ਜਰਮਨ ਸਰਕਾਰ ਦੀ ਤਰਜ਼ ‘ਤੇ ਬਰਤਾਨਵੀ ਸਰਕਾਰ ਵੀ ਭਾਰਤੀ ਏਜੰਟਾਂ ਨੂੰ ਕਾਬੂ ਕਰੇ: ਯੁਨਾਈਟਿਡ ਖਾਲਸਾ ਦਲ ਯੂਕੇ
ਲੰਡਨ: ਜਰਮਨ ਸਰਕਾਰ ਵਲੋਂ ਮਨਮੋਹਣ ਸਿੰਘ ਅਤੇ ਉਸ ਦੀ ਪਤਨੀ ਨੂੰ ਜਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਯੂਨਾਈਟਿਡ ਖਾਲਸਾ ਦਲ ਯੂਕੇ ਵਲੋਂ ਸਵਾਗਤ ਕਰਦਿਆਂ ਬਰਤਾਨਵੀ ਸਰਕਾਰ ਨੂੰ ਵੀ ਸਿੱਖੀ ਭੇਸ ਵਿੱਚ ਲੁਕੇ ਭਾਰਤ ਸਰਕਾਰ ਦੇ ਏਜੰਟਾਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਗਈ ਹੈ। ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਖਦਸ਼ਾ ਪ੍ਰਗਟਾਇਆ ਗਿਆ ਕਿ ਇਹ ਕੇਵਲ ਜਰਮਨੀ ਦੀ ਹੀ ਨਹੀਂ ਬਲਕਿ ਦੁਨੀਆ ਦੇ ਹਰ ਉਸ ਦੇਸ਼ ਦੀ ਸਮੱਸਿਆ ਹੈ, ਜਿੱਥੇ ਜਿੱਥੇ ਵੀ ਕੌਮੀ ਅਜ਼ਾਦੀ ਦੇ ਚਾਹਵਾਨ ਅਤੇ ਯਤਨਸ਼ੀਲ ਸਿੱਖ ਵਸਦੇ ਹਨ।
ਕਾਬਿਲੇਗੌਰ ਹੈ ਕਿ ਮਨਮੋਹਣ ਸਿੰਘ ਅਤੇ ਉਸ ਦੀ ਪਤਨੀ ‘ਤੇ ਦੋਸ਼ ਹੈ ਕਿ ਉਹ ਭਾਰਤ ਦੀ ਖੂਫੀਆ ਏਜੰਸੀ ਰਾਅ ਵਾਸਤੇ ਕੰਮ ਕਰਦੇ ਸਨ ਅਤੇ ਭਾਰਤੀ ਦੂਤਘਰ ਵਿੱਚ ਅਜ਼ਾਦੀ ਪਸੰਦ ਸਿੱਖਾਂ ਦੀ ਜਾਣਕਾਰੀ ਦਿੰਦੇ ਸਨ। ਇਸ ਕੰਮ ਬਦਲੇ ਉਹਨਾਂ ਨੂੰ ਬਕਾਇਦਾ ਤਨਖਾਹ ਮਿਲਦੀ ਸੀ ਜਿਸ ਦੇ ਜਰਮਨ ਪੁਲਿਸ ਕੋਲ ਪੱਕੇ ਸਬੂਤ ਮੌਜੂਦ ਹਨ। ਇਹਨਾਂ ਤੋਂ ਪਹਿਲਾਂ ਵੀ ਬਲਵੀਰ ਸਿੰਘ ਅਤੇ ਰਣਜੀਤ ਸਿੰਘ ਸਮੇਤ ਕੁੱਝ ਵਿਅਕਤੀ ਅਜਿਹੇ ਇਲਜ਼ਾਮਾਂ ਤਹਿਤ ਪੁਲਿਸ ਵਲੋਂ ਫੜੇ ਜਾ ਚੁੱਕੇ ਹਨ।
ਕਿਸੇ ਸਮੇਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਰਮ ਕਾਰਕੁਨ ਬਣਕੇ ਮਨਮੋਹਣ ਸਿੰਘ ਨੇ ਜਰਮਨੀ ਵਿੱਚ ਰਾਜਸੀ ਸ਼ਰਨ ਹਾਸਲ ਕੀਤੀ ਹੋਈ ਹੈ। ਪੰਜਾਬ ਦੀ ਧਰਤੀ ‘ਤੇ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਵਿੱਚ ਜਿਵੇਂ ਹੀ ਵਕਤੀ ਖੜੋਤ ਆ ਗਈ ਤਾਂ ਹੋਰ ਅਨੇਕਾਂ ਪੌਣ ਕੁੱਕੜਾਂ ਵਾਂਗ ਇਸ ਨੇ ਵੀ ਮੂੰਹ ਘੁੰਮਾ ਲਿਆ ਅਤੇ ਪੱਤਰਕਾਰੀ ਦਾ ਲੇਬਲ ਲਗਾ ਕੇ ਭਾਰਤੀ ਦੂਤਘਰ ਦਾ ਕਰਿੰਦਾ ਬਣ ਗਿਆ। ਜਿਸ ਭਾਰਤ ਵਿੱਚ ਆਪਣੀ ਜਾਨ ਨੂੰ ਖਤਰਾ ਦੱਸ ਕੇ ਰਾਜਸੀ ਸ਼ਰਨ ਲਈ ਸੀ, ਉਸੇ ਦੇਸ਼ ਦੀਆਂ ਬੇ-ਰੋਕ ਉਡਾਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਅਕ੍ਰਿਤਘਣਤਾ ਦੀਆਂ ਹੱਦਾਂ ਪਾਰ ਕਰਦਿਆਂ ਸਿੱਖ ਜਥੇਬੰਦੀਆਂ ਅਤੇ ਅਜ਼ਾਦੀ ਪਸੰਦ ਸਿੰਘਾਂ ਦੀ ਮੁਖਬਰੀ ਕਰਨ ਦਾ ਕਲੰਕਨੁਮਾ ਧੰਦਾ ਕਰਨ ਲੱਗ ਪਿਆ। ਪਰ ਕਹਿੰਦੇ ਹਨ ਕਿ ‘‘ਸੌ ਦਿਨ ਚੋਰ ਦੇ ਅਤੇ ਇੱਕ ਦਿਨ ਸਾਧ ਦਾ ਜ਼ਰੂਰ ਆਉਂਦਾ ਹੈ”।
ਉਹਨਾਂ ਕਿਹਾ ਕਿ ਅੱਜ ਇਹੋ ਜਿਹੇ ਲੋਕਾਂ ਦਾ ਹਰ ਸਿੱਖ ਨੂੰ ਸਮਾਜਿਕ ਬਾਈਕਾਟ ਕਰਨ ਦੀ ਲੋੜ ਹੈ ਤਾਂ ਕਿ ਇਹਨਾਂ ਦੀ ਬੇਵਫਾਈ ਦਾ ਅਹਿਸਾਸ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਹੋ ਸਕੇ। ਯੂਨਾਈਟਿਡ ਖਾਲਸਾ ਦਲ ਯੂਕੇ ਵਲੋਂ ਸਿੱਖ ਸੰਘਰਸ਼ ਦੇ ਵਿਰੋਧੀਆਂ, ਭਾਰਤ ਸਰਕਾਰ ਦੇ ਟਾਊਟਾਂ ਨੂੰ ਕੰਧ ‘ਤੇ ਲਿਖਿਆ ਪੜ੍ਹਨ ਦੀ ਨਸੀਹਤ ਦਿੱਤੀ ਗਈ ਕਿ ਕੁਦਰਤ ਦਾ ਅਟੱਲ ਨਿਯਮ ਹੈ ਕਿ ਸਮਾਂ ਕਦੇ ਸਥਿਰ ਨਹੀਂ ਰਹਿੰਦਾ, ਜੇਕਰ ਸੰਘਰਸ਼ ਦੀ ਜੋਬਨ ਰੁੱਤ ਨਹੀਂ ਰਹੀ ਤਾਂ ਵਕਤੀ ਖੜੋਤ ਵੀ ਨਹੀਂ ਰਹਿਣੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)