ਵਿਸ਼ਵ ਦੀ ਸਭ ਤੋਂ ਵੱਡੀ ਮੀਟ ਸਪਲਾਈ ਕੰਪਨੀ ਜੇ ਬੀ ਐਸ ਉਪਰ ਸਾਈਬਰ ਹਮਲਾ

ਵਿਸ਼ਵ ਦੀ ਸਭ ਤੋਂ ਵੱਡੀ ਮੀਟ ਸਪਲਾਈ ਕੰਪਨੀ ਜੇ ਬੀ ਐਸ ਉਪਰ ਸਾਈਬਰ ਹਮਲਾ

* ਉਤਰੀ ਅਮਰੀਕਾ ਤੇ ਆਸਟ੍ਰੇਲੀਆ ਵਿਚ ਆਈ ਟੀ ਪ੍ਰਣਾਲੀ ਪ੍ਰਭਾਵਿਤ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਜੇ ਬੀ ਐਸ ਕੰਪਨੀ ਨੇ ਕਿਹਾ ਹੈ ਕਿ ਉਸ  ਉਪਰ ਸੰਗਠਿਤ ਸਾਈਬਰ ਹਮਲਾ ਹੋਇਆ ਹੈ ਜਿਸ ਨਾਲ ਉਸ ਨੂੰ ਆਪਣਾ ਕਾਰੋਬਾਰ ਮੁਅੱਤਲ ਕਰਨਾ ਪਿਆ ਹੈ। ਜੇ ਬੀ ਐਸ ਵਿਸ਼ਵ ਭਰ ਵਿਚ ਮੀਟ ਦਾ ਕਾਰੋਬਾਰ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਹੈ। ਇਕ ਬਿਆਨ ਵਿਚ ਜੇ ਬੀ ਐਸ ਜਿਸ ਦਾ ਅਮਰੀਕਾ ਵਿਚ ਹੈੱਡਕੁਆਰਟਰ ਗਰੀਲੇ, ਕੋਲੋਰਾਡੋ ਵਿਖੇ ਹੈ, ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਹਮਲੇ ਕਾਰਨ ਉਤਰੀ ਅਮਰੀਕਾ ਤੇ ਆਸਟ੍ਰੇਲੀਆ ਵਿਚਲੇ ਆਈ ਟੀ ਸਿਸਟਮ ਲਈ ਕੰਮ ਕਰਦੇ ਕੁਝ ਸਰਵਰ ਪ੍ਰਭਾਵਿਤ ਹੋਏ ਹਨ।

ਉਸ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੀ ਸਾਰੀ ਪ੍ਰਭਾਵਿਤ ਪ੍ਰਣਾਲੀ ਦਾ ਕੰਮ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਸਲੇ ਦੇ ਹਲ ਲਈ ਆਪਣੇ ਵਿਸ਼ਵ ਦੇ ਆਈ ਟੀ ਮਾਹਿਰਾਂ ਤੇ ਤੀਸਰੀ ਧਿਰ ਦੇ ਮਾਹਿਰਾਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਦੇ 'ਬੈਕ ਅੱਪ ਸਰਵਰ' ਪ੍ਰਭਾਵਿਤ ਨਹੀਂ ਹੋਏ ਤੇ ਉਹ ਠੀਕ ਤਰਾਂ ਕੰਮ ਕਰ ਰਹੇ ਹਨ। ਇਸ ਹਮਲੇ ਕਾਰਨ ਕਿੰਨੇ ਗਾਹਕ ਪ੍ਰਭਾਵਿਤ ਹੋਏ ਹਨ ਇਸ ਸਬੰਧੀ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਇਥੇ ਜਿਕਰਯੋਗ ਹੈ ਕਿ ਮਈ ਮਹੀਨੇ ਦੇ ਸ਼ੁਰੂ ਵਿਚ ਕੋਲੋਨੀਅਲ ਪਾਈਪ ਲਾਈਨ ਉਪਰ ਸਾਈਬਰ ਹਮਲਾ ਹੋਇਆ ਸੀ ਜਿਸ ਕਾਰਨ ਦੱਖਣ ਪੂਰਬੀ ਅਮਰੀਕਾ ਵਿਚ ਤੇਲ ਦੀ ਸਪਲਾਈ ਆਰਜੀ ਤੌਰ 'ਤੇ ਰੋਕਣੀ ਪਈ ਸੀ। ਲੋਕਾਂ ਵਿਚ ਖਰੀਦ ਲਈ ਆਪਾ ਧਾਪੀ ਪੈਣ ਕਾਰਨ ਗੈਸ ਦੀ ਕਮੀ ਪੈਦਾ ਹੋ ਗਈ ਸੀ।