ਅਮਰੀਕਾ ਵਿਚ ਭਾਰਤੀ ਹੀ ਭਾਰਤੀਆਂ ਨਾਲ ਕਰਦੇ ਹਨ ਭੇਦਭਾਵ

ਅਮਰੀਕਾ ਵਿਚ ਭਾਰਤੀ ਹੀ ਭਾਰਤੀਆਂ ਨਾਲ ਕਰਦੇ ਹਨ ਭੇਦਭਾਵ

 * ਇਕ ਤਾਜ਼ਾ ਸਰਵੇ ਵਿਚ ਖੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਭੇਦਭਾਵ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਕੁਲ ਅਮਰੀਕੀਆਂ ਵਿਚੋਂ ਅੱਧਿਉਂ ਵਧ ਭਾਰਤੀਆਂ ਦੇ ਹੱਥੋਂ ਹੀ ਭੇਦਭਾਵ ਦਾ ਨਿਸ਼ਾਨਾ ਬਣੇ ਹਨ। ਇਹ ਖੁਲਾਸਾ ਇਕ ਤਾਜਾ ਸਰਵੇਖਣ ਵਿਚ ਹੋਇਆ ਹੈ। ਇੰਡੀਅਨ ਅਮੈਰੀਕਨ ਐਟੀਟਿਊਡਜ਼ ਸਰਵੇ ਜੋ ਲੰਘੇ ਦਿਨ ਜਾਰੀ ਕੀਤਾ ਗਿਆ, ਵਿਚ ਕਿਹਾ  ਗਿਆ ਹੈ ਕਿ ਪੀੜਤ ਅਧਿਉਂ ਵਧ ਭਾਰਤੀ ਮੂਲ ਦੇ ਅਮਰੀਕੀ ਮਹਿਸੂਸ ਕਰਦੇ ਹਨ ਕਿ ਉਨਾਂ ਨੂੰ ਰੰਗ ਜਾਂ ਧਰਮ ਦੇ ਨਾਲ ਨਾਲ ਜਾਤ ਕਰਕੇ ਵੀ ਭਾਰਤੀ ਮੂਲ ਦੇ ਹੋਰ ਅਮਰੀਕੀਆਂ ਹੱਥੋਂ ਜਲੀਲ ਹੋਣਾ ਪਿਆ ਹੈ। ਆਨ ਲਾਈਨ ਕੀਤੇ ਗਏ ਇਸ ਸਰਵੇ ਵਿਚ ਪੁੱਛੇ ਗਏ ਸਵਾਲਾਂ ਦੇ ਭਾਰਤੀ ਮੂਲ ਦੇ 1200 ਬਾਲਗ ਅਮਰੀਕੀਆਂ ਨੇ ਜਵਾਬ ਦਿੱਤੇ।  ਭੇਦਭਾਵ ਨੂੰ ਲੈ ਕੇ 157 ਸਵਾਲ ਪੁੱਛੇ ਗਏ ਸਨ। ਸਰਵੇ ਰਿਪੋਰਟ ਦੇ ਸੰਪਾਦਕਾਂ ਵਿਚ ਹੋਰਨਾਂ ਤੋਂ ਇਲਾਵਾ ਸੁਮਿਤਰਾ ਬਦਰੀਨਾਥ ਜੋ ਕਿ ਯੁਨੀਵਰਸਿਟੀ ਆਫ ਪੈਨਸਿਲਵੇਨੀਆ ਵਿਚ ਪੀ.ਐਚ ਡੀ ਕਰ ਰਹੇ ਹਨ ਤੇ ਦੇਵੇਸ਼ ਕਪੂਰ ਜੋ ਜੌਹਨਜ ਹੋਪਕਿਨਜ ਯੁਨੀਵਰਸਿਟੀ ਸਕੂਲ ਆਫ ਐਡਵਾਂਸਡ ਇੰਟਰਨੈਸ਼ਲ ਸਟੱਡੀਜ ਵਿਖੇ ਡਾਇਰੈਕਟਰ ਏਸ਼ੀਆ ਪ੍ਰੋਗਰਾਮ ਤੇ ਸਟਾਰ ਫਾਊਂਡੇਸਨ ਪ੍ਰੋਫੈਸਰ ਆਫ ਸਾਊਥ ਏਸ਼ੀਅਨ ਸਟੱਡੀਜ ਹਨ, ਸ਼ਾਮਿਲ ਹਨ। ਸਰਵੇ ਅਨੁਸਾਰ ਤਕਰੀਬਨ 31% ਭਾਰਤੀ ਮੂਲ ਦੇ ਅਮਰੀਕੀਆਂ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰੇ ਲਈ ਨਸਲੀ ਜਾਂ ਜਾਤੀ ਭੇਦਭਾਵ ਪ੍ਰਮੁੱਖ ਸਮੱਸਿਆ ਹੈ। 52% ਦਾ ਵਿਸ਼ਵਾਸ਼ ਹੈ ਕਿ ਇਹ ਬਹੁਤ ਮਾਮੂਲੀ ਸਮੱਸਿਆ ਹੈ ਜਦ ਕਿ 17% ਇਸ ਨੂੰ ਕੋਈ ਸਮੱਸਿਆ ਹੀ ਨਹੀਂ ਮੰਨਦੇ। ਹਾਲਾਂ ਕਿ ਵੱਡੀ ਬਹੁਗਿਣਤੀ ਉਨਾਂ ਲੋਕਾਂ ਦੀ ਹੈ ਜਿਨਾਂ ਨੇ ਭੇਦਭਾਵ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਹੈ। ਇਨਾਂ ਵਿਚੋਂ 30% ਨੇ ਕਿਹਾ ਹੈ ਕਿ ਉਹ ਆਪਣੇ ਚਮੜੀ ਦੇ ਰੰਗ ਜਾਂ ਧਰਮ ਕਾਰਨ ਭੇਦ ਭਾਵ ਦਾ ਸ਼ਿਕਾਰ ਹੋਏ ਹਨ ਤੇ 18% ਦਾ ਕਹਿਣਾ ਹੈ ਕਿ ਜਾਤ ਕਾਰਨ ਉਨਾਂ ਨੂੰ ਜਲੀਲ ਹੋਣਾ ਪਿਆ ਹੈ। ਇਨਾਂ ਵਿਚ 25% ਉਹ ਲੋਕ ਸ਼ਾਮਿਲ ਹਨ ਜੋ ਮਹਿਸੂਸ ਕਰਦੇ ਹਨ ਕਿ ਉਨਾਂ ਨੂੰ ਆਪਣੇ ਸਾਥੀ ਭਾਰਤੀ ਮੂਲ ਦੇ ਅਮਰੀਕੀਆਂ ਕੋਲੋਂ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਹੈ। ਇਸ ਸਬੰਧੀ ਕਈਆਂ ਨੇ ਅਦਾਲਤਾਂ ਵਿਚ ਪਟੀਸ਼ਨਾਂ ਵੀ ਦਾਇਰ ਕੀਤੀਆਂ ਹਨ। ਪਿਛਲੇ ਸਾਲ ਜੁਲਾਈ ਮਹੀਨੇ ਵਿਚ ਸਾਂਟਾ ਕਲਾਰਾ ਕਾਊਂਟੀ ਵਿਚ ਸਿਸਕੋ ਵਿਖੇ ਇਕ ਦਲਿਤ ਮੁਲਾਜ਼ਮ ਨੇ ਕੈਲੀਫੋਰਨੀਆ ਦੇ ਫੇਅਰ ਇੰਪਲਾਇਮੈਂਟ ਐਂਡ ਹਾਊਸਿੰਗ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਭਾਰਤੀ ਮੂਲ ਦੇ ਦੋ ਅਮਰੀਕੀ ਸੁਪਰਵਾਈਜ਼ਰਾਂ ਕੋਲੋਂ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਫੇਅਰ ਇੰਪਲਾਇਮੈਂਟ ਐਂਡ ਹਾਊਸਿੰਗ ਵਿਭਾਗ ਨੇ ਦੋਨਾਂ ਸੁਪਰਵਾਈਜ਼ਰਾਂ ਵਿਰੁੱਧ ਯੂ ਐਸ ਡਿਸਟ੍ਰਿਕਟ ਕੋਰਟ ਨਾਰਦਰਨ ਕੈਲੀਫੋਰਨੀਆ ਵਿਚ ਕੇਸ ਵੀ ਕੀਤਾ ਹੋਇਆ ਹੈ। ਦਲਿਤ ਮੁਲਾਜ਼ਮ ਜਿਸ ਦਾ ਕੇਸ ਵਿਚ ਨਾਂ ਨਹੀਂ ਸ਼ਾਮਿਲ ਕੀਤਾ ਗਿਆ ਹੈ, ਨੇ ਦੋਸ਼ ਲਾਇਆ ਹੈ ਕਿ ਉਸ ਦੀ ਜਾਤ ਕਾਰਨ ਉਸ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਤੇ ਉਨਤੀ ਦੇ  ਮੌਕੇ ਨਹੀਂ ਦਿੱਤੇ ਜਾਂਦੇ। ਇਸ ਤਰਾਂ ਦੇ ਹੋਰ ਵੀ ਬਹੁਤ ਸਾਰੇ ਮਾਮਲੇ ਅਦਾਲਤਾਂ ਵਿਚ ਹਨ।