ਅੱਜ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਪੰਜ ਸਿੰਘਾਂ ਵੱਲੋਂ ਪੰਥਕ ਰਿਵਾਇਤ ਅਨੁਸਾਰ ਸੋਧਿਆ ਗਿਆ ਗੁਰਮਤਾ

ਅੱਜ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਪੰਜ ਸਿੰਘਾਂ ਵੱਲੋਂ ਪੰਥਕ ਰਿਵਾਇਤ ਅਨੁਸਾਰ ਸੋਧਿਆ ਗਿਆ ਗੁਰਮਤਾ

ਗੁਰਮਤਾ ਸੰਸਥਾ ਮੁਤਾਬਕ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਨਿਸ਼ਕਾਮ ਅਤੇ ਖੁਦ ਮੁਖਤਿਆਰ ਜਥਾ ਸਿਰਜਿਆ ਜਾਵੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਆਨੰਦਪੁਰ ਸਾਹਿਬ: ਅੱਜ ਮਿਤੀ ੧੪ ਹਾੜ ੫੫੫ ਨਾਨਕਸ਼ਾਹੀ ਮੁਤਾਬਿਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਪੰਥ ਵਿੱਚ ਕਾਰਜਸ਼ੀਲ ਵੱਖ ਵੱਖ ਜਥਿਆਂ, ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਪ੍ਰਾਪਤ ਕਰਨ ਉਪਰੰਤ ਇਹ ਗੁਰਮਤਾ ਕੀਤਾ ਗਿਆ ਕਿ ਖਾਲਸਾ ਪੰਥ ਮੌਜੂਦਾ ਪ੍ਰਬੰਧ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਤੰਤਰ ਸਰਵਉਚ ਅਤੇ ਸਮੁੱਚੇ ਖਾਲਸਾ ਪੰਥ ਦੀ ਸ਼ਮੂਲੀਅਤ ਸਹਿਤ ਅਮਲ ਕਰਨ ਤੋਂ ਅਸਮਰਥ ਵੇਖਦਿਆਂ ਮੌਜੂਦਾ ਪ੍ਰਬੰਧ ਨੂੰ ਰੱਦ ਕਰਦਾ ਹੈ। ਮੌਜੂਦਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਜਾਂਦੀ ਹੈ ਜੋ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਨਿਆਵੀ ਤਖ਼ਤ ਦੇ ਅਧੀਨ ਕਰਨ ਦੀ ਪ੍ਰਕਿਰਿਆ ਹੈ। ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਅਤੇ ਸਰਵਉਚਤਾ ਸਥਾਪਿਤ ਨਹੀਂ ਹੁੰਦੀ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਮੁੱਚੇ ਖਾਲਸਾ ਪੰਥ ਦੀ ਸ਼ਮੂਲੀਅਤ ਵਾਲਾ ਧੁਰਾ ਬਣਦਾ ਹੈ। ਇਸ ਲਈ ਇਸ ਪ੍ਰਬੰਧ ਨੂੰ ਰੱਦ ਕਰਕੇ ਬਦਲਵੇਂ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਇੱਕ ਨਿਸ਼ਕਾਮ ਅਤੇ ਖੁਦ ਮੁਖਤਿਆਰ ਜਥਾ ਸਿਰਜਿਆ ਜਾਵੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਾ ਸੰਸਥਾ ਮੁਤਾਬਕ ਕਰੇ।

ਤਖਤ ਸਾਹਿਬ ਦੇ ਪ੍ਰਬੰਧਕ ਅਕਾਲੀ ਜਥੇ ਦੀਆਂ ਸਖਸ਼ੀਅਤਾਂ ਵਿਚ ਹੇਠ ਲਿਖੀਆਂ ਸਿਫਤਾਂ ਹੋਣੀਆਂ ਜਰੂਰੀ ਹਨ :
- ਗੁਰੂ ਕੇ ਲੰਗਰ ਵਿਚੋਂ ਪ੍ਰਸ਼ਾਦਾ ਛਕਣ ਅਤੇ ਸੰਗਤ ਵਲੋਂ ਬਖਸ਼ੇ ਸਿਰੋਪਾ ਸਾਹਿਬ ਨਾਲ ਸੰਤੁਸ਼ਟ ਹੋਣ।
 - ਜੀਵਨ ਵਿਚ ਪਵਿਤਰਤਾ ਹੋਵੇ ਭਾਵ ਰਹਿਤ ਵਿਚ ਪਰਪਕਤਾ ਹੋਵੇ। ਨਾਮ ਬਾਣੀ ਦਾ ਅਭਿਆਸੀ ਹੋਵੇ।
- ਨਿਰਭਉ ਨਿਰਵੈਰ ਵਿਚਰਣ ਵਾਲਾ ਹੋਵੇ।
- ਸੇਵਾ, ਸੰਗਰਾਮ ਅਤੇ ਗੁਰਮਤਿ ਪਰਚਾਰ ਆਦਿ ਪੰਥਕ ਕਾਰਜਾਂ ਵਿਚ ਬੇਗਰਜ, ਨਿਸ਼ਕਾਮ ਹੋ ਕੇ ਵਿਚਰਣ ਵਾਲਾ ਹੋਵੇ। ਗੁਰਮਤਿ ਅਤੇ ਸਿੱਖ ਤਵਾਰੀਖ ਦਾ ਜਾਣੂ ਹੋਵੇ। 
- ਪੂਰਨ ਰੂਪ ਵਿਚ ਤਿਆਗੀ ਬਿਰਤੀ ਦਾ ਹੋਵੇ ਭਾਵ ਧੰਨ, ਪਦਾਰਥ ਜਾਂ ਜਾਇਦਾਦ ਦਾ ਦਾਵਾ ਨਾ ਰਖਦਾ ਹੋਵੇ।
- ਆਪਣੀ ਪਰਿਵਾਰਕ ਅਤੇ ਕਿੱਤੇ ਦੀ ਪੇਸ਼ਾਵਰ ਜਿੰਮੇਵਾਰੀ ਤੋਂ ਪੂਰਨ ਰੂਪ ਵਿਚ ਮੁਕਤ ਹੋਵੇ।
- ਕਿਸੇ ਦੁਨਿਆਵੀ ਰਾਜਸੀ ਪਰੰਬਧ ਵਿਚ ਅਹੁਦੇਦਾਰ ਬਣਨ ਦਾ ਇਛੁਕ ਨਾ ਹੋਵੇ।
- ਪੱਛਮੀ ਤਰਜ ਉਤੇ ਚਲ ਰਹੀਆਂ ਗੁਰਦੁਆਰਾ ਪਰਬੰਧਕ ਕਮੇਟੀਆਂ ਦਾ ਸੁਭਾਸਦ ਨਾ ਹੋਵੇ। ਕਿਸੇ ਸੰਪਰਦਾਇ, ਸੰਸਥਾ ਜਾਂ ਜਥੇਬੰਦੀ ਦੀਆਂ ਜਿੰਮੇਵਾਰੀਆਂ ਤੋਂ ਪੂਰਨ ਰੂਪ ਵਿਚ ਮੁਕਤ ਹੋਵੇ।
- ਰਾਜਨੀਤੀ ਦਾ ਭੀ ਗਿਆਤਾ ਹੋਵੇ।
- ਕਿਸੇ ਭੀ ਦੁਨਿਆਵੀ ਰਾਜਸੀ ਹਕੂਮਤ ਜਾਂ ਕਿਸੇ ਹੋਰ ਅਦਾਰੇ ਦਾ ਨੌਕਰ ਨਾ ਹੋਵੇ।

ਸਮੁਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਤਖਤ ਸਾਹਿਬਨ ਦੇ ਪ੍ਰਬੰਧਕੀ ਜਥੇ ਦੀ ਸਖਸ਼ੀ ਤੇ ਸੰਗਤੀ ਰਹਿਤ ਅਸਲ ਪੰਥ ਅਕਾਲੀ ਚਲਦਾ ਵਹੀਰ ਜਥੇ ਦੀ ਤਰਜ ਉਤੇ ਹੋਵੇ।