਿਡ-19 ਦੇ ਇਲਾਜ਼ ਲਈ ਫਾਇਦੇਮੰਦ

ਗਰੀਨ ਟੀ ਕੋਵਿਡ-19 ਦੇ ਇਲਾਜ਼ ਲਈ ਫਾਇਦੇਮੰਦ
 ਗਰੀਨ ਟੀ

ਖੋਜ਼ੀਆਂ ਵੱਲੋਂ ਅਹਿਮ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼ ਬਿਉਰੋ 
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਭਾਰਤ ਸਮੇਤ ਪੂਰਾ ਵਿਸ਼ਵ ਕੋਵਿਡ-19 ਮਹਾਂਮਾਰੀ ਵਿਚੋਂ ਉਭਰਨ ਦੇ ਯਤਨ ਕਰ ਰਿਹਾ ਹੈ ਤੇ ਕਾਫੀ ਹੱਦ ਤੱਕ ਇਸ ਉਪਰ ਕਾਬੂ ਵੀ ਪਾ ਲਿਆ ਗਿਆ ਹੈ। ਇਸ ਦਰਮਿਆਨ ਖੋਜ਼ੀਆਂ ਦੀ ਇਕ ਟੀਮ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਗਰੀਨ ਟੀ ਕਿਸ ਤਰਾਂ ਕੋਵਿਡ-19 ਨਾਲ ਨਜਿੱਠਣ ਦੇ ਸਮਰਥ ਹੈ? ਜੇ ਐਸ ਐਸ ਕਾਲਜ ਆਫ ਫਾਰਮੇਸੀ ਓਟੀ ਵਿਖੇ ਖੋਜ ਕਰ ਚੁੱਕੇ ਪ੍ਰਮੁੱਖ ਖੋਜੀ ਸੁਰੇਸ਼ ਮੋਹਨ ਕੁਮਾਰ ਨੇ ਕਿਹਾ ਹੈ ਕਿ ਸ਼ੁਰੂਆਤੀ ਲੱਭਤਾਂ ਵਿਚ ਇਹ ਪਾਇਆ ਗਿਆ ਹੈ ਕਿ ਗਰੀਨ ਚਾਹ ਵਿਚ ਇਕ ਅਜਿਹਾ ਪਦਾਰਥ ਹੈ ਜੋ ਕੋਰੋਨਾ ਵਾਇਰਸ ਨਾਲ ਲੜਨ ਦੀ ਸਮਰੱਥਾ ਰਖਦਾ ਹੈ। ਮੋਹਨ ਕੁਮਾਰ ਜੋ ਇਸ ਸਮੇ ਇੰਗਲੈਂਡ ਦੀ ਸਵੈਨਸੀ ਯੁਨੀਵਰਸਿਟੀ ਮੈਡੀਕਲ ਸਕੂਲ ਵਿਚ ਨਿਯੁਕਤ ਹਨ, ਅਨੁਸਾਰ ਇਹ ਪਦਾਰਥ ''ਗੈਲੋਕੈਚਿਨ'' ਹੈ ਜੋ ਗਰੀਨ ਚਾਹ ਵਿਚ ਮੌਜੂਦ ਹੈ ਤੇ ਇਹ ਪਦਾਰਥ ਅਸਾਨੀ ਨਾਲ ਮਿਲ ਸਕਦਾ ਹੈ ਤੇ ਸਸਤਾ ਵੀ ਹੈ। ਉਨਾਂ ਕਿਹਾ ਕਿ ਅਸੀਂ ਕੰਪਿਊਟਰ ਪ੍ਰੋਗਰਾਮ ਨਾਲ ਜੁੜੀ ਪ੍ਰਣਾਲੀ ਰਾਹੀਂ ਪਤਾ ਲਾਇਆ ਹੈ ਕਿ ਇਹ ਪਦਾਰਥ ਹਰ  ਤਰਾਂ ਦੇ ਕੋਰੋਨਾਵਾਇਰਸ ਵਿਰੁੱਧ ਕੰਮ ਕਰਦਾ ਹੈ। ਯੁਨੀਵਰਸਿਟੀ ਦੇ ਇਕ ਹੋਰ ਪ੍ਰੋਫੈਸਰ ਐਂਡਰੀਊ ਮੌਰਿਸ ਨੇ ਕਿਹਾ ਹੈ ਕਿ ਕੁੱਦਰਤੀ ਜੜੀ ਬੂਟੀਆਂ ਲਾਗ ਦੀਆਂ ਬਿਮਾਰੀਆਂ ਨਾਲ ਨਜਿੱਠਣ ਵਿੱਚ ਹਮੇਸ਼ਾਂ ਪ੍ਰਭਾਵੀ ਰਹੀਆਂ ਹਨ। ਆਰ ਐਸ ਸੀ ਐਡਵਾਂਸਜ ਰਸਾਲੇ ਵਿਚ ਛੱਪੇ ਅਧਿਅਨ ਵਿਚ ਖੋਜ਼ੀਆਂ ਨੇ ਕਿਹਾ ਹੈ ਕਿ ਇਹ ਖੋਜ਼ ਹਾਲਾਂ ਮੁੱਢਲੇ ਦੌਰ ਵਿਚ ਹੈ ਤੇ ਅਜੇ ਇਸ ਸਬੰਧੀ ਲੰਬੀ ਖੋਜ਼ ਦੀ ਲੋੜ ਹੈ। ਅਧਿਅਨ ਵਿਚ ਕਿਹਾ ਗਿਆ ਹੈ ਕਿ ਹੁਣ ਇਹ ਜਾਂਚ ਕਰਨ ਦੀ ਲੋੜ ਹੈ ਕਿ ਕੀ ਇਹ ਪਦਾਰਥ ਕਲੀਨੀਕਲੀ ਪ੍ਰਭਾਵੀ ਹੈ ਤੇ ਕੋਵਿਡ-19 ਦੇ ਇਲਾਜ਼ ਲਈ ਸੁਰੱਖਿਅਤ ਹੈ। 
ਕੈਪਸ਼ਨ:  ਗਰੀਨ ਟੀ