ਟਰੰਪ ਦੀ ਚਿਤਾਵਨੀ ਕਿ ਜੇਕਰ ਉਹ ਨਵੰਬਰ ਦੀਆਂ ਚੋਣਾਂ ਨਹੀਂ ਜਿੱਤਦੇ ਤਾਂ ਖੂਨ-ਖਰਾਬਾ ਹੋਵੇਗਾ

ਟਰੰਪ ਦੀ ਚਿਤਾਵਨੀ  ਕਿ ਜੇਕਰ ਉਹ ਨਵੰਬਰ ਦੀਆਂ ਚੋਣਾਂ ਨਹੀਂ ਜਿੱਤਦੇ ਤਾਂ ਖੂਨ-ਖਰਾਬਾ ਹੋਵੇਗਾ

ਰਾਸ਼ਟਰਪਤੀ ਚੋਣਾਂ ਲਈ ਟਰੰਪ ਤੇ ਬਾਇਡਨ ਵਿਚਾਲੇ ਸਖਤ ਮੁਕਾਬਲਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣੇ ਜਿਹੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਨਵੰਬਰ ਦੀਆਂ ਚੋਣਾਂ ਨਹੀਂ ਜਿੱਤਦੇ ਤਾਂ ਦੇਸ਼ ਵਿਚ ਖੂਨ-ਖਰਾਬਾ ਹੋਵੇਗਾ। ਡੇਟਨ, ਓਹੀਓ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੇਕਰ ਇਹ ਚੋਣ ਨਹੀਂ ਜਿੱਤੀ ਗਈ ਤਾਂ ਮੈਨੂੰ ਯਕੀਨ ਨਹੀਂ ਹੈ ਕਿ ਤੁਸੀਂ ਭਵਿੱਖ ਵਿੱਚ ਕੋਈ ਹੋਰ ਚੋਣ ਵੇਖੋਗੇ।ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਦੇ ਖੂਨੀ ਬਿਆਨ ਦਾ ਕੀ ਅਰਥ ਹੈ ? 

ਇਸ ਦੌਰਾਨ ਟਰੰਪ ਨੇ ਮੈਕਸੀਕੋ ਵਿਚ ਚੀਨ ਦੀ ਕਾਰ ਨਿਰਮਾਣ ਅਤੇ ਅਮਰੀਕਾ ਨੂੰ ਇਸ ਨੂੰ ਵੇਚਣ ਦੀ ਭਵਿੱਖੀ ਯੋਜਨਾ ਦੀ ਆਲੋਚਨਾ ਕੀਤੀ ਅਤੇ ਕਿਹਾ, 'ਜੇਕਰ ਮੈਂ ਜਿੱਤ ਗਿਆ ਤਾਂ ਚੀਨ ਅਮਰੀਕਾ ਨੂੰ ਇਕ ਵੀ ਕਾਰ ਨਹੀਂ ਵੇਚ ਸਕੇਗਾ।' ਹਾਲਾਂਕਿ, ਟਰੰਪ ਦੇ ਇਸ ਬਿਆਨ ਨੂੰ ਲੈ ਕੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਉਹ ਇਕ ਵਾਰ ਫਿਰ ਇਹ ਸੰਕੇਤ ਦੇ ਰਹੇ ਸਨ ਕਿ 6 ਜਨਵਰੀ 2021 ਵਰਗਾ ਹੀ ਕੁਝ ਹੋਵੇਗਾ। 2020 ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਟਰੰਪ ਦੇ ਸਮਰਥਕ 6 ਜਨਵਰੀ 2021 ਨੂੰ ਵਾਸ਼ਿੰਗਟਨ ਦੀ ਕੈਪੀਟਲ ਬਿਲਡਿੰਗ ਵਿਚ ਦਾਖਲ ਹੋਏ ਸਨ ਅਤੇ ਇਸ 'ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਟਰੰਪ ਦੇ ਸਮਰਥਕਾਂ ਨੇ ਹੰਗਾਮਾ ਕੀਤਾ ਸੀ।

 ਇਸ ਸਾਲ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਨੇ ਚੋਣਾਂ ਦੀਆਂ ਤਰੀਕਾਂ ਨੂੰ ਟਰੰਪ ਇਤਿਹਾਸਕ ਤਾਰੀਖਾਂ ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ, 5 ਨਵੰਬਰ ਦੀ ਤਾਰੀਖ ਯਾਦ ਰੱਖ ਲਵੋ। ਮੈਨੂੰ ਭਰੋਸਾ ਹੈ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਤਾਰੀਖ ਹੋਣ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਜੋ ਬਿਡੇਨ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਸਭ ਤੋਂ ਖਰਾਬ ਰਾਸ਼ਟਰਪਤੀ ਕਿਹਾ।

ਖੂਨੀ ਇਸ਼ਨਾਨ ਬਾਰੇ ਟਰੰਪ ਦਾ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਮੁਹਿੰਮ ਟੀਮ ਨੇ ਇਕ ਬਿਆਨ ਜਾਰੀ ਕਰਕੇ ਟਰੰਪ ਦੀ ਆਲੋਚਨਾ ਕੀਤੀ। ਇਸ ਵਿੱਚ ਉਸ ਨੂੰ 2020 ਦਾ ਹਾਰਿਆ ਹੋਇਆ ਸਿਆਸਤਦਾਨ ਦੱਸਿਆ ਗਿਆ ਹੈ ਜਿਸ ਨੇ ਆਪਣੀਆਂ ਧਮਕੀਆਂ ਨੂੰ ਦੁੱਗਣਾ ਕਰ ਦਿੱਤਾ ਹੈ। ਬਿਆਨ ਵਿੱਚ ਕੈਪੀਟਲ ਹਿੰਸਾ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ, "ਉਹ (ਟਰੰਪ) ਇੱਕ ਹੋਰ '6 ਜਨਵਰੀ' ਚਾਹੁੰਦੇ ਹਨ ਪਰ ਅਮਰੀਕੀ ਲੋਕ ਇਸ ਨਵੰਬਰ ਵਿੱਚ ਉਸ ਨੂੰ ਇੱਕ ਹੋਰ ਚੋਣ ਵਿਚ ਹਾਰ ਦੇਣ ਜਾ ਰਹੇ ਹਨ। ਲੋਕ ਉਸ ਦੇ ਉਗਰਵਾਦ, ਹਿੰਸਾ ਤੇ ਬਦਲੇ ਦੀ ਪਿਆਸ ਨੂੰ ਰੱਦ ਕਰਨਗੇ।

ਯਾਦ ਰਹੇ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਹਫ਼ਤੇ ਆਪੋ-ਆਪਣੀਆਂ ਪ੍ਰਾਇਮਰੀ (ਪਾਰਟੀ ਡੈਲੀਗੇਟ) ਚੋਣਾਂ ਜਿੱਤ ਕੇ ਨਾਮਜ਼ਦਗੀ ਪੱਕੀ ਕਰ ਲਈ ਸੀ ਅਤੇ ਹੁਣ ਦੋਵੇਂ ਇਸ ਸਾਲ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਬਾਇਡਨ ਨੂੰ ਅਗਸਤ ਮਹੀਨੇ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਵਿਚ ਪਾਰਟੀ ਦਾ ਬਾਕਾਇਦਾ ਉਮੀਦਵਾਰ ਐਲਾਨਿਆ ਜਾਵੇਗਾ, ਟਰੰਪ ਦੀ ਅਧਿਕਾਰਤ ਨਾਮਜ਼ਦਗੀ ਜੁਲਾਈ ਵਿਚ ਮਿਲਵਾਕੀ ਵਿੱਚ ਹੋਣ ਵਾਲੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿਚ ਕੀਤੀ ਜਾਵੇਗੀ। 1956 ਤੋਂ ਬਾਅਦ ਇਹ ਪਹਿਲੀ ਚੋਣ ਹੋਵੇਗੀ ਜਦੋਂ ਦੋਵੇਂ ਉਮੀਦਵਾਰ ਦੂਜੀ ਵਾਰ ਇਕ ਦੂਜੇ ਦਾ ਮੁਕਾਬਲਾ ਕਰਨਗੇ। ਉਸ ਸਾਲ ਰਿਪਬਲਿਕਨ ਪਾਰਟੀ ਨਾਲ ਸਬੰਧਿਤ ਰਾਸ਼ਟਰਪਤੀ ਡਵਾਇਟ ਡੀ ਆਇਜ਼ਨਹੌਵਰ ਨੇ ਡੈਮੋਕਰੈਟਿਕ ਪਾਰਟੀ ਦੇ ਐਡਲਾਈ ਸਟੀਵਨਸਨ ਨੂੰ ਚਾਰ ਸਾਲਾਂ ਵਿਚ ਦੂਜੀ ਵਾਰ ਹਰਾਇਆ ਸੀ।

 2024 ਦਾ ਇਹ ਜਮਹੂਰੀ ਮੁਕਾਬਲਾ 2020 ਦੇ ਮੁਕਾਬਲੇ ਨਾਲੋਂ ਬਹੁਤ ਵੱਖਰਾ ਹੋਵੇਗਾ ਕਿਉਂਕਿ ਇਸ ਸਮੇਂ ਟਰੰਪ ਨੂੰ 90 ਤੋਂ ਵੱਧ ਅਪਰਾਧਿਕ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹੀਨੇ ਦੇ ਅੰਤ ਵਿਚ ਉਹ ਪਹਿਲੇ ਅਮਰੀਕੀ ਸਾਬਕਾ ਰਾਸ਼ਟਰਪਤੀ ਬਣ ਜਾਣਗੇ ਜਿਨ੍ਹਾਂ ਖਿਲਾਫ਼ ਕਿਸੇ ਫ਼ੌਜਦਾਰੀ ਕੇਸ ਦਾ ਮੁਕੱਦਮਾ ਚਲਾਇਆ ਜਾਵੇਗਾ। ਟਰੰਪ ’ਤੇ ਦੋਸ਼ ਹੈ ਕਿ ਉਨ੍ਹਾਂ ਇਕ ਪੋਰਨ ਸਟਾਰ ਨੂੰ ਨਾਜਾਇਜ਼ ਪੈਸੇ ਦੀ ਅਦਾਇਗੀ ਕਰਨ ਲਈ ਝੂਠੇ ਕਾਰੋਬਾਰੀ ਕਾਗਜ਼ਾਤ ਤਿਆਰ ਕਰਵਾਏ ਸਨ। ਜ਼ਾਹਿਰ ਹੈ ਕਿ ਇਕ ਪਾਸੇ ਟਰੰਪ ਦੀਆਂ ਕਾਨੂੰਨੀ ਲੜਾਈਆਂ ਚੱਲਣਗੀਆਂ ਤੇ ਦੂਜੇ ਪਾਸੇ ਚੁਣਾਵੀ ਮੁਹਿੰਮ। ਇਸ ਲਈ ਉਹ ਵੋਟਾਂ ਹਾਸਲ ਕਰਨ ਲਈ ਆਪਣੇ ਆਪ ਨੂੰ ਪੀੜਤ ਵਜੋਂ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦੇਣਗੇ।

ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਅਮਰੀਕੀ ਵੋਟਰ ਉਮੀਦਵਾਰ ਦੀ ਚੋਣ ਕਰਨਗੇ । ਸੱਜਰੇ ਚੋਣ ਸਰਵੇਖਣ ਤੋਂ ਦੇਸ਼ ਦੇ ਸਿਆਸੀ ਮਿਜ਼ਾਜ ਦੀ ਝਲਕ ਮਿਲਦੀ ਹੈ। ਇਸ ਸਰਵੇਖਣ ਵਿਚ ਸ਼ਾਮਲ 36 ਫ਼ੀਸਦ ਲੋਕਾਂ ਨੇ ਕਿਹਾ ਹੈ ਕਿ ਉਹ ਟਰੰਪ ’ਤੇ ਭਰੋਸਾ ਕਰਦੇ ਹਨ ਤੇ 33 ਫ਼ੀਸਦ ਲੋਕਾਂ ਨੇ ਬਾਇਡਨ ’ਤੇ ਭਰੋਸਾ ਦਰਸਾਇਆ ਹੈ। ਉਂਝ, ਹਰ ਪੰਜਾਂ ਵਿਚੋਂ ਇਕ ਸ਼ਖ਼ਸ ਜਾਂ ਕਹੋ ਕਿ 20 ਫ਼ੀਸਦ ਲੋਕਾਂ ਨੇ ਬਾਇਡਨ ਅਤੇ ਟਰੰਪ, ਦੋਵਾਂ ਨੂੰ ਰੱਦ ਕੀਤਾ ਹੈ। ਆਸਾਰ ਹਨ ਕਿ 2024 ਦੀ ਰਾਸ਼ਟਰਪਤੀ ਦੀ ਚੋਣ ਦਾ ਫ਼ੈਸਲਾ ਕਰਨ ਵਿਚ ਇਨ੍ਹਾਂ ਵੋਟਰਾਂ ਦਾ ਰੁਖ਼ ਅਹਿਮ ਭੂਮਿਕਾ ਨਿਭਾਅ ਸਕਦਾ ਹੈ।