ਸਿੱਖ ਕੌਮ ਦਾ ਜੁਝਾਰੂ ਸਿੰਘ ਭਾਈ ਅਵਤਾਰ ਸਿੰਘ ਖੰਡਾ ਨਹੀਂ ਰਹੇ
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਭਾਈ ਅਵਤਾਰ ਸਿੰਘ ਖੰਡਾ ਸਪੁੱਤਰ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਸਿੱਖ ਕੌਮ ਦਾ ਜੁਝਾਰੂ ਯੋਧਾ ਇੰਗਲੈਂਡ ਦੀ ਧਰਤੀ ਤੇ ਕਿਰਤ ਕਮਾਈ ਕਰਦਾ ਹੋਇਆ ਕੌਮੀ ਕਾਰਜਾਂ ,ਕੌਮੀ ਘਰ ਦੀ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲਾ ਸਿੱਖ ਨੌਜਵਾਨ ਪੰਥ ਅਤੇ ਪਰਿਵਾਰ ਨੂੰ ਅਚਾਨਕ ਸਦੀਵੀ ਵਿਛੌੜਾ ਦੇ ਗਿਆ ।
ਸਿੱਖ ਪੰਚਾਇਤ ਵੱਲੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ, ਕਿ ਹਰ ਪਲ ਕੌਮੀ ਘਰ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣ ਵਾਲੇ ਨੌਜਵਾਨ ਸਿੱਖ ਆਗੂ ਭਾਈ ਅਵਤਾਰ ਸਿੰਘ ਖੰਡਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ।ਬੇ ਵਕਤ ਪੰਥ ਦਰਦੀ ਦਾ ਤੁਰ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ । ਪੰਥ ਭਾਈ ਅਵਤਾਰ ਸਿੰਘ ਖੰਡਾ ਵੱਲੋਂ ਪੰਥਕ ਸਫਾਂ ਵਿੱਚ ਨਿਭਾਈਆਂ ਸੇਵਾਵਾਂ ਲਈ ਹਮੇਸ਼ਾ ਰਿਣੀ ਰਹੇਗਾ ।
ਇਸ ਦੁੱਖ ਦੀ ਘੜੀ ਵਿੱਚ ਬ੍ਰਿਟਸ਼ ਸਿੱਖ ਕੌਂਸਲ ਦੇ ਮੁੱਖ ਜਥੇਦਾਰ ਭਾਈ ਤਰਸੇਮ ਸਿੰਘ ਦਿਓਲ ਨੇ ਕਿਹਾ ਕਿ, ਭਾਈ ਅਵਤਾਰ ਸਿੰਘ ਖੰਡਾ ਜਿਸ ਦੇ ਪਿਤਾ ਨੇ ਆਪਣਾ ਜੀਵਨ ਕੋਮ ਤੋ ਨਿਸ਼ਾਵਰ ਕਰ ਗਿਆ । ਮਾਤਾ ਜਿਸ ਨੇ ਅੱਜ ਤੱਕ ਪੁਲੀਸ ਦੇ ਤਸੀਹੇ ਸਹੇ । ਭਾਈ ਅਵਤਾਰ ਸਿੰਘ ਖੰਡਾ ਯੂ ਕੇ ਦੇ ਨੋਜੁਵਾਨਾ ਦੇ ਅੱਗੇ ਹੋ ਕੇ ਸੇਵਾ ਕਰਨ ਵਾਲਾ , ਹਮੇਸ਼ਾ ਸਿੱਖ ਕੌਮ ਵਾਸਤੇ ਕੁਰਬਾਨੀ ਤੱਕ ਕਰਨ ਵਾਸਤੇ ਤੱਤਪਰ ਰਹਿਣ ਵਾਲਾ ਅੱਜ ਸਾਡੇ ਵਿੱਚ ਨਹੀ ਰਹਿਆ । ਜਦੋ ਵੀ ਮਿਲਣਾ ਜੱਫੀ ਪਾ ਕੇ ਬਹੁਤ ਹੀ ਪਿਆਰ ਨਾਲ ਮਿਲਣਾ । ਬਹੁਤ ਹੀ ਹੋਣਹਾਰ ਸਿੱਖ ਕੌਮ ਦਾ ਹੀਰਾ ਸੀ । ਅਜੇ ਪਿਛਲੇ ਹਫਤੇ ਉਸ ਦੀ ਗ੍ਰਹਿਸਤੀ ਜੀਵਨ ਵਾਸਤੇ ਮਨ ਹੀ ਮਨ ਵਿਚ ਮੈ ਚਿੰਤਤ ਸੀ । ਪਰ ਪਤਾ ਨਹੀਂ ਸੀ , ਉਸ ਦਾ ਵਿਆਹ ਲਾੜੀ ਮੌਤ ਨਾਲ ਤਹਿ ਹੋ ਚੁੱਕਾ ਸੀ । ਖੰਡਾ ਸਾਹਿਬ ਦਾ ਪੂਰਾ ਹੋਣਾ ਇਕ ਸਰੀਰਕ ਬੀਮਾਰੀ ਸੀ ਜਿਸ ਦਾ ਅਚਨਚੇਤ ਪਤਾ ਲੱਗਾ । ਜਿਸ ਦੇ ਇਲਾਜ ਤੋਂ ਬਹੁਤ ਦੇਰੀ ਹੋ ਚੁੱਕੀ ਸੀ ।ਸਿੱਖ ਕੌਮ ਉੱਨਾਂ ਨੂੰ ਹਮੇਸ਼ਾ ਆਪਣੇ ਚੇਤਿਆਂ ਦੇ ਭਾਗ ਦਾ ਹਿਸਾ ਬਣਾ ਕੇ ਰੱਖੇਗੀ।
ਦੱਸਣਯੋਗ ਹੈ ਕਿ ਇੰਗਲੈਂਡ ਵਾਸੀ ਸਿੱਖ ਨੌਜਵਾਨ ਸ. ਅਵਤਾਰ ਸਿੰਘ ਖੰਡਾ ਪਿਛਲੇ ਕੁਝ ਦਿਨ ਤੋਂ ਆਈਸੀਯੂ 'ਚ ਸੀ। ਜਾਣਕਾਰੀ ਮੁਤਾਬਕ ਉਹਨਾਂ ਦੇ ਵਾਈਟ ਸੈੱਲ ਵਧੇ ਸਨ ਤੇ ਉਹਨਾਂ ਨੂੰ ਵੈਂਟੀਲੇਟਰ 'ਤੇ ਲਾਇਆ ਹੋਇਆ ਸੀ।
ਅਵਤਾਰ ਸਿੰਘ ਖੰਡਾ ਦੀ ਸਵਰਗਵਾਸੀ ਦੀਪ ਸਿੱਧੂ ਨਾਲ ਵੀ ਨੇੜਤਾ ਸੀ ਤੇ ਅੰਮ੍ਰਿਤਪਾਲ ਸਿੰਘ ਨਾਲ ਵੀ। ਅੰਮ੍ਰਿਤਪਾਲ ਸਿੰਘ ਜਦੋਂ ਰੂਪੋਸ਼ ਹੋ ਗਿਆ ਸੀ ਤਾਂ ਖੰਡੇ ਦੀ ਭੈਣ ਅਤੇ ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਰੱਖਿਆ ਸੀ। ਕੌਮ ਦੇ ਇਨ੍ਹਾਂ ਜੁਝਾਰੂ ਸਿੰਘਾਂ ਦਾ ਸਮੇਂ ਤੋਂ ਪਹਿਲਾਂ ਤੁਰ ਜਾਣਾ ਸਿੱਖ ਕੌਮ ਤੇ ਪੰਥ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਅਦਾਰਾ ਅੰਮ੍ਰਿਤਸਰ ਟਾਈਮਜ਼ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਜੂਝਾਰੂ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ।
Comments (0)