ਅਮਰੀਕਾ ਦੇ ਹੋਸਟਨ ਹਵਾਈ ਅੱਡੇ 'ਤੇ ਦੋ ਨਿੱਜੀ ਜੈੱਟ ਜਹਾਜ਼ ਆਪਸ ਵਿਚ  ਟਕਰਾਏ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਅਮਰੀਕਾ ਦੇ ਹੋਸਟਨ ਹਵਾਈ ਅੱਡੇ 'ਤੇ ਦੋ ਨਿੱਜੀ ਜੈੱਟ ਜਹਾਜ਼ ਆਪਸ ਵਿਚ  ਟਕਰਾਏ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਕੈਪਸ਼ਨ ਹੋਸਟਨ ਦੇ ਹਵਾਈ  ਅੱਡੇ ਉਪਰ ਹਾਦਸੇ ਉਪਰੰਤ ਇਕ ਨੁਕਸਾਨੇ ਜਹਾਜ਼ ਦੀ ਕੀਤੀ ਨਾਕਾਬੰਦੀ

* ਬਿਨਾਂ ਇਜਾਜ਼ਤ ਤੋਂ ਉਡਾਣ ਭਰਨ ਕਾਰਨ ਵਾਪਰਿਆ ਹਾਦਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਾਸ ਰਾਜ ਵਿਚ ਹੋੋਸਟਨ ਸ਼ਹਿਰ ਦੇ ਹਵਾਈ ਅੱਡੇ 'ਤੇ ਦੋ ਨਿੱਜੀ ਜੈੱਟ ਜਹਾਜ਼ ਆਪਸ ਵਿਚ ਟਕਰਾਉਣ ਉਪਰੰਤ ਆਰਜੀ ਤੌਰ 'ਤੇ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ (ਐਫ ਏ ਏ) ਅਨੁਸਾਰ ਇਹ ਹਾਦਸਾ ਵਿਲੀਅਮ ਪੀ ਹੌਬੀ ਏਅਰ ਪੋਰਟ ਦੀ ਪੱਟੜੀ ਉਪਰ 3.30 ਵਜੇ ਦੁਪਹਿਰ ਬਾਅਦ ਉਸ ਵੇਲੇ ਵਾਪਰਿਆ ਜਦੋਂ ਬਿਨਾਂ ਇਜਾਜ਼ਤ ਦੇ ਇਕ ਦੋ  ਇੰਜਣਾਂ ਵਾਲੇ ਜੈੱਟ ਜਹਾਜ਼ ਨੇ ਉਡਾਣ ਭਰੀ ਤੇ ਉਹ ਉਸੇ ਹੀ ਪੱਟੜੀ ਉਪਰ ਉੱਤਰ ਰਹੇ ਇਕ ਹੋਰ ਦੋ ਇੰਜਣਾਂ ਵਾਲੇ ਨਿੱਜੀ ਜੈੱਟ ਜਹਾਜ਼ ਨਾਲ ਟਕਰਾਅ ਗਿਆ। ਜਹਾਜ਼ਾਂ ਨੂੰ ਨੁਕਸਾਨ ਪੁੱਜਾ ਹੈ ਪਰੰਤੂ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ। ਐਫ ਏ ਏ ਅਨੁਸਾਰ ਜਿਸ ਜਹਾਜ਼ ਨੇ ਉਡਾਣ ਭਰੀ ਸੀ ਉਹ ਹਾਕਰ ਐਚ 25 ਬੀ ਇਕ ਕਾਰਪੋਰੇਟ ਏਅਰਕਰਾਫਟ ਮਾਡਲ ਸੀ ਜਦ ਕਿ ਦੂਸਰਾ ਸੇਸਨਾ ਸੀ 510 ਬਿਜ਼ਨਸ ਕਲਾਸ ਜੈੱਟ ਜਹਾਜ਼ ਸੀ। ਹੌਬੀ ਏਅਰ ਪੋਰਟ ਨੇ ਕਿਹਾ ਹੈ ਕਿ ਕੁਝ ਘੰਟਿਆਂ ਲਈ ਹਵਾਈ ਅੱਡੇ ਉਪਰ ਉਡਾਣਾਂ ਨੂੰ ਰੋਕਣਾ ਪਿਆ ਤੇ ਅਮਲੇ ਵੱਲੋਂ ਜਹਾਜ਼ਾਂ ਦਾ ਮਲਬਾ ਸਾਫ ਕਰਨ ਉਪਰੰਤ 7 ਵਜੇ ਸ਼ਾਮ ਨੂੰ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ। ਘਟਨਾ ਦੀ ਐਫ ਏ ਏ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਕਰ ਰਿਹਾ ਹੈ।