ਭਾਰਤ ਸਰਕਾਰ ਕੈਨੇਡਾ ਤੇ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਤੋਂ ਔਖਾ

ਭਾਰਤ ਸਰਕਾਰ ਕੈਨੇਡਾ ਤੇ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਤੋਂ ਔਖਾ

*ਐਨ.ਆਈ.ਏ ਲੰਡਨ ਵਿਖੇ ਭਾਰਤੀ ਹਾਈ ਕਮਿਸ਼ਨ ਵਿਚ ਪ੍ਰਦਰਸ਼ਨ ਕਰਨ ਵਾਲਿਆਂ ਉਪਰ ਸਖਤ ਨਜ਼ਰ ਰਖਣ ਲਗੀ

ਟਰਾਟੋਂ: ਖਾਲਿਸਤਾਨ ਦੇ ਮੁੱਦੇ 'ਤੇ ਕੈਨੇਡੀਅਨ ਸਰਕਾਰ ਦੀ ਚੁੱਪ ਤੋਂ ਮੋਦੀ ਸਰਕਾਰ ਔਖੀ ਹੈ। ਹਾਲ ਹੀ ਵਿੱਚ ਬਰੈਂਪਟਨ ਸ਼ਹਿਰ ਵਿੱਚ ਮਰਹੂਮ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਭਾਰਤ ਸਰਕਾਰ ਨੂੰ ਪਰੇਸ਼ਾਨ ਕਰਨ ਵਾਲੀ ਝਾਕੀ ਪਰੇਡ ਵਿਚ ਦਿਖਾਈ ਗਈ, ਜੋ ਕੈਨੇਡਾ ਵਿੱਚ ਖਾਲਿਸਤਾਨੀਆਂ ਦੇ ਵਧ ਰਹੇ ਪ੍ਰਭਾਵ ਨੂੰ ਸਪਸ਼ਟ ਰੂਪ ਵਿੱਚ ਉਜਾਗਰ ਕਰਦੀ ਹੈ। ਹਾਲਾਂ ਕਿ ਆਮ ਸੰਗਤ ਤੇ ਸ੍ਰੋਮਣੀ ਕਮੇਟੀ ਇਸ ਝਾਕੀ ਨੂੰ ਸਹੀ ਤੇ ਸਿਖ ਇਤਿਹਾਸ ਅਨੁਸਾਰ ਮੰਨ ਰਹੀ ਹੈ।

ਦੂਸਰੇ ਪਾਸੇ ਭਾਰਤ ਸਰਕਾਰ ਕਈ ਕੈਨੇਡੀਅਨ ਸਿਆਸਤਦਾਨਾਂ 'ਤੇ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਖਾਲਿਸਤਾਨੀ ਵੱਖਵਾਦੀਆਂ ਅੱਗੇ ਝੁਕਣ ਦੇ ਦੋਸ਼ ਲਗਾ ਚੁਕੀ ਹੈ। 

ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਹਾਲ ਹੀ ਵਿਚ ਭਾਰਤ 'ਤੇ 'ਦਖਲਅੰਦਾਜ਼ੀ' ਦਾ ਦੋਸ਼ ਲਗਾਇਆ ਸੀ। ਉਹਨਾਂ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ ਸੰਵਿਧਾਨਕ ਅਜ਼ਾਦੀ ਤੋਂ ਬਾਹਰ ਨਹੀਂ ਜਾ ਸਕਦੀ। ਭਾਰਤ ਸਰਕਾਰ ਕੈਨੇਡਾ ਸਰਕਾਰ ਨੂੰ ਆਰਥਿਕ ਸੰਬੰਧ ਤੋੜਨ ਦੀਆਂ ਧਮਕੀਆਂ ਦੇ ਚੁਕੀ ਹੈ ਪਰ ਕੈਨੇਡਾ ਸਰਕਾਰ ਭਾਰਤ ਦੀ ਪਰਵਾਹ ਨਹੀਂ ਕਰ ਰਹੀ।ਸਿੱਖ ਡਾਇਸਪੋਰਾ, ਜੋ ਕਿ ਕੈਨੇਡਾ ਦੀ ਕੁੱਲ ਆਬਾਦੀ ਦਾ 2.1 ਪ੍ਰਤੀਸ਼ਤ ਹੈ, ਕੈਨੇਡੀਅਨ ਸਮਾਜ ਅਤੇ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡੀਅਨ ਸਿੱਖ ਜਗਮੀਤ ਸਿੰਘ ਖੱਬੇ ਪੱਖੀ ਨਿਊ ਡੈਮੋਕਰੇਟਿਕ ਪਾਰਟੀ ਆਫ ਕੈਨੇਡਾ ਦੇ ਮੁਖੀ ਹਨ। ਸਿਆਸੀ ਲੈਂਡਸਕੇਪ 'ਤੇ ਭਾਈਚਾਰੇ ਦਾ ਸੰਭਾਵੀ ਪ੍ਰਭਾਵ ਮਹੱਤਵਪੂਰਨ ਹੈ, ਜੋ ਕਿ ਭਾਰਤ ਸਰਕਾਰ ਲਈ ਚਿੰਤਾ ਦਾ ਕਾਰਣ ਬਣਿਆ ਹੋਇਆ ਹੈ।

ਲੰਡਨ ਵਿਚ ਖਾਲਿਸਤਾਨੀਆਂ ਉਤੇ ਨਜ਼ਰ

 ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਆਮ ਜਨਤਾ ਤੋਂ ਉਹਨਾਂ ਖਾਲਿਸਤਾਨੀਆਂ ਦੀ ਪਛਾਣ ਕਰਨ ਲਈ ਮਦਦ ਮੰਗੀ ਹੈ, ਜਿਨ੍ਹਾਂ ਇਸ ਸਾਲ ਮਾਰਚ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਹਿੰਸਕ ਪ੍ਰਦਰਸ਼ਨ ਕਰਦਿਆਂ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਸੀ । ਐਨ.ਆਈ.ਏ. ਦੇ ਬੁਲਾਰੇ ਨੇ ਜਾਂਚ ਏਜੰਸੀ ਦੇ ਟਵਿੱਟਰ ਹੈਂਡਲ 'ਤੇ 19 ਮਾਰਚ ਨੂੰ ਲੰਡਨ ਵਿਚ ਵਾਪਰੀ ਇਸ ਘਟਨਾ ਦੀਆਂ 5 ਵੀਡੀਓਜ਼ ਦੇ ਲਿੰਕ ਪੋਸਟ ਕਰਕੇ ਲੋਕਾਂ ਨੂੰ ਫੁੱਟੇਜ ਵਿਚ ਵਿਖਾਈ ਦੇਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਜਾਂਚ ਏਜੰਸੀ ਨੂੰ ਦੇਣ ਦੀ ਅਪੀਲ ਕੀਤੀ ਹੈ ।ਐਨ.ਆਈ.ਏ. ਨੇ ਉਕਤ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਤੋਂ ਆਪਣੇ ਹੱਥ ਲੈ ਲਈ ਹੈ । ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੇ ਵਿਰੋਧ ਵਿਚ ਕੁਝ ਸਿਖਾਂ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਪ੍ਰਦਰਸ਼ਨ ਕਰਦਿਆਂ ਤਿਰੰਗੇ ਝੰਡੇ ਨੂੰ ਹੇਠਾਂ ਉਤਾਰ ਦਿੱਤਾ ਸੀ |