ਦਿੱਲੀ ਹਿੰਸਾ ਦੇ ਮਾਮਲੇ 'ਚ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਗ੍ਰਿਫਤਾਰ ਕੀਤਾ ਗਿਆ

ਦਿੱਲੀ ਹਿੰਸਾ ਦੇ ਮਾਮਲੇ 'ਚ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਗ੍ਰਿਫਤਾਰ ਕੀਤਾ ਗਿਆ

ਨਵੀਂ ਦਿੱਲੀ: ਦਿੱਲੀ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਸ ਦੀ ਇਕਤਰਫਾ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਮੁਸਲਿਮ ਆਗੂਆਂ ਦੀ ਫੜੋ-ਫੜਾਈ ਵਿਚ ਨਵਾਂ ਨਾਮ ਜੋੜਦਿਆਂ ਦਿੱਲੀ ਪੁਲਸ ਨੇ ਬੀਤੀ ਰਾਤ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਗ੍ਰਿਫਤਾਰ ਕਰ ਲਿਆ। ਉਮਰ ਖਾਲਿਦ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। 

ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ 2 ਸਤੰਬਰ ਵਾਲੇ ਦਿਨ ਉਮਰ ਖਾਲਿਦ ਤੋਂ ਪੁੱਛਗਿਛ ਕੀਤੀ ਸੀ। ਇਸ ਤੋਂ ਪਹਿਲਾਂ ਵੀ ਉਮਰ ਖਾਲਿਦ ਖਿਲਾਫ ਯੂਏਪੀਏ ਅਧੀਨ ਇਕ ਹੋਰ ਮਾਮਲਾ ਦਰਜ ਹੈ।  ਦਿੱਲੂ ਪੁਲਸ ਨੇ ਉਮਰ ਖਾਲਿਦ ਦਾ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਪੁਲਸ ਨੇ ਦਿੱਲੀ ਹਿੰਸਾ ਸਬੰਧੀ ਕੁੱਲ 751 ਮਾਮਲੇ ਦਰਜ ਕੀਤੇ ਹਨ ਜਿਹਨਾਂ ਵਿਚ 1575 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। 

ਸੀਪੀਆਈਐੱਮ ਨੇ ਦਿੱਲੀ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਉਸ ਦੇ ਆਗੂ ਸੀਤਾਰਾਮ ਯੇਚੁਰੀ ਸਣੇ ਕੁੱਝ ਸਿਵਲ ਸੁਸਾਇਟੀ ਮੈਂਬਰਾਂ ਨੂੰ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਨਾਮਜ਼ਦ ਕਰਨ ਦੀ ਨਿਖੇਧੀ ਕੀਤੀ ਹੈ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਪੌਲਿਟ ਬਿਊਰੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ‘‘ਪਾਰਟੀ ਦਿੱਲੀ ਪੁਲੀਸ ਵੱਲੋਂ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਕੀਤੀ ਇਸ ਬੇਹੁਦਾ ਕਾਰਵਾਈ ਦੀ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਸ਼ਾਂਤੀਪੂਰਨ ਸਿਆਸੀ ਪ੍ਰਦਰਸ਼ਨਾਂ ਦਾ ਅਪਰਾਧੀਕਰਨ ਦੀ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰੇ।’’ 

ਦਿਲੀ ਵਿੱਚ ਇਸ ਸਾਲ ਫਰਵਰੀ ਵਿੱਚ ਵਾਪਰੀ ਹਿੰਸਾ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਸਪਲਟੀਮੈਂਟਰੀ ਚਾਰਜਸ਼ੀਟ ਵਿੱਚ ਸੀਪੀਐੱਮ ਦੇ ਜਨਰਲ ਸਕੱਤਰ ਯੇਚੁਰੀ, ਸਵਰਾਜ ਅਭਿਆਨ ਆਗੂ ਯੋਗੇਂਦਰ ਯਾਦਵ, ਅਰਥਸ਼ਾਸਤਰੀ ਜਯਤੀ ਘੋਸ਼ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਨੂੰ ਸਹਿ-ਸਾਜ਼ਿਸ਼ਘਾੜੇ ਵਜੋਂ ਨਾਮਜ਼ਦ ਕੀਤਾ ਹੈ। 

ਸੀਪੀਐੱਮ ਦੀ ਪੌਲਿਟ ਬਿਊਰੋ ਨੇ ਬਿਆਨ ਵਿੱਚ ਕਿਹਾ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਅਧੀਨ ਕੰਮ ਕਰ ਰਹੀ ਦਿੱਲੀ ਪੁਲੀਸ ਨੇ ਉਤਰੀ ਪੂਰਬੀ ਦਿੱਲੀ ਵਿੱਚ ਫਰਵਰੀ ਮਹੀਨੇ ਹੋਈ ਭਿਆਨਕ ਫ਼ਿਰਕੂ ਹਿੰਸਾ ਵਿੱਚ ਜਿਸ ਬੇਸ਼ਰਮੀ ਨਾਲ ਸਿਆਸੀ ਆਗੂਆਂ, ਅਕਾਦਮੀਸ਼ੀਅਨਾਂ, ਸਭਿਆਚਾਰਕ ਹਸਤੀਆਂ ਅਤੇ ਕਾਰਕੁਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਹੈਰਾਨੀਜਨਕ ਹੈ।’’ ਬਿਆਨ ਵਿੱਚ ਅੱਗੇ ਕਿਹਾ ਗਿਆ, ‘‘ਇਸ ਬਦਲਾ ਲਊ ਅਤੇ ਪੱਖਪਾਤੀ ਕਾਰਵਾਈ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।’’